Join WhatsApp

Join Now

ਵੱਡੀ ਖ਼ਬਰ: ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ

On: November 16, 2026 8:49 PM

 

ਵੱਡੀ ਖ਼ਬਰ: ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ

ਗੁਰਦਾਸਪੁਰ ‘ਚ ਸਨਸਨੀਖੇਜ਼ ਘਟਨਾ: ਡਿਊਟੀ ਤੋਂ ਪਰਤ ਰਹੇ ਪੁਲੀਸ ਮੁਲਾਜ਼ਮ ਨੂੰ ਅਣਪਛਾਤਿਆਂ ਨੇ ਮਾਰੀ ਗੋਲੀ, ਸਾਮਾਨ ਵੀ ਲੁੱਟਿਆ- ਪੁਲੀਸ ਟਰੇਨਿੰਗ ਸੈਂਟਰ ਜਹਾਨਖੇਲਾਂ ਵਿਖੇ ਸਿਖਲਾਈ ਲੈ ਰਹੇ ਹੈੱਡ ਕਾਂਸਟੇਬਲ ਦੀ ਹੱਤਿਆ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ, ਦੋ ਮਾਸੂਮ ਬੱਚਿਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ

ਗੁਰਦਾਸਪੁਰ, 16 ਨਵੰਬਰ 2026- ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪੁਲੀਸ ਟਰੇਨਿੰਗ ਸੈਂਟਰ ਜਹਾਨਖੇਲਾਂ ਵਿਖੇ ਸਿਖਲਾਈ ਲੈ ਰਹੇ ਇੱਕ ਹੈੱਡ ਕਾਂਸਟੇਬਲ ਦੀ ਘਰ ਪਰਤਦਿਆਂ ਸ਼ੱਕੀ ਹਾਲਾਤ ਵਿੱਚ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਵਿਨੋਦ ਕੁਮਾਰ (ਉਮਰ ਕਰੀਬ 40 ਸਾਲ) ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਦੇ ਨੇੜਲੇ ਪਿੰਡ ਕ੍ਰਿਸ਼ਨਾ ਨਗਰ ਦਾ ਵਸਨੀਕ ਸੀ। ਮੁੱਢਲੀ ਜਾਂਚ ਦੌਰਾਨ ਮੁਲਾਜ਼ਮ ਨੂੰ ਕਿਸੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਪੁਲੀਸ ਵਿਭਾਗ ਵਿੱਚ ਤਰੱਕੀ ਹਾਸਲ ਕਰਨ ਮਗਰੋਂ ਪੁਲੀਸ ਟਰੇਨਿੰਗ ਸੈਂਟਰ, ਜਹਾਨਖੇਲਾਂ ਵਿਖੇ ਆਪਣੀ ਸਿਖਲਾਈ ਪੂਰੀ ਕਰ ਰਿਹਾ ਸੀ ਅਤੇ ਮੌਜੂਦਾ ਸਮੇਂ ਸੁਜਾਨਪੁਰ ਵਿਖੇ ਤਾਇਨਾਤ ਸੀ। ਬੀਤੇ ਦਿਨੀਂ ਉਹ ਸੰਗਰੂਰ ਵਿਖੇ ਆਪਣੀ ਵਿਸ਼ੇਸ਼ ਡਿਊਟੀ ਨਿਭਾਉਣ ਤੋਂ ਬਾਅਦ ਆਪਣੇ ਜੱਦੀ ਪਿੰਡ ਕ੍ਰਿਸ਼ਨਾ ਨਗਰ (ਗੁਰਦਾਸਪੁਰ) ਵਿਖੇ ਆਪਣੇ ਪਰਿਵਾਰ ਕੋਲ ਵਾਪਸ ਆ ਰਿਹਾ ਸੀ।

