Join WhatsApp

Join Now

ਚੰਡੀਗੜ੍ਹ: AAP ਵੱਲੋਂ ਕਿਸੇ ਵੀ ਪਾਰਟੀ ਨਾਲ ਗਠਜੋੜ ਨਾ ਕਰਨ ਦਾ ਐਲਾਨ

On: November 20, 2026 5:33 PM

 

ਚੰਡੀਗੜ੍ਹ: AAP ਵੱਲੋਂ ਕਿਸੇ ਵੀ ਪਾਰਟੀ ਨਾਲ ਗਠਜੋੜ ਨਾ ਕਰਨ ਦਾ ਐਲਾਨ

ਚੰਡੀਗੜ੍ਹ ਨਿਗਮ ਚੋਣਾਂ ਲਈ ‘ਆਪ’ ਨੇ ਖਿੱਚੀ ਤਿਆਰੀ, ਭਾਜਪਾ ਅਤੇ ਕਾਂਗਰਸ ਨਾਲ ਸਮਝੌਤੇ ਤੋਂ ਕੀਤਾ ਸਾਫ਼ ਇਨਕਾਰ- 23 ਦਸੰਬਰ ਨੂੰ ਹੋਣਗੀਆਂ ਚੋਣਾਂ: ਆਮ ਆਦਮੀ ਪਾਰਟੀ ਸਾਰੇ ਵਾਰਡਾਂ ਵਿੱਚ ਉਤਾਰੇਗੀ ਆਪਣੇ ਉਮੀਦਵਾਰ

ਚੰਡੀਗੜ੍ਹ, 20 ਨਵੰਬਰ 2026: ਚੰਡੀਗੜ੍ਹ ਨਗਰ ਨਿਗਮ ਦੀਆਂ ਆਗਾਮੀ ਚੋਣਾਂ ਦਾ ਰਸਮੀ ਐਲਾਨ ਹੋਣ ਦੇ ਨਾਲ ਹੀ ਸ਼ਹਿਰ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਚੋਣ ਪ੍ਰੋਗਰਾਮ ਮੁਤਾਬਕ ਨਗਰ ਨਿਗਮ ਚੋਣਾਂ ਲਈ ਵੋਟਾਂ 23 ਦਸੰਬਰ ਨੂੰ ਪੈਣਗੀਆਂ ਅਤੇ ਚੋਣ ਨਤੀਜਿਆਂ ਦਾ ਐਲਾਨ 26 ਦਸੰਬਰ ਨੂੰ ਕੀਤਾ ਜਾਵੇਗਾ।

ਇਸੇ ਦੌਰਾਨ ਆਮ ਆਦਮੀ ਪਾਰਟੀ (AAP) ਦੀ ਚੰਡੀਗੜ੍ਹ ਇਕਾਈ ਦੇ ਆਗੂਆਂ ਨੇ ਅੱਜ ਇੱਕ ਸਾਂਝੇ ਬਿਆਨ ਰਾਹੀਂ ਆਪਣੀ ਰਣਨੀਤੀ ਸਪੱਸ਼ਟ ਕਰਦਿਆਂ ਐਲਾਨ ਕੀਤਾ ਹੈ ਕਿ ਪਾਰਟੀ ਇਹ ਚੋਣਾਂ ਕਿਸੇ ਵੀ ਸਿਆਸੀ ਧਿਰ ਨਾਲ ਗਠਜੋੜ ਕੀਤੇ ਬਿਨਾਂ, ਆਪਣੇ ਬਲਬੂਤੇ ‘ਤੇ ਲੜੇਗੀ।

ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਦੀਪਾ ਦੂਬੇ, ਅੰਜੂ ਕਤਿਆਲ, ਦੇਸ ਰਾਜ ਸਨਾਵਰ ਅਤੇ ਪ੍ਰੇਮ ਗਰਗ ਵੱਲੋਂ ਸਾਂਝੇ ਤੌਰ ‘ਤੇ ਜਾਰੀ ਕੀਤੇ ਗਏ ਬਿਆਨ ਅਨੁਸਾਰ, ਪਾਰਟੀ ਚੰਡੀਗੜ੍ਹ ਨਗਰ ਨਿਗਮ ਦੇ ਸਾਰੇ 35 ਦੇ 35 ਵਾਰਡਾਂ ਵਿੱਚ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇਗੀ। ਆਗੂਆਂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਇਸ ਵਾਰ ਨਾ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਨਾ ਹੀ ਕਾਂਗਰਸ ਸਮੇਤ ਕਿਸੇ ਹੋਰ ਪਾਰਟੀ ਨਾਲ ਕੋਈ ਸਿਆਸੀ ਸਮਝੌਤਾ ਕੀਤਾ ਜਾਵੇਗਾ।

ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ‘ਆਪ’ ਪੂਰੀ ਮਜ਼ਬੂਤੀ ਨਾਲ ਇਕੱਲਿਆਂ ਚੋਣ ਲੜ ਕੇ ਸ਼ਹਿਰ ਵਾਸੀਆਂ ਸਾਹਮਣੇ ਆਪਣਾ ਏਜੰਡਾ ਰੱਖੇਗੀ। ਇਸ ਮੌਕੇ AAP ਆਗੂਆਂ ਨੇ ਭਾਰਤੀ ਜਨਤਾ ਪਾਰਟੀ ‘ਤੇ ਤਿੱਖੇ ਸਿਆਸੀ ਨਿਸ਼ਾਨੇ ਵੀ ਸਾਧੇ।

ਪਾਰਟੀ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਦੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਮਾਲਕਾਨਾ ਹੱਕ ਦੇਣ ਸਬੰਧੀ ਜੋ ਪ੍ਰਚਾਰ ਕਰ ਰਹੀ ਹੈ, ਉਹ ਮਹਿਜ਼ ਇੱਕ ਸਿਆਸੀ ਜੁਮਲਾ ਹੈ। AAP ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਉਸ ਵਿੱਚ ਅਜਿਹੀਆਂ ਸਖ਼ਤ ਸ਼ਰਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਕਲੋਨੀਆਂ ਵਿੱਚ ਰਹਿਣ ਵਾਲੇ ਗਰੀਬ ਅਤੇ ਆਮ ਲੋਕ ਪੂਰਾ ਕਰਨ ਦੇ ਸਮਰੱਥ ਨਹੀਂ ਹਨ।

ਆਗੂਆਂ ਮੁਤਾਬਕ ਕਲੋਨੀ ਵਾਸੀਆਂ ਨੂੰ ਅਸਲ ਰਾਹਤ ਦੇਣ ਦੀ ਬਜਾਏ ਗੁੰਝਲਦਾਰ ਨਿਯਮਾਂ ਵਿੱਚ ਉਲਝਾਇਆ ਜਾ ਰਿਹਾ ਹੈ। ਦੂਜੇ ਪਾਸੇ, ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਚੋਣ ਅਤੇ ਚੋਣ ਪ੍ਰਚਾਰ ਦੀ ਰੂਪ-ਰੇਖਾ ਉਲੀਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਕੱਲਿਆਂ ਚੋਣ ਲੜਨ ਦੇ ਇਸ ਫੈਸਲੇ ਨਾਲ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਮੁਕਾਬਲਾ ਕਾਫ਼ੀ ਦਿਲਚਸਪ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

 

Leave a Comment