ਨਫ਼ਰਤ ਘੋਲਦੇ ਸਿਆਸਤਦਾਨ ਅਤੇ ਭਾੜੇ ਦੇ ਫ਼ੀਲੇ
ਗੁਰਪ੍ਰੀਤ
ਕੋਈ ਵੀ ਸਿਆਸੀ ਪਾਰਟੀ ਹੋਵੇ, ਸੱਤਾ ਵਿੱਚ ਜਾਂ ਫਿਰ ਸੱਤਾ ਤੋਂ ਬਾਹਰ, ਹਰ ਸਿਆਸੀ ਪਾਰਟੀ ਦੇ ਚੇਲੇ-ਚਪਾਟੇ ਆਪਣੇ ਲੀਡਰਾਂ ਦੀ ਗੱਲ ਨੂੰ ਵਧਾ-ਚੜ੍ਹਾ ਕੇ ਦੱਸਣ ਦੇ ਨਾਲ-ਨਾਲ ਇੰਨੀ ਜ਼ਿਆਦਾ ਨਫ਼ਰਤ ਘੋਲਦੇ ਨੇ ਕਿ ਸਾਹਮਣੇ ਵਾਲਾ ਬੰਦਾ ਖੜ੍ਹਾ-ਖੜੋਤਾ ਹੀ ਬੇਹੋਸ਼ ਹੋਣ ਵਰਗਾ ਹੋ ਜਾਂਦਾ ਹੈ। ਜਦੋਂ ਤਾਂ ਇਹਨਾਂ ਚੇਲੇ-ਚਪਾਟਿਆਂ ਦੇ ਆਪਣੇ ਲੀਡਰ ਦੀ ਸੂਚਨਾ ਜਾਂ ਫਿਰ ਖ਼ਬਰ ਵਾਇਰਲ ਹੁੰਦੀ ਹੈ ਤਾਂ ਇਹ ਉਕਤ ਜਾਣਕਾਰੀ ਨੂੰ ਵਧਾ-ਚੜ੍ਹਾ ਕੇ ਅਤੇ ਖ਼ੂਬਸੂਰਤੀ ਨਾਲ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਕਿ ਜੇਕਰ ਕਿਸੇ ਦੂਜੇ ਦੀ ਸੂਚਨਾ ਜਾਂ ਫਿਰ ਖ਼ਬਰ ਆ ਜਾਵੇ ਤਾਂ ਦੰਦੀਆਂ ਕੱਢ ਕੇ ਹੱਸਣ ਲੱਗ ਪੈਂਦੇ ਨੇ।
ਅਜਿਹਾ ਕਾਰਾ ਕੋਈ ਅੱਜ ਤੋਂ ਨਹੀਂ ਚੱਲ ਰਿਹਾ, ਇਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਪੰਜਾਬ ਦੀ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਆਪਣੇ ਆਈ.ਟੀ. ਸੈੱਲ ਵਿੱਚ ਕੁੱਝ ਅਜਿਹੇ ਬੰਦੇ ਭਰਤੀ ਕੀਤੇ ਨੇ, ਜਿਹੜੇ ਆਪਣੇ ਲੀਡਰ ਦੀ ਨਕਲੀ ਜਿਹੀ ਖ਼ਬਰ ਨੂੰ ਵੇਖ ਕੇ ਤਾਰੀਫ਼ਾਂ ਕਰਦੇ ਨਹੀਂ ਥੱਕਦੇ, ਜਦੋਂ ਕਿ ਦੂਜੇ ਪਾਸੇ ਇਹੋ ਹਾਲ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਦੇ ਫ਼ੀਲਿਆਂ ਦਾ ਹੈ। ਇਹਨਾਂ ਫ਼ੀਲਿਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋ ਰਹੇ ਚੰਗੇ-ਮਾੜੇ ਕੰਮਾਂ ਨੂੰ ਵਧਾ-ਚੜ੍ਹਾ ਕੇ ਦੱਸਣ ਦੀ ਹੋੜ ਲੱਗੀ ਰਹਿੰਦੀ ਹੈ, ਜਿਸ ਦੇ ਕਾਰਨ ਇਹ ਖ਼ੁਦ ਵੀ ਭੁੱਲ ਜਾਂਦੇ ਨੇ ਕਿ ਮੋਦੀ ਨੇ ਦੇਸ਼ ਦੇ ਲਈ ਕੀਤਾ ਕੀ, ਮਹਿੰਗਾਈ ਤੋਂ ਇਲਾਵਾ ਬੇਰੁਜ਼ਗਾਰੀ ਅਤੇ ਕਿਸਾਨੀ ਦਾ ਬੁਰਾ ਹਾਲ ਕਰਨ ਦੇ ਨਾਲ ਨਾਲ ਜੰਗਲਾਂ ਦਾ ਉਜਾੜਾ ਹੀ ਤਾਂ ਕੀਤਾ ਹੈ!?
