ਰਾਜਪਾਲ ਨੂੰ PPSC ਭਰਤੀ ‘ਚ ਕਥਿਤ ਘੁਟਾਲੇ ਦੀ CBI ਜਾਂਚ ਕਰਵਾਉਣ ਦੀ ਅਕਾਲੀ ਦਲ ਵੱਲੋਂ ਅਪੀਲ
ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਭਾਵਤ ਉਮੀਦਵਾਰਾਂ ਦੇ ਨਾਲ ਰਾਜਪਾਲ ਨਾਲ ਮੁਲਾਕਾਤ
ਕਮਿਸ਼ਨ ਦੇ ਚੇਅਰਮੈਨ ਨੂੰ ਹਟਾਉਣ ਅਤੇ ਪੀ ਸੀ ਐਸ 2025 ਦੀ ਪ੍ਰੀਖਿਆ ਦੀ ਭਰਤੀ ਕਾਰਵਾਈ ਰੋਕਣ ਦੀ ਕੀਤੀ ਮੰਗ
ਚੰਡੀਗੜ੍ਹ, 12 ਨਵੰਬਰ 2026: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪੁਬਲਿਕ ਸਰਵਿਸ ਕਮਿਸ਼ਨ (ਪੀ ਪੀ ਐਸ ਸੀ) ਦੇ ਭਰਤੀ ਘੁਟਾਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ, ਇਸਦੇ ਚੇਅਰਮੈਨ ਤੇ ਸਕੱਤਰਾਂ ਨੂੰ ਹਟਾਉਣ ਅਤੇ ਭਰਤੀ ਪ੍ਰਕਿਰਿਆ ’ਤੇ ਤੁਰੰਤ ਰੋਕ ਲਗਾਉਣ ਦੇ ਹੁਕਮ ਦੇਣ ਤਾਂ ਜੋ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਨਿਆਂ ਮਿਲ ਸਕੇ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਇਸ ਘੁਟਾਲੇ ਦੇ ਪੀੜਤ ਉਮੀਦਵਾਰਾਂ ਦੇ ਨਾਲ ਮਿਲ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ, ਨੇ ਸੰਵਿਧਾਨਕ ਦਖਲ ਦੀ ਮੰਗ ਕੀਤੀ ਤੇ ਵਿਸਥਾਰਿਤ ਮੰਗ ਪੱਤਰ ਸੌਂਪਿਆ ਜਿਸ ਵਿਚ ਪ੍ਰੀਖਿਆ ਵਿਚ ਹੋਈਆਂ ਬੇਨਿਯਮੀਆਂ ਤੇ ਹੋਏ ਪੱਖਪਾਤ ਦਾ ਵਿਸਥਾਰ ਵਿਚ ਜ਼ਿਕਰ ਕੀਤਾ ਗਿਆ ਜਿਸ ਕਾਰਨ ਵੀ ਵੀ ਆਈ ਪੀ ਲੋਕਾਂ ਦੇ ਬੱਚਿਆਂ ਦੀ ਚੋਣ ਹੋਈ।
ਇਥੇ ਪ੍ਰਭਾਵਤ ਉਮੀਦਵਾਰਾਂ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪ੍ਰੀਖਿਆ ਰੱਦ ਨਾ ਕੀਤੀ ਗਈ ਤਾਂ ਅਗਲੀ ਅਕਾਲੀ ਦਲ ਦੀ ਸਰਕਾਰ ਬੇਨਿਯਮੀਆਂ ਦੀ ਜਾਂਚ ਕਰਵਾਏਗੀ ਅਤੇ ਮੁੜ ਪ੍ਰੀਖਿਆ ਕਰਵਾਏਗੀ ਤੇ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ।
