Join WhatsApp

Join Now

ਮਨੁੱਖਤਾ ਉਤੇ ਧਾਰਮਿਕ ਅੰਧਭਗਤੀ ਭਾਰੂ! ਪ੍ਰਸ਼ਾਦ ਜੂਠਾ ਕਰਨ ’ਤੇ ਮਾਂ ਨੇ ਮਾਸੂਮ ਧੀ ਦਾ ਕੀਤਾ ਕਤਲ

On: November 17, 2026 10:55 AM

 

ਮਨੁੱਖਤਾ ਉਤੇ ਧਾਰਮਿਕ ਅੰਧਭਗਤੀ ਭਾਰੂ! ਪ੍ਰਸ਼ਾਦ ਜੂਠਾ ਕਰਨ ’ਤੇ ਮਾਂ ਨੇ ਮਾਸੂਮ ਧੀ ਦਾ ਕੀਤਾ ਕਤਲ

ਮਾਂ ਦੀ ਮਮਤਾ ਤਾਰ-ਤਾਰ: ਪ੍ਰਸ਼ਾਦ ਖਾਣ ਦੀ ਜਿੱਦ ਕਾਰਨ ਚਾਰ ਸਾਲਾ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕੀਤੀ ਹੱਤਿਆ

ਖੁਸ਼ੀਆਂ ਮਾਤਮ ਵਿੱਚ ਬਦਲੀਆਂ: ਛਠ ਮਹਾਂਪੁਰਬ ਦੀਆਂ ਤਿਆਰੀਆਂ ਦੌਰਾਨ ਘਰ ਵਿੱਚ ਵਾਪਰਿਆ ਭਿਆਨਕ ਕਾਂਡ, ਮੁਲਜ਼ਮ ਮਾਂ ਹਿਰਾਸਤ ਵਿੱਚ

ਸਮਸਤੀਪੁਰ (ਬਿਹਾਰ)

ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪੂਸਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਮੁਹੰਮਦਪੁਰ ਬਿਰੌਲੀ ਵਿੱਚੋਂ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਬੇਹੱਦ ਦਿਲ ਕੰਬਾਊ ਅਤੇ ਅਸਲੋਂ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਲੋਕ ਆਸਥਾ ਦੇ ਮਹਾਂਪੁਰਬ ਛਠ ਦੀਆਂ ਪਵਿੱਤਰ ਤਿਆਰੀਆਂ ਦਰਮਿਆਨ ਪੂਜਾ ਦੇ ਪ੍ਰਸ਼ਾਦ ਦਾ ਪਕਵਾਨ ਜੂਠਾ ਕਰ ਦੇਣ ਮਗਰੋਂ ਗੁੱਸੇ ਵਿੱਚ ਆਈ ਇੱਕ ਕਦਰੋਂ ਵਿਹੂਣੀ ਮਾਂ ਨੇ ਆਪਣੀ ਹੀ ਚਾਰ ਸਾਲਾ ਮਾਸੂਮ ਧੀ ਦੀ ਇਸ ਕਦਰ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਵਾਰਡ ਨੰਬਰ 12 ਦੇ ਰਹਿਣ ਵਾਲੇ ਰਾਜੂ ਪਾਸਵਾਨ ਦੀ ਧੀ ਸੁਹਾਨੀ ਕੁਮਾਰੀ ਵਜੋਂ ਹੋਈ ਹੈ।

ਮੌਕੇ ’ਤੇ ਪਹੁੰਚੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਮਾਂ ਰੀਨਾ ਕੁਮਾਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ਦੇ ਵੇਰਵੇ ਦਿੰਦਿਆਂ ਬੱਚੀ ਦੇ ਪਿਤਾ ਰਾਜੂ ਪਾਸਵਾਨ ਨੇ ਪੁਲੀਸ ਨੂੰ ਦੱਸਿਆ ਕਿ ਛਠ ਪੂਜਾ ਦੇ ਮੱਦੇਨਜ਼ਰ ਪਰਿਵਾਰ ਦੇ ਬਾਕੀ ਮੈਂਬਰ ਘਰ ਦੇ ਨੇੜੇ ਹੀ ਘਾਟ ਤਿਆਰ ਕਰਨ ਲਈ ਗਏ ਹੋਏ ਸਨ, ਜਦਕਿ ਉਨ੍ਹਾਂ ਦੀ ਪਤਨੀ ਰੀਨਾ ਕੁਮਾਰੀ ਘਰ ਦੇ ਅੰਦਰ ਪੂਜਾ ਲਈ ਵਿਸ਼ੇਸ਼ ਪ੍ਰਸ਼ਾਦ ਤਿਆਰ ਕਰ ਰਹੀ ਸੀ।

ਇਸੇ ਦੌਰਾਨ ਚਾਰ ਸਾਲਾ ਮਾਸੂਮ ਸੁਹਾਨੀ ਨੇ ਭੁੱਖ ਜਾਂ ਬਾਲ ਸੁਭਾਅ ਕਾਰਨ ਪਕਵਾਨ ਨੂੰ ਜੂਠਾ ਕਰ ਦਿੱਤਾ। ਇਸ ਗੱਲ ਤੋਂ ਅੱਗ-ਬਾਪੂਲਾ ਹੋਈ ਰੀਨਾ ਨੇ ਆਪਣਾ ਆਪਾ ਗੁਆ ਲਿਆ ਅਤੇ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ। ਕੁੱਟਮਾਰ ਇੰਨੀ ਭਿਆਨਕ ਸੀ ਕਿ ਕੁਝ ਹੀ ਪਲਾਂ ਵਿੱਚ ਸੁਹਾਨੀ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਘਰਵਾਲੇ ਉਸ ਨੂੰ ਤੁਰੰਤ ਐਮਰਜੈਂਸੀ ਇਲਾਜ ਲਈ ਇੱਕ ਨਿੱਜੀ ਨਰਸਿੰਗ ਹੋਮ ਲੈ ਕੇ ਗਏ, ਪਰ ਉੱਥੇ ਮੌਜੂਦ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦਰਦਨਾਕ ਅਤੇ ਅਚਾਨਕ ਵਾਪਰੇ ਭਾਣੇ ਤੋਂ ਬਾਅਦ ਘਰ ਵਿੱਚ ਛਠ ਪੂਜਾ ਨੂੰ ਲੈ ਕੇ ਚੱਲ ਰਹੀਆਂ ਖੁਸ਼ੀਆਂ ਅਤੇ ਰੌਣਕਾਂ ਪਲਾਂ ਵਿੱਚ ਹੀ ਮਾਤਮ ਅਤੇ ਸੋਗ ਵਿੱਚ ਬਦਲ ਗਈਆਂ। ਆਪਣੀ ਮਾਸੂਮ ਬੱਚੀ ਦੀ ਲਾਸ਼ ਕੋਲ ਬੈਠ ਕੇ ਵਿਰਲਾਪ ਕਰ ਰਹੇ ਪਿਤਾ ਰਾਜੂ ਪਾਸਵਾਨ ਨੇ ਦੁਖੀ ਮਨ ਨਾਲ ਕਿਹਾ ਕਿ ਅਜਿਹੇ ਵਰਤਾਂ ਅਤੇ ਪੂਜਾ ਦਾ ਕੀ ਫਾਇਦਾ, ਜਦੋਂ ਘਰ ਦੀ ਰੌਣਕ ਅਤੇ ਉਨ੍ਹਾਂ ਦੀ ਪਿਆਰੀ ਧੀ ਹੀ ਇਸ ਦੁਨੀਆ ਤੋਂ ਸਦਾ ਲਈ ਤੁਰ ਗਈ ਹੋਵੇ।

ਉਨ੍ਹਾਂ ਆਪਣੀ ਪਤਨੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਹੁਣ ਆਪਣੇ ਬਾਕੀ ਦੋ ਮਾਸੂਮ ਬੱਚਿਆਂ ਸੱਤ ਸਾਲਾ ਧੀ ਸ਼ਿਵਾਨੀ ਅਤੇ ਡੇਢ ਸਾਲਾ ਪੁੱਤਰ ਰਾਜਾ ਕੁਮਾਰ ਦਾ ਪਾਲਣ-ਪੋਸ਼ਣ ਹੁਣ ਇਕੱਲੇ ਹੀ ਪੂਰੀ ਮਿਹਨਤ ਨਾਲ ਕਰਨਗੇ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਸਾ ਥਾਣਾ ਮੁਖੀ ਰਮੇਸ਼ ਕੁਮਾਰ ਆਪਣੀ ਪੁਲੀਸ ਪਾਰਟੀ ਸਮੇਤ ਤਰੁੰਤ ਮੌਕੇ ’ਤੇ ਪਹੁੰਚੇ। ਪੁਲੀਸ ਨੇ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਾ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ। ਥਾਣਾ ਮੁਖੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬੱਚੀ ਦੀ ਮੌਤ ਦੇ ਅਸਲ ਕਾਰਨਾਂ ਦੀ ਸਥਿਤੀ ਹੋਰ ਵੀ ਜ਼ਿਆਦਾ ਸਪੱਸ਼ਟ ਹੋ ਜਾਵੇਗੀ ਅਤੇ ਉਸ ਦੇ ਆਧਾਰ ’ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

 

Leave a Comment