ਗੱਲ ਇੱਥੇ ਹੀ ਬੱਸ ਨਹੀਂ ਹੁੰਦੀ, ਕਾਂਗਰਸ ਵਾਲਿਆਂ ਦਾ ਵੀ ਇਹੋ ਹਾਲ ਹੈ, ਜਿਨਾ ਸੂਬਿਆਂ ਦੇ ਅੰਦਰ ਕਾਂਗਰਸ ਦੀ ਸਰਕਾਰ ਹੈ ਜਾਂ ਫਿਰ ਕੇਂਦਰ ਵਿੱਚ ਕਰੀਬ 10 ਸਾਲ (2004 ਤੋਂ 2014) ਸੱਤਾ ਭੋਗਣ ਵਾਲੀ ਕਾਂਗਰਸ ਆਪਣੇ ਕਾਰਜ ਦੌਰਾਨ ਕੀਤੇ ਕੰਮਾਂ ਨੂੰ ਹੀ ਮੌਜੂਦਾ ਸਰਕਾਰ ਦੇ ਨਾਲ ਤੁਲਨਾ ਕਰਕੇ ਦੱਸਦੀ ਰਹਿੰਦੀ ਹੈ ਕਿ ਅਸੀਂ ਇਨ੍ਹਾਂ ਸਮਿਆਂ ਦੌਰਾਨ ਇੰਨਾ ਕੁਝ ਕੰਮ ਕੀਤਾ ਸੀ, ਪਰ ਕੀਤੇ ਹੋਏ ਕੰਮ ਨੂੰ ਵਧਾ-ਚੜ੍ਹਾ ਕੇ ਦੱਸਣਾ ਵੀ ਕਾਂਗਰਸ ਦਾ ਹੀ ਇਤਿਹਾਸ ਰਿਹਾ ਹੈ। ਕਾਂਗਰਸ ਦੇ ਅੰਦਰ ਵੀ ਚੇਲੇ-ਚਪਾਟੇ ਅਤੇ ਫ਼ੀਲਿਆਂ ਦੀ ਕੋਈ ਕਮੀ ਨਹੀਂ। ਨਫ਼ਰਤ ਘੋਲਣ ਵਿੱਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਕਿਸੇ ਤੋਂ ਵੀ ਘੱਟ ਨਹੀਂ।
ਅੱਗੇ ਗੱਲ ਆਉਂਦੀ ਹੈ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਦੀ। ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਭਾਵੇਂ ਕਿ ਕਈ ਸੂਝਵਾਨ ਲੀਡਰ ਇਸ ਪਾਰਟੀ ਵਿੱਚ ਹਾਲੇ ਵੀ ਹਨ, ਪਰ ਜ਼ੁਬਾਨ ਉਹਨਾਂ ਦੀ ਵੀ ਸਮੇਂ-ਸਮੇਂ ਤੇ ਥਿੜਕਦੀ ਰਹਿੰਦੀ ਹੈ। ਜਦੋਂ ਕਦੇ ਵੀ ਕਿਸੇ ਰੈਲੀ ਵਿੱਚ ਜਾਂਦੇ ਨੇ ਤਾਂ ਅਜਿਹੇ ਬਿਆਨ ਦਿੱਤੇ ਜਾਂਦੇ ਨੇ ਜਿਸ ਦਾ ਆਮ ਲੋਕਾਂ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅੱਗੋਂ ਇਹਨਾਂ ਦੀ ਰੱਖੀ ਹੋਈ ਸੋਸ਼ਲ ਮੀਡੀਆ ਟੀਮ ਵੀ ਨਫ਼ਰਤ ਘੋਲਣ ਵਿੱਚ ਪਿੱਛੇ ਨਹੀਂ ਹਟਦੀ, ਉਹ ਵੀ ਸੱਤਾ ਧਿਰ ਜਾਂ ਫਿਰ ਕੇਂਦਰ ਵਿਚਲੀ ਭਾਜਪਾ ਸਰਕਾਰ, ਕਾਂਗਰਸ ਜਾਂ ਫਿਰ ਹੋਰਨਾਂ ਨੂੰ ਕੋਸਣ ਵਿੱਚ ਲੱਗੀ ਰਹਿੰਦੀ ਹੈ।