ਉਹਨਾਂ ਨੇ ਇਹ ਵੀ ਪੁੱਛਿਆ ਕਿ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਪ੍ਰਭਾਵਤ ਉਮੀਦਵਾਰਾਂ ਦੀ ਮਦਦ ਵਾਸਤੇ ਕਿਉਂ ਨਹੀਂ ਨਿਤਰ ਰਹੀ? ਜਦੋਂ ਕਿ ਉਮੀਦਵਾਰਾਂ ਨੇ ਇਸਦੇ ਲੀਡਰਾਂ ਕੋਲ ਪਹੁੰਚ ਕੀਤੀ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸੀ ਜੇ ਪੀ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਰਲੀ ਹੋਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ PCS ਮੇਨ ਪ੍ਰੀਖਿਆ, ਜਿਸਦਾ ਨਤੀਜਾ 4 ਨਵੰਬਰ 2026 ਨੂੰ ਐਲਾਨਿਆ ਗਿਆ, ਵਿਚ ਸਫਲ ਉਮੀਦਵਾਰਾਂ ਬਾਰੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿਉਂਕਿ ਇਹਨਾਂ ਵਿਚ ਸੀਨੀਅਰ ਅਫਸਰਸ਼ਾਹਾਂ, ਪੁਲਿਸ ਅਫਸਰਾਂ ਤੇ ਸੱਤਾਧਾਰੀ ਦੇ ਅਹੁਦੇ ਦੇ ਬੱਚੇ ਸਫਲ ਵਿਖਾਏ ਗਏ ਹਨ।
ਬਾਦਲ ਨੇ ਕਿਹਾ ਕਿ ਪੀ ਪੀ ਐਸ ਸੀ ਨੇ ਤਾਂ ਸਾਰੇ ਘੁਟਾਲੇ ’ਤੇ ਪਰਦਾ ਪਾਉਣ ਦਾ ਯਤਨ ਕੀਤਾ ਤੇ ਚੁਣੇ ਗਏ ਉਮੀਦਵਾਰਾਂ ਦੇ ਨਾਮ ਦਾ ਖੁਲ੍ਹਾਸਾ ਨਹੀਂ ਕੀਤਾ ਤੇ ਸਿਰਫ ਰੋਲ ਨੰਬਰ ਹੀ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਰਾਜਪਾਲ ਨੇ ਵੀ ਇਹਨਾਂ ਖੁਲ੍ਹਾਸਿਆਂ ’ਤੇ ਹੈਰਾਨੀ ਪ੍ਰਗਟ ਕਰਦਿਆਂ ਮਾਮਲੇ ਦੀ ਘੋਖ ਦਾ ਭਰੋਸਾ ਦਿੱਤਾ ਹੈ। ਅਕਾਲੀ ਦਲ ਵੱਲੋਂ ਰਾਜਪਾਲ ਨੂੰ ਦਿੱਤੇ ਮੰਗ ਪੱਤਰ ਵਿਚ ਦੱਸਿਆ ਗਿਆ ਕਿ ਕਿਵੇਂ ਪੀ ਸੀ ਐਸ 2025 ਦੀ ਸਾਰੀ ਪ੍ਰੀਖਿਆ ਦੀ ਪ੍ਰਕਿਰਿਆ ਵਿਚ ਹੀ ਘੁਟਾਲਾ ਹੈ।
ਉਹਨਾਂ ਕਿਹਾ ਕਿ ਨਾ ਤਾਂ ਬਿਨੈਪੱਤਰ ਫਾਰਮਾਂ ਦੀ ਘੋਖ ਕੀਤੀ ਗਈ, ਨਾ ਹੀ 10ਵੀਂ ਤੱਕ ਪੰਜਾਬੀ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਣ ਦੀ ਘੋਖ ਕੀਤੀ ਗਈ। ਇਹ ਵੀ ਦੱਸਿਆ ਗਿਆ ਕਿ ਕਿਵੇਂ ਅਯੋਗ ਅਧਿਆਪਕਾਂ ਜਿਹਨਾਂ ਨੇ ਯੂ ਜੀ ਸੀ ਨੈਟ ਪ੍ਰੀਖਿਆ ਪਾਸ ਨਹੀਂ ਕੀਤੀ ਤੋਂ ਉੱਤਰ ਕਾਪੀਆਂ ਦਾ ਮੁਲਾਂਕਣ ਕਰਵਾਇਆ ਗਿਆ।
