ਵੱਡੀ ਖ਼ਬਰ: SGPC ਦੀ ਕਮਾਨ ਮੁੜ ਧਾਮੀ ਦੇ ਹੱਥ…! ਬਾਦਲਾਂ ਦੇ ਲਿਫਾਫੇ ‘ਚੋਂ ਨਿਕਲਿਆ ਪ੍ਰਧਾਨ!
ਐਸ.ਜੀ.ਪੀ.ਸੀ. ਜਨਰਲ ਇਜਲਾਸ: ਹਰਜਿੰਦਰ ਸਿੰਘ ਧਾਮੀ ਦੇ ਨਾਮ ‘ਤੇ ਮੁੜ ਲੱਗੀ ਮੋਹਰ, ਗੁਰਪ੍ਰੀਤ ਸਿੰਘ ਝੱਬਰ ਬਣੇ ਨਵੇਂ ਜਨਰਲ ਸਕੱਤਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਮੁਕੰਮਲ, ਸਰਬਸੰਮਤੀ ਨਾਲ ਚੁਣੇ ਗਏ ਨਵੇਂ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰ
ਅੰਮ੍ਰਿਤਸਰ ਤੋਂ ਵੱਡੀ ਖ਼ਬਰ: 6ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਰਜਿੰਦਰ ਸਿੰਘ ਧਾਮੀ, ਵੇਖੋ ਅਹੁਦੇਦਾਰਾਂ ਦੀ ਪੂਰੀ ਸੂਚੀ
ਅੰਮ੍ਰਿਤਸਰ, 20 ਨਵੰਬਰ 2026: ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਸਾਲਾਨਾ ਜਨਰਲ ਇਜਲਾਸ ਦੌਰਾਨ ਅੱਜ ਅਹਿਮ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਇਸ ਇਜਲਾਸ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਧਾਮੀ ਦੀ ਇਹ ਚੋਣ ਪੂਰੀ ਤਰ੍ਹਾਂ ਸਰਬਸੰਮਤੀ ਨਾਲ ਕੀਤੀ ਗਈ ਹੈ, ਜਿਸ ਨਾਲ ਪੰਥਕ ਹਲਕਿਆਂ ਵਿੱਚ ਉਨ੍ਹਾਂ ਦੀ ਲੀਡਰਸ਼ਿਪ ‘ਤੇ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ। ਹਾਲਾਂਕਿ ਅੰਦਰਲੇ ਜਾਣਕਾਰ ਦੱਸਦੇ ਹਨ ਕਿ, ਐਡਵੋਕੇਟ ਧਾਮੀ ਦੇ ਨਾਮ ‘ਤੇ ਮੋਹਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਗਾਈ। ਇੱਕ ਸੀਨੀਅਰ ਮੈਂਬਰ ਦੇ ਦੱਸਣ ਮੁਤਾਬਿਕ 95 ਫੀਸਦ ਮੈਂਬਰ ਅਕਾਲੀ ਦਲ ਦੇ ਨਾਲ ਸਬੰਧਤ ਹਨ ਅਤੇ ਵਿਰੋਧੀ ਸਿਰਫ਼ ਅੱਜ ਦੇ ਇਜਲਾਸ ਵਿੱਚ ਮੂੰਹ ਵਿਖਾਉਣ ਹੀ ਆਏ ਸਨ।
ਇਸ ਦੇ ਨਾਲ ਹੀ ਇਜਲਾਸ ਦੌਰਾਨ ਬਾਕੀ ਅਹਿਮ ਅਹੁਦਿਆਂ ਦੀ ਚੋਣ ਵੀ ਸਰਬਸੰਮਤੀ ਨਾਲ ਨੇਪਰੇ ਚਾੜ੍ਹੀ ਗਈ। ਰਘੂਜੀਤ ਸਿੰਘ ਵਿਰਕ ਨੂੰ ਇੱਕ ਵਾਰ ਫਿਰ ਤੋਂ ਸਰਬਸੰਮਤੀ ਨਾਲ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਜਨਰਲ ਸਕੱਤਰ ਦੇ ਅਹੁਦੇ ਲਈ ਇਸ ਵਾਰ ਗੁਰਪ੍ਰੀਤ ਸਿੰਘ ਝੱਬਰ ਦੇ ਨਾਮ ‘ਤੇ ਸਹਿਮਤੀ ਬਣੀ ਅਤੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਸ਼੍ਰੋਮਣੀ ਕਮੇਟੀ ਦਾ ਨਵਾਂ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਜਨਰਲ ਇਜਲਾਸ ਦੀ ਕਾਰਵਾਈ ਦੌਰਾਨ ਸਮੂਹ ਮੈਂਬਰਾਂ ਵੱਲੋਂ ਪੰਥਕ ਮਰਿਆਦਾ ਅਨੁਸਾਰ ਇਨ੍ਹਾਂ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ। ਚੋਣ ਉਪਰੰਤ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਸ ਸਾਲਾਨਾ ਚੋਣ ‘ਤੇ ਪੂਰੇ ਸਿੱਖ ਜਗਤ ਅਤੇ ਪੰਜਾਬ ਦੀਆਂ ਸਿਆਸੀ ਤੇ ਧਾਰਮਿਕ ਧਿਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਅਤੇ ਪੰਥਕ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਪਹੁੰਚ ਨੂੰ ਵੇਖਦਿਆਂ ਮੈਂਬਰਾਂ ਨੇ ਮੁੜ ਉਨ੍ਹਾਂ ਦੀ ਅਗਵਾਈ ਨੂੰ ਸਵੀਕਾਰ ਕੀਤਾ ਹੈ।
ਜਨਰਲ ਇਜਲਾਸ ਦੌਰਾਨ ਚੁਣੇ ਗਏ ਅਹੁਦੇਦਾਰਾਂ ਦਾ ਵੇਰਵਾ
- ਪ੍ਰਧਾਨ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
- ਸੀਨੀਅਰ ਮੀਤ ਪ੍ਰਧਾਨ: ਰਘੂਜੀਤ ਸਿੰਘ ਵਿਰਕ
- ਜੂਨੀਅਰ ਮੀਤ ਪ੍ਰਧਾਨ: ਗੁਰਬਖਸ਼ ਸਿੰਘ ਖਾਲਸਾ
- ਜਨਰਲ ਸਕੱਤਰ: ਗੁਰਪ੍ਰੀਤ ਸਿੰਘ ਝੱਬਰ
ਮੁੱਖ ਅਹੁਦੇਦਾਰਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 11 ਮੈਂਬਰੀ ਅੰਤ੍ਰਿੰਗ ਕਮੇਟੀ (ਕਾਰਜਕਾਰਨੀ) ਦੀ ਚੋਣ ਵੀ ਕੀਤੀ ਗਈ ਹੈ।
ਚੁਣੇ ਗਏ ਅੰਤ੍ਰਿੰਗ ਮੈਂਬਰਾਂ ਦੇ ਨਾਮ
- ਮੋਹਨ ਸਿੰਘ ਬੰਗੀ
- ਬਾਵਾ ਸਿੰਘ ਗੁਮਾਨਪੁਰਾ
- ਰਣਜੀਤ ਸਿੰਘ ਕਾਹਲੋਂ
- ਨਵਤੇਜ ਸਿੰਘ ਕਾਉਣੀ
- ਬੀਬੀ ਪਰਮਜੀਤ ਕੌਰ ਮੂਣਕ
- ਰਵਿੰਦਰ ਸਿੰਘ ਖਾਲਸਾ
- ਦਰਸ਼ਨ ਸਿੰਘ ਬਰਾੜ ਮੋਠਾਂਵਾਲੀ
- ਚਰਨ ਸਿੰਘ ਆਲਮਗੀਰ
- ਗੁਰਿੰਦਰਪਾਲ ਸਿੰਘ ਗੋਰਾ
- ਕੁਲਦੀਪ ਸਿੰਘ ਨੱਸੂਪੁਰ
- ਬੀਬੀ ਨਰਿੰਦਰ ਕੌਰ ਰਣੀਆ
ਨਵੀਂ ਚੁਣੀ ਗਈ ਸਮੁੱਚੀ ਟੀਮ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕਰਦਿਆਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਗੁਰਦੁਆਰਾ ਪ੍ਰਬੰਧਾਂ ਵਿੱਚ ਹੋਰ ਸੁਧਾਰ ਲਿਆਉਣ, ਧਰਮ ਪ੍ਰਚਾਰ ਲਹਿਰ ਨੂੰ ਤੇਜ਼ ਕਰਨ ਅਤੇ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਣਗੇ।
