ਐਤਵਾਰ ਰਾਤ ਕਰੀਬ 9:15 ਵਜੇ ਵਿਨੋਦ ਕੁਮਾਰ ਨੇ ਆਪਣੇ ਭਰਾ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ ਕਿ ਉਹ ਪੁਰਾਣਾ ਸ਼ਾਲਾ ਦੇ ਨਜ਼ਦੀਕ ਪਹੁੰਚ ਚੁੱਕਾ ਹੈ ਅਤੇ ਅਗਲੇ 15 ਮਿੰਟਾਂ ਤੱਕ ਬਾਈਪਾਸ ’ਤੇ ਪਹੁੰਚ ਜਾਵੇਗਾ, ਇਸ ਲਈ ਉਹ ਉਸ ਨੂੰ ਉੱਥੋਂ ਆ ਕੇ ਘਰ ਲੈ ਜਾਵੇ। ਭਰਾ ਦਾ ਫ਼ੋਨ ਆਉਣ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਉਸ ਨੂੰ ਲੈਣ ਲਈ ਨਿਰਧਾਰਤ ਥਾਂ ਅਤੇ ਬੱਸ ਸਟੈਂਡ ’ਤੇ ਪਹੁੰਚੇ, ਤਾਂ ਉੱਥੇ ਵਿਨੋਦ ਕੁਮਾਰ ਦਾ ਕੋਈ ਅਤਾ-ਪਤਾ ਨਹੀਂ ਲੱਗਾ।

ਪਰਿਵਾਰ ਵੱਲੋਂ ਵਾਰ-ਵਾਰ ਫ਼ੋਨ ਕਰਨ ’ਤੇ ਵੀ ਜਦੋਂ ਉਸ ਨੇ ਫ਼ੋਨ ਨਾ ਚੁੱਕਿਆ, ਤਾਂ ਉਨ੍ਹਾਂ ਦੀ ਚਿੰਤਾ ਵਧ ਗਈ ਅਤੇ ਉਨ੍ਹਾਂ ਨੇ ਆਲੇ-ਦੁਆਲੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਭਾਲ ਦੌਰਾਨ ਥੋੜ੍ਹੀ ਦੇਰ ਬਾਅਦ ਹੀ ਬੱਸ ਸਟੈਂਡ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ’ਤੇ ਬਾਈਪਾਸ ਦੇ ਕਿਨਾਰੇ ਵਿਨੋਦ ਕੁਮਾਰ ਦੀ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਵਿਨੋਦ ਦੀ ਲਾਸ਼ ਮਿਲੀ, ਤਾਂ ਉਸ ਦਾ ਨਿੱਜੀ ਸਾਮਾਨ ਵੀ ਉੱਥੋਂ ਗਾਇਬ ਸੀ। ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟ-ਖੋਹ ਦੀ ਨੀਅਤ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਅਨੁਸਾਰ ਵਿਨੋਦ ਦੀ ਪੁੜਪੁੜੀ ’ਤੇ ਡੂੰਘੇ ਜ਼ਖ਼ਮ ਦੇ ਨਿਸ਼ਾਨ ਹਨ, ਜੋ ਕਿ ਗੋਲੀ ਲੱਗਣ ਦੇ ਜਾਪਦੇ ਹਨ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਅਤੇ ਗੋਲੀ ਲੱਗਣ ਦੀ ਅਧਿਕਾਰਤ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਕਾਤਲਾਂ ਦਾ ਕੋਈ ਸੁਰਾਗ ਲੱਗ ਸਕੇ। ਦੂਜੇ ਪਾਸੇ, ਇਸ ਬੇਵਕਤੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਵਿਨੋਦ ਕੁਮਾਰ ਆਪਣੇ ਪਿੱਛੇ ਪਤਨੀ ਅਤੇ ਦੋ ਮਾਸੂਮ ਬੱਚੇ ਛੱਡ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਉਮਰ ਅੱਠ ਸਾਲ ਅਤੇ ਦੂਜੇ ਦੀ ਉਮਰ ਮਹਿਜ਼ ਪੰਜ ਸਾਲ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।

 

Leave a Comment