IMD Weather Alert: ਪੰਜਾਬ ਦੇ 2 ਜ਼ਿਲ੍ਹਿਆਂ ‘ਚ ਮੀਂਹ ਪੈਣ ਬਾਰੇ ਅਲਰਟ ਜਾਰੀ!
ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ: ਸਰਹੱਦੀ ਜ਼ਿਲ੍ਹਿਆਂ ‘ਚ ਪੈ ਸਕਦੈ ਹਲਕਾ ਮੀਂਹ, ਤਾਪਮਾਨ ‘ਚ ਨਹੀਂ ਹੋਵੇਗੀ ਕੋਈ ਵੱਡੀ ਤਬਦੀਲੀ
ਪਠਾਨਕੋਟ ਤੇ ਹੁਸ਼ਿਆਰਪੁਰ ‘ਚ ਹਲਕੀ ਬਾਰਿਸ਼ ਦੇ ਆਸਾਰ, ਸੂਬੇ ਦੇ 7 ਜ਼ਿਲ੍ਹਿਆਂ ‘ਚ ਹਵਾ ਹੋਈ ਜ਼ਹਿਰੀਲੀ- ਪਰਾਲੀ ਦੇ ਧੂੰਏਂ ਕਾਰਨ ਲੁਧਿਆਣਾ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ
ਚੰਡੀਗੜ੍ਹ, 13 ਨਵੰਬਰ 2026: ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਮੌਸਮ ਦਾ ਮਿਜ਼ਾਜ ਆਮ ਵਾਂਗ ਸਥਿਰ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਸੂਬੇ ਦੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਫਿਲਹਾਲ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ। ਹਾਲਾਂਕਿ, ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਅੱਜ ਕਿਤੇ-ਕਿਤੇ ਬਾਰਿਸ਼ ਪੈਣ ਦੇ ਆਸਾਰ ਹਨ।
ਇਸ ਤੋਂ ਇਲਾਵਾ ਸਵੇਰ ਅਤੇ ਰਾਤ ਵੇਲੇ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ, ਕਸ਼ਮੀਰ ਅਤੇ ਇਸ ਦੇ ਆਸ-ਪਾਸ ਦੇ ਪਹਾੜੀ ਇਲਾਕਿਆਂ ਵਿੱਚ ਇੱਕ ਪੱਛਮੀ ਗੜਬੜੀ (Western Disturbance) ਸਰਗਰਮ ਹੋਈ ਹੈ।
ਇਸ ਦੇ ਪ੍ਰਭਾਵ ਸਦਕਾ ਵਾਯੂਮੰਡਲ ਦੇ ਵਿਚਕਾਰਲੇ ਹਿੱਸੇ ਵਿੱਚ ਪੱਛਮੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਬੱਦਲਵਾਈ ਅਤੇ ਹਲਕੀ ਬਾਰਿਸ਼ ਦੀ ਸਥਿਤੀ ਬਣੀ ਹੈ। 13 ਨਵੰਬਰ ਤੋਂ ਬਾਅਦ ਪੂਰੇ ਸੂਬੇ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕਿਤੇ ਵੀ ਮੀਂਹ ਦਰਜ ਨਹੀਂ ਕੀਤਾ ਗਿਆ।
ਦੂਜੇ ਪਾਸੇ, ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਹੋਇਆ ਹੈ, ਜੋ ਕਿ ਆਮ ਤਾਪਮਾਨ ਨਾਲੋਂ 1.8 ਡਿਗਰੀ ਵੱਧ ਚੱਲ ਰਿਹਾ ਹੈ। ਪੂਰੇ ਸੂਬੇ ਵਿੱਚੋਂ ਬਠਿੰਡਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਧੂੰਏਂ ਕਾਰਨ 7 ਜ਼ਿਲ੍ਹਿਆਂ ਦੀ ਹਵਾ ਹੋਈ ਪ੍ਰਦੂਸ਼ਿਤ
ਇੱਕ ਪਾਸੇ ਜਿੱਥੇ ਮੌਸਮ ਖੁਸ਼ਕ ਹੈ, ਉੱਥੇ ਹੀ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੀ ਹਵਾ ਕਾਫ਼ੀ ਪਲੀਤ ਹੋ ਗਈ ਹੈ। ਹਵਾ ਦੀ ਗੁਣਵੱਤਾ (AQI) ਦੇ ਅੰਕੜਿਆਂ ਮੁਤਾਬਕ, ਚੰਡੀਗੜ੍ਹ ਵਿੱਚ ਹਵਾ ਗੁਣਵੱਤਾ ਸੂਚਕ ਅੰਕ (AQI) 91 ਦਰਜ ਕੀਤਾ ਗਿਆ ਹੈ, ਜੋ ਕਿ ‘ਤਸੱਲੀਬਖ਼ਸ਼’ ਸ਼੍ਰੇਣੀ ਵਿੱਚ ਆਉਂਦਾ ਹੈ। ਪਰ ਪੰਜਾਬ ਦੇ ਸੱਤ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਚੰਡੀਗੜ੍ਹ ਨਾਲੋਂ ਕਿਤੇ ਜ਼ਿਆਦਾ ਖ਼ਰਾਬ ਪਾਇਆ ਗਿਆ ਹੈ।
ਸੂਬੇ ਵਿੱਚੋਂ ਸਨਅਤੀ ਸ਼ਹਿਰ ਲੁਧਿਆਣਾ ਦੀ ਹਵਾ ਸਭ ਤੋਂ ਵੱਧ ਜ਼ਹਿਰੀਲੀ ਰਹੀ, ਜਿੱਥੇ AQI 288 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਵਿੱਚ 246, ਅੰਮ੍ਰਿਤਸਰ ਵਿੱਚ 221, ਪਟਿਆਲਾ ਵਿੱਚ 211, ਖੰਨਾ ਵਿੱਚ 174, ਮੰਡੀ ਗੋਬਿੰਦਗੜ੍ਹ ਵਿੱਚ 155 ਅਤੇ ਜਲੰਧਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ 150 ਤੱਕ ਪਹੁੰਚ ਗਿਆ ਹੈ।
ਰਾਹਤ ਵਾਲੀ ਗੱਲ ਸਿਰਫ਼ ਰੂਪਨਗਰ ਜ਼ਿਲ੍ਹੇ ਲਈ ਰਹੀ, ਜਿੱਥੇ AQI 50 ਦਰਜ ਕੀਤਾ ਗਿਆ ਹੈ, ਜੋ ਕਿ ਚੰਡੀਗੜ੍ਹ ਦੇ ਮੁਕਾਬਲੇ ਵੀ 41 ਅੰਕ ਘੱਟ ਹੈ ਅਤੇ ਉੱਥੋਂ ਦੀ ਹਵਾ ਬਿਲਕੁਲ ਸਾਫ਼-ਸੁਥਰੀ ਬਣੀ ਹੋਈ ਹੈ। ਸਿਹਤ ਮਾਹਿਰਾਂ ਨੇ ਪ੍ਰਦੂਸ਼ਿਤ ਸ਼ਹਿਰਾਂ ਦੇ ਵਸਨੀਕਾਂ, ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਸਾਹ ਦੇ ਮਰੀਜ਼ਾਂ ਨੂੰ ਸਵੇਰ-ਸ਼ਾਮ ਦੀ ਸੈਰ ਵੇਲੇ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।
