ਆਮ ਆਦਮੀ ਪਾਰਟੀ ਪੰਜਾਬ ਅੰਦਰ ਪਿਛਲੇ ਕਰੀਬ ਪੌਣੇ ਪੰਜ ਸਾਲਾਂ ਤੋਂ ਰਾਜ ਕਰ ਰਹੀ ਹੈ। ਇਹ ਆਪਣੇ ਕੰਮਾਂ ਨੂੰ ਇੰਜ ਵਧਾ ਕੇ ਦੱਸਦੀ ਹੈ ਜਿਵੇਂ ਪਿਛਲੇ 70/75 ਸਾਲਾਂ ਵਿੱਚ ਕੁਝ ਕੰਮ ਹੋਏ ਹੀ ਨਾ ਹੋਣ। ਇਹੋ ਹਾਲ ਕੇਂਦਰ ਵਿਚਲੀ ਭਾਜਪਾ ਸਰਕਾਰ ਦਾ ਹੈ, ਉਹਨਾਂ ਨੂੰ ਇੰਝ ਲੱਗਦਾ ਕਿ ਜਿਵੇਂ ਦੇਸ਼ ਨੂੰ ਆਜ਼ਾਦੀ ਹੀ 2014 ਤੋਂ ਬਾਅਦ ਮਿਲੀ ਹੋਵੇ, ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ…। ਗੱਲ ਇੱਥੇ ਹੀ ਬਸ ਨਹੀਂ ਹੁੰਦੀ, ਕਾਂਗਰਸ ਦਾ ਹਾਲ ਵੀ ਇਹੋ ਹੈ। ਕਾਂਗਰਸ ਵੀ ਇਹੋ ਕਹਿੰਦੀ ਥੱਕਦੀ ਨਹੀਂ ਕਿ ਅਸੀਂ ਉਹ ਕੰਮ ਕੀਤੇ ਨੇ ਜਿਹੜੇ ਹੋਰ ਸਰਕਾਰਾਂ ਨਹੀਂ ਕਰ ਸਕੀਆਂ। ਕਾਂਗਰਸ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ, ਦਿੱਲੀ ਅੰਦਰ ਦੰਗੇ ਕਰਵਾਏ, ਸਿੱਖਾਂ ਦਾ ਕਤਲੇਆਮ ਕੀਤਾ ਅਤੇ ਹੋਰ ਅਜਿਹੇ ਕਈ ਕਾਰੇ ਕੀਤੇ, ਜਿਸ ਕਾਰਨ ਕਾਂਗਰਸ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ।
ਅਕਾਲੀ ਦਲ ‘ਤੇ ਦੋਸ਼ ਲੱਗਦਾ ਰਹਿੰਦਾ ਹੈ ਕਿ ਇਹਨਾਂ ਨੇ ਬੇਅਦਬੀ ਕਰਵਾਈ ਅਤੇ ਪੰਜਾਬ ਅੰਦਰ ਨਸ਼ਾ ਲਿਆਂਦਾ। ਭਾਜਪਾ ਉੱਤੇ ਤਾਂ ਸਭ ਤੋਂ ਵੱਡਾ ਦੋਸ਼ ਇਹੋ ਹੈ ਕਿ ਇਹਨਾਂ ਨੇ ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਨੂੰ ਅੱਤਵਾਦੀ ਦੱਸ ਦਿੱਤਾ। ਨੈਸ਼ਨਲ ਅਤੇ ਸਟੇਟ ਗੋਦੀ ਮੀਡੀਆ ਨੇ ਕਿਸਾਨਾਂ ਦੇ ਵਿਰੁੱਧ ਬਥੇਰਾ ਜ਼ਹਿਰ ਘੋਲਿਆ, ਪਰ ਆਖ਼ਰ ਪ੍ਰਧਾਨ ਮੰਤਰੀ ਮੋਦੀ ਨੇ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਖੇਤੀ ਕਾਨੂੰਨ ਵਾਪਸ ਲਏ।
ਗੱਲ ਇੱਥੇ ਬਸ ਨਹੀਂ ਹੁੰਦੀ। ਜਿਵੇਂ ਕੇਂਦਰ ਦੀ ਭਾਜਪਾ ਸਰਕਾਰ ਨੇ ਹੱਥ ਜੋੜ ਕੇ ਖੇਤੀ ਕਾਨੂੰਨ ਵਾਪਸ ਲਏ ਸੀ, ਉਸੇ ਤਰ੍ਹਾਂ ਹੀ ਕਿਸਾਨਾਂ ਦੀ ਜ਼ਮੀਨ ਖੋਹਣ ਵਾਲੀ ਲੈਂਡ ਪੂਲਿੰਗ ਪਾਲਿਸੀ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਅੱਗੇ ਗੋਡੇ ਟੇਕ ਕੇ ਵਾਪਸ ਲਈ ਸੀ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਕੋਈ ਵੀ ਦੁੱਧ ਧੋਤਾ ਨਹੀਂ।