ਮੰਗ ਪੱਤਰ ਵਿਚ ਇਹ ਵੀ ਦੱਸਿਆ ਗਿਆ ਕਿ ਕਿਵੇਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਉਲਟ ਜਾ ਕੇ ਅੰਕੜਿਆਂ ਦਾ ਹੇਰ ਫੇਰ ਹੋਇਆ ਤੇ ਸਾਰੀ ਪ੍ਰਕਿਰਿਆ ਵਿਚ ਘੁਟਾਲਾ ਹੋਇਆ ਤੇ ਕਿਵੇਂ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਨੇ ਪੇਪਰ ਪਾਸ ਕੀਤੇ। ਇਹ ਵੀ ਦੱਸਿਆ ਗਿਆ ਕਿ ਇਕ-ਇਕ ਕੇਂਦਰ ਵਿਚ 24-24 ਫੀਸਦੀ ਉਮੀਦਵਾਰ ਪਾਸ ਦਰਸਾਏ ਗਏ। ਇਸ ਤੋਂ ਇਲਾਵਾ ਪ੍ਰੀਖਿਆ ਵਿਚ ਵਿਦਿਆਰਥੀਆਂ ਦੇ ਬੈਠਣ ਦੇ ਕ੍ਰਮ ਵਿਚ ਵੀ ਘੁਟਾਲਾ ਹੋਇਆ ਤੇ ਸਰੀਰਕ ਤੌਰ ’ਤੇ ਅਪੰਗ ਵਿਅਕਤੀਆਂ ਲਈ ਬਣੇ ਵਿਸ਼ੇਸ਼ ਪ੍ਰੀਖਿਆ ਕੇਂਦਰ ਵਿਚ ਜਨਰਲ ਕੈਟਾਗਿਰੀ ਉਮੀਦਵਾਰ ਬਿਠਾਏ ਗਏ।
ਇਸ ਦੌਰਾਨ ਪ੍ਰਭਾਵਤ ਉਮੀਦਵਾਰਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਵੱਖ-ਵੱਖ ਕੇਂਦਰਾਂ ’ਤੇ ਖੁੱਲ੍ਹੇ ਜਾਂ ਅਣਸੀਲ ਕੀਤੇ ਪ੍ਰਸ਼ਨ ਪੱਤਰ ਮਿਲੇ। ਉਹਨਾਂ ਜ਼ੋਰ ਦੇ ਕੇ ਦੱਸਿਆ ਕਿ ਕਈ ਉਮੀਦਵਾਰ ਜੋ ਪ੍ਰੀਖਿਆ ਵਿਚ ਗੈਰ ਹਾਜ਼ਰ ਸਨ ਨੂੰ ਨਤੀਜਿਆਂ ਵਿਚ ਸਫਲ ਵੀ ਕਰਾਰ ਦਿੱਤਾ ਗਿਆ ਹੈ।
ਅਕਾਲੀ ਦਲ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਇਸ ਭਰਤੀ ਘੁਟਾਲੇ ਦੇ ਖਿਲਾਫ ਸੂਬੇ ਭਰ ਵਿਚ ਰੋਸ ਮੁਜ਼ਾਹਰੇ ਤੇ ਪ੍ਰਦਰਸ਼ਨ ਹੋ ਰਹੇ ਹਨ ਤੇ ਤਿੰਨ ਲੱਖ ਉਮੀਦਵਾਰ ਤੇ ਉਹਨਾਂ ਦੇ ਪਰਿਵਾਰ ਇਸ ਭਾਈ ਭਤੀਜਾਵਾਦ ਕਾਰਨ ਪ੍ਰਭਾਵਤ ਹਨ। ਇਹ ਵੀ ਦੱਸਿਆ ਕਿ ਇਕ ਉਮੀਦਵਾਰ ਨੇ ਤਾਂ ਮਾਯੂਸ ਹੋ ਕੇ ਖੁਦਕੁਸ਼ੀ ਵੀ ਕਰ ਲਈ ਹੈ। ਵਫਦ ਨੇ ਮੰਗ ਕੀਤੀ ਕਿ ਜਨਤਕ ਅਦਾਰਿਆਂ ਵਿਚ ਵਿਸ਼ਵਾਸ ਬਹਾਲੀ ਵਾਸਤੇ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਸਿਰਫ ਸੀ ਬੀ ਆਈ ਜਾਂਚ ਹੀ ਸੱਚ ਸਾਹਮਣੇ ਲਿਆ ਸਕਦੀ ਹੈ।
















