Join WhatsApp

Join Now

Big Breaking: ਮੰਤਰੀ ਖੁੱਡੀਆਂ ਦੀ ਟਿਕਟ ਕੱਟੇ ਜਾਣ ‘ਤੇ CM ਮਾਨ ਦਾ ਪਹਿਲਾ ਵੱਡਾ ਬਿਆਨ, ਕਿਹਾ…!

On: November 13, 2026 2:21 PM

 

Big Breaking: ਮੰਤਰੀ ਖੁੱਡੀਆਂ ਦੀ ਟਿਕਟ ਕੱਟੇ ਜਾਣ ‘ਤੇ CM ਮਾਨ ਦਾ ਪਹਿਲਾ ਵੱਡਾ ਬਿਆਨ, ਕਿਹਾ…!

“ਹਰ ਆਗੂ ਨੇ ਪਰਦੇ ‘ਤੇ ਨਹੀਂ ਆਉਣਾ ਹੁੰਦਾ, ਕਈ ਸੰਗਠਨ ਦੀ ਮਜ਼ਬੂਤੀ ਲਈ ਵੀ ਕੰਮ ਕਰਦੇ ਨੇ”- ਉਮੀਦਵਾਰਾਂ ਦੀ ਸੂਚੀ ‘ਤੇ ਬੋਲੇ CM ਮਾਨ: 31 ਵਿੱਚੋਂ 25 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ, ਪਾਰਟੀ ਲੱਖਾਂ ਵਰਕਰਾਂ ਦੀ ਹੈ

ਚੰਡੀਗੜ੍ਹ, 13 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟੇ ਜਾਣ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਪਣਾ ਪੱਖ ਸਪੱਸ਼ਟ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟਿਕਟਾਂ ਦੀ ਵੰਡ ਕਰਨਾ ਪਾਰਟੀ ਹਾਈਕਮਾਨ ਦਾ ਫੈਸਲਾ ਹੁੰਦਾ ਹੈ ਅਤੇ ਪਾਰਟੀ ਵਿੱਚ ਹਰ ਵਰਕਰ ਅਤੇ ਆਗੂ ਲਈ ਪਾਰਟੀ ਦਾ ਹੁਕਮ ਹੀ ਸਭ ਤੋਂ ਉੱਪਰ ਹੁੰਦਾ ਹੈ।

ਪੱਤਰਕਾਰਾਂ ਵੱਲੋਂ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਬੇਹੱਦ ਕਰੀਬੀ ਸਾਥੀ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟੇ ਜਾਣ ‘ਤੇ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਹੈ, ਤਾਂ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਸੂਬੇ ਵਿੱਚ ਵਿਧਾਨ ਸਭਾ ਦੀਆਂ ਸਿਰਫ਼ 117 ਸੀਟਾਂ ਹਨ, ਪਰ ਆਮ ਆਦਮੀ ਪਾਰਟੀ ਸਿਰਫ਼ 117 ਵਿਅਕਤੀਆਂ ਦੀ ਪਾਰਟੀ ਨਹੀਂ ਹੈ, ਸਗੋਂ ਇਹ ਲੱਖਾਂ ਮਿਹਨਤੀ ਵਰਕਰਾਂ ਦੀ ਪਾਰਟੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ, ਉਹ ਪਾਰਟੀ ਦੇ ਸੰਗਠਨ ਵਿੱਚ ਰਹਿ ਕੇ ਹੋਰ ਅਹਿਮ ਜ਼ਿੰਮੇਵਾਰੀਆਂ ਨਿਭਾਉਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਿਆਸਤ ਅਤੇ ਪਾਰਟੀ ਦੇ ਕੰਮਕਾਜ ਵਿੱਚ ਹਰ ਵਿਅਕਤੀ ਨੇ ਹਮੇਸ਼ਾ ਪਰਦੇ ਦੇ ਸਾਹਮਣੇ ਨਹੀਂ ਆਉਣਾ ਹੁੰਦਾ, ਸਗੋਂ ਬਹੁਤ ਸਾਰੇ ਆਗੂ ਅਤੇ ਵਰਕਰ ਪਰਦੇ ਦੇ ਪਿੱਛੇ ਰਹਿ ਕੇ ਵੀ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੀ ਟਿਕਟ ਕੱਟੀ ਗਈ ਹੈ, ਸਿਰਫ਼ ਉਨ੍ਹਾਂ ਦੀ ਚਰਚਾ ਕਰਨ ਦੀ ਬਜਾਏ ਪਾਰਟੀ ਵੱਲੋਂ ਐਲਾਨੇ ਗਏ ਨਵੇਂ ਉਮੀਦਵਾਰਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਐਲਾਨੀ ਗਈ 31 ਉਮੀਦਵਾਰਾਂ ਦੀ ਸੂਚੀ ਵਿੱਚੋਂ 25 ਬਿਲਕੁਲ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਹੌਸਲਾ ਅਫ਼ਜ਼ਾਈ ਹੋਣੀ ਚਾਹੀਦੀ ਹੈ।

ਆਪਣੇ ਸਿਆਸੀ ਸਫ਼ਰ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੇ ਉਨ੍ਹਾਂ ਨੂੰ ਜਲਾਲਾਬਾਦ ਹਲਕੇ ਤੋਂ ਚੋਣ ਲੜਨ ਦਾ ਆਦੇਸ਼ ਦਿੱਤਾ ਸੀ ਅਤੇ ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਉੱਥੋਂ ਚੋਣ ਲੜੀ। ਇਸੇ ਤਰ੍ਹਾਂ ਉਸ ਸਮੇਂ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਹੀਂ ਐਲਾਨਿਆ ਸੀ, ਜਿਸ ਨੂੰ ਉਨ੍ਹਾਂ ਨੇ ਖਿੜੇ ਮੱਥੇ ਸਵੀਕਾਰ ਕੀਤਾ, ਜਦਕਿ 2022 ਵਿੱਚ ਪਾਰਟੀ ਨੇ ਖ਼ੁਦ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ।

ਅੰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਸਿਆਸਤਦਾਨ ਨਹੀਂ ਹਨ ਕਿ ਜੇਕਰ ਕਿਸੇ ਨੂੰ ਟਿਕਟ ਨਾ ਮਿਲੇ ਤਾਂ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਣ। ਉਨ੍ਹਾਂ ਮੁੜ ਦੁਹਰਾਇਆ ਕਿ ਟਿਕਟਾਂ ਦਾ ਫੇਰਬਦਲ ਚੋਣ ਰਣਨੀਤੀ ਦਾ ਹਿੱਸਾ ਹੁੰਦਾ ਹੈ ਅਤੇ ਪਾਰਟੀ ਦਾ ਹਰ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੈ।

 

Leave a Comment