ਆਗਾਮੀ ਚੋਣਾਂ ਵਿੱਚ ਬਥੇਰੇ ਵਾਅਦੇ ਇਹਨਾਂ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣੇ ਹਨ ਅਤੇ ਹੁਣ ਵੀ ਕੀਤੇ ਜਾ ਰਹੇ ਨੇ, ਪਰ ਜੋ ਤੌਰ-ਤਰੀਕਾ ਪਿਛਲੇ 80 ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਉਹ ਕੁਝ ਅੱਗੇ ਵੀ ਚੱਲਦਾ ਰਹੇਗਾ, ਕਿਉਂਕਿ ਇਹ ਸਿਆਸੀ ਪਾਰਟੀਆਂ ਕਦੇ ਨਹੀਂ ਚਾਹੁੰਦੀਆਂ ਕਿ ਪੰਜਾਬ ਦਾ ਭਲਾ ਹੋਵੇ, ਪੰਜਾਬ ਨੂੰ ਲੁੱਟਣਾ ਚਾਹੁੰਦੀਆਂ ਨੇ।
ਦਿੱਲੀ ਵਿਚਲੇ ਹਾਕਮ ਚਾਹੇ ਉਹ ਕੇਜਰੀਵਾਲ ਹੋਵੇ, ਰਾਹੁਲ ਗਾਂਧੀ ਜਾਂ ਫਿਰ ਨਰਿੰਦਰ ਮੋਦੀ, ਇਹ ਹਮੇਸ਼ਾ ਚਾਹੁੰਦੇ ਨੇ ਕਿ ਪੰਜਾਬ ਉਹਨਾਂ ਦੀ ਮੁੱਠੀ ਵਿੱਚ ਰਹੇ, ਪਰ ਪੰਜਾਬ ਅਜਿਹਾ ਨਹੀਂ ਹੈ, ਪੰਜਾਬ ਹਮੇਸ਼ਾ ਹੀ ਕੇਂਦਰ ਤੋਂ ਉਲਟ ਚੱਲਦਾ ਰਿਹਾ ਹੈ। ਅਕਾਲੀ ਦਲ ਦਾ ਇਸ ਵੇਲੇ ਉਹ ਆਧਾਰ ਨਹੀਂ ਹੈ ਜਿਹੜਾ ਸੋਸ਼ਲ ਮੀਡੀਆ ‘ਤੇ ਵਿਖ ਰਿਹਾ। ਸੋਸ਼ਲ ਮੀਡੀਆ ‘ਤੇ ਭਾਵੇਂ ਹੀ ਬਥੇਰਾ ਕੁਝ ਅਕਾਲੀ ਦਲ ਦੇ ਹੱਕ ਵਿੱਚ ਚੱਲ ਰਿਹਾ ਹੋਵੇ, ਪਰ ਅਸਲ ਕਹਾਣੀ ਇਸ ਤੋਂ ਕਿਤੇ ਵੱਖਰੀ ਹੈ।
ਅਕਾਲੀ ਦਲ ਨੂੰ ਜਿੰਨਾ ਲੋਕ ਪਿਆਰ ਕਰਦੇ ਨੇ, ਉਸ ਤੋਂ ਕਿਤੇ ਵੱਧ ਲੋਕ ਨਫ਼ਰਤ ਵੀ ਕਰਦੇ ਨੇ, ਕਿਉਂਕਿ ਇਹਨਾਂ ‘ਤੇ ਬੇਅਦਬੀ ਕਰਵਾਉਣ ਦੇ ਦੋਸ਼ ਲੱਗੇ ਨੇ। ਉਹਨੇ ਮਿਹਣੇ ਅਕਾਲੀ, ਕਾਂਗਰਸ ਜਾਂ ਫਿਰ ਭਾਜਪਾ ਨੂੰ ਪਿਛਲੇ 70 ਸਾਲਾਂ ਵਿੱਚ ਨਹੀਂ ਪਏ, ਜਿੰਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੈ ਚੁੱਕੇ ਨੇ, ਕਿਉਂਕਿ ਇਹਨਾਂ ਦੇ ਕੰਮ ਕਰਨ ਦਾ ਤੌਰ-ਤਰੀਕਾ ‘ਅੱਗਾ ਦੌੜ ਤੇ ਪਿੱਛਾ ਚੌੜ’ ਵਾਲਾ ਹੈ।
















