Join WhatsApp

Join Now

Punjab News: 9ਵੀਂ ਜਮਾਤ ਦੇ ਵਿਦਿਆਰਥੀ ਦੀ ਪਟਾਕੇ ਚਲਾਉਂਦੇ ਸਮੇਂ ਹੋਈ ਮੌਤ

On: November 9, 2026 8:02 PM

 

Punjab News: 9ਵੀਂ ਜਮਾਤ ਦੇ ਵਿਦਿਆਰਥੀ ਦੀ ਪਟਾਕੇ ਚਲਾਉਂਦੇ ਸਮੇਂ ਹੋਈ ਮੌਤ

ਦੀਵਾਲੀ ਦੀ ਰਾਤ ਵਾਪਰੀ ਦੁਖਦਾਈ ਘਟਨਾ: ਜਗਰਾਉਂ ਨੇੜਲੇ ਕਸਬੇ ਸੁਧਾਰ ‘ਚ ਵਾਪਰਿਆ ਵੱਡਾ ਹਾਦਸਾ, ਆਰਤੀ ਸਟੋਰ ਦੇ ਮਾਲਕ ਦੇ ਪੋਤਰੇ ਦੀ ਜਾਨਲੇਵਾ ਪਟਾਕੇ ਨਾਲ ਗਈ ਜਾਨ

ਗੁਰੂਸਰ ਸੁਧਾਰ (ਜਗਰਾਉਂ), 9 ਨਵੰਬਰ 2026- ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਗ਼ਮ ‘ਚ ਬਦਲ ਗਈਆਂ, ਜਦੋਂ ਇੱਥੋਂ ਦੇ ਸਥਾਨਕ ਕਸਬੇ ਵਿੱਚ ਇੱਕ ਬਹੁਤ ਹੀ ਦੁਖਦਾਈ ਅਤੇ ਦਿਲ ਕੰਬਾਊ ਹਾਦਸਾ ਵਾਪਰ ਗਿਆ। ਪ੍ਰਸਿੱਧ ਕਰਿਆਨਾ ਕਾਰੋਬਾਰੀ ਆਰਤੀ ਸਟੋਰ ਦੇ ਮਾਲਕ ਸੁਰੇਸ਼ ਕੁਮਾਰ ਮਿੱਤਲ ਦੇ ਮਾਤਰ ਸਾਢੇ 14 ਸਾਲਾ ਪੋਤਰੇ ਸਾਕੇਤ ਮਿੱਤਲ ਪੁੱਤਰ ਪ੍ਰਦੀਪ ਮਿੱਤਲ ਦੀ ਬੀਤੀ ਰਾਤ ਪਟਾਕੇ ਚਲਾਉਂਦੇ ਸਮੇਂ ਵਾਪਰੇ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਇਸ ਅਣਹੋਣੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਅਤੇ ਸੁਧਾਰ ਬਾਜ਼ਾਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਸਾਕੇਤ ਮਿੱਤਲ 9ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪੜ੍ਹਾਈ ਵਿੱਚ ਬਹੁਤ ਹੋਣਹਾਰ ਸੀ। ਬੀਤੀ ਰਾਤ ਪੂਰਾ ਪਰਿਵਾਰ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਰਿਹਾ ਸੀ ਅਤੇ ਸਾਕੇਤ ਵੀ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ। ਇਸੇ ਦੌਰਾਨ ਜਦੋਂ ਸਾਕੇਤ ਝੁਕ ਕੇ ਇੱਕ ਪਟਾਕਾ ਚਲਾਉਣ ਲੱਗਾ ਤਾਂ ਅਚਾਨਕ ਉਹ ਪਟਾਕਾ ਚੱਲ ਕੇ ਸਿੱਧਾ ਉਸ ਦੇ ਗਲੇ ਅਤੇ ਧੌਣ ‘ਚ ਜਾ ਵੱਜਾ। ਪਟਾਕੇ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਾਕੇਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਹ ਬੱਚਾ ਜ਼ਿੰਦਗੀ ਦੀ ਜੰਗ ਹਾਰ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਨਾਲ ਘਰ ਵਿੱਚ ਚੀਕ-ਚਿਸਾਰ ਮਚ ਗਿਆ। ਸਾਕੇਤ ਮਿੱਤਲ ਦੀ ਅਚਾਨਕ ਅਤੇ ਦਰਦਨਾਕ ਮੌਤ ਦੀ ਖ਼ਬਰ ਫੈਲਦਿਆਂ ਹੀ ਗੁਰੂਸਰ ਸੁਧਾਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਮਾਤਮ ਛਾ ਗਿਆ।

ਕਸਬਾ ਸੁਧਾਰ ਦੇ ਸਮੂਹ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ। ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਪਾਰਕ ਸ਼ਖ਼ਸੀਅਤਾਂ ਨੇ ਇਸ ਅਤਿ ਦੁੱਖ ਦੀ ਘੜੀ ਵਿੱਚ ਮਿੱਤਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਰਿਆਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਇਸ ਦੁਖਦਾਈ ਘਟਨਾ ਨੇ ਇੱਕ ਵਾਰ ਫਿਰ ਤੋਂ ਪਟਾਕੇ ਚਲਾਉਣ ਸਮੇਂ ਵਰਤੀ ਜਾਣ ਵਾਲੀ ਸਾਵਧਾਨੀ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਸਥਾਨਕ ਲੋਕਾਂ ਅਤੇ ਸਮਾਜ ਸੇਵੀਆਂ ਨੇ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਿਆ ਜਾਵੇ ਜਾਂ ਫਿਰ ਵੱਡਿਆਂ ਦੀ ਦੇਖ-ਰੇਖ ਹੇਠ ਹੀ ਪਟਾਕੇ ਚਲਾਉਣ ਦਿੱਤੇ ਜਾਣ, ਤਾਂ ਜੋ ਅਜਿਹੇ ਭਿਆਨਕ ਹਾਦਸਿਆਂ ਤੋਂ ਬਚਿਆ ਜਾ ਸਕੇ।

 

Leave a Comment