ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਵੱਲੋਂ ਵੱਖਰਾ ‘ਸਿਆਸੀ ਵਿੰਗ’ ਬਣਾਉਣ ਦਾ ਐਲਾਨ, 40 ਤੋਂ 50 ਲੱਖ ਵੋਟ ਬੈਂਕ ਦੀ ਤਾਕਤ ਦਿਖਾਉਣਗੇ ਪੰਜਾਬ ਦੇ ਮੁਲਾਜ਼ਮ; ਖਹਿਰਾ ਨੇ ਸਿਆਸੀ ਪਾਰਟੀਆਂ ਨੂੰ ਦਿੱਤੀ ਸਿੱਧੀ ਚੇਤਾਵਨੀ
“ਹੁਣ ਹੱਥ ਨਹੀਂ ਅੱਡਾਂਗੇ, ਸੱਤਾ ਦੇ ਭਾਈਵਾਲ ਬਣਾਂਗੇ”: ਪਟਿਆਲਾ ਵਿਖੇ ਮੁਲਾਜ਼ਮ ਆਗੂਆਂ ਵੱਲੋਂ ਸਿਆਸੀ ਵਿੰਗ ਦਾ ਗਠਨ
ਪੁਰਾਣੀ ਪੈਨਸ਼ਨ ਅਤੇ ਪੂਰੀਆਂ ਤਨਖਾਹਾਂ ਲਈ ਮੁਲਾਜ਼ਮਾਂ ਦਾ ਨਵਾਂ ਪੈਂਤੜਾ, ਜ਼ਿਲ੍ਹਾ ਪੱਧਰ ‘ਤੇ ਸਿਆਸੀ ਇਕਾਈਆਂ ਬਣਾਉਣ ਦੀ ਮੁਹਿੰਮ ਤੇਜ਼
ਪੰਜਾਬ ਨੈੱਟਵਰਕ, ਪਟਿਆਲਾ: ਪੰਜਾਬ ਦੇ ਮੁਲਾਜ਼ਮ ਵਰਗ ਨੇ ਹੁਣ ਆਪਣੀਆਂ ਹੱਕੀ ਮੰਗਾਂ ਮਨਵਾਉਣ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਸਿੱਧੀ ਦਖ਼ਲਅੰਦਾਜ਼ੀ ਕਰਨ ਲਈ ਕਮਰ ਕੱਸ ਲਈ ਹੈ। ਅੱਜ ਪਟਿਆਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉੱਘੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਇੱਕ ਵੱਖਰਾ ‘ਸਿਆਸੀ ਮੁਲਾਜ਼ਮ ਵਿੰਗ’ (Political Wing) ਬਣਾਉਣ ਦਾ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਦੇ ਲਗਭਗ 8 ਲੱਖ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਾ ਕੇ 40 ਤੋਂ 50 ਲੱਖ ਵੋਟਾਂ ਦਾ ਇੱਕ ਵੱਡਾ ਹਿੱਸਾ ਬਣਦਾ ਹੈ, ਜਿਸ ਨੂੰ ਹੁਣ ਕੋਈ ਵੀ ਸਿਆਸੀ ਧਿਰ ਨਜ਼ਰਅੰਦਾਜ਼ ਨਹੀਂ ਕਰ ਸਕੇਗੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਖਚੈਨ ਸਿੰਘ ਖਹਿਰਾ ਨੇ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ‘ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰਾਂ ਪੰਜਾਬ ਵਿੱਚ ਸਭ ਤੋਂ ਵੱਧ ਤਨਖਾਹਾਂ ਦੇਣ ਦੇ ਝੂਠੇ ਦਾਅਵੇ ਕਰ ਰਹੀਆਂ ਹਨ, ਜਦਕਿ ਅਸਲੀਅਤ ਇਹ ਹੈ ਕਿ ਨਵੇਂ ਭਰਤੀ ਹੋ ਰਹੇ ਨੌਜਵਾਨਾਂ ਨੂੰ 19,900 ਰੁਪਏ ਦੇ ਮੁੱਢਲੇ ਸਕੇਲ ਦਾ ਲਾਲਚ ਦੇ ਕੇ ਕਟੌਤੀਆਂ ਤੋਂ ਬਾਅਦ ਮਹਿਜ਼ 17,700 ਰੁਪਏ ਹੀ ਦਿੱਤੇ ਜਾ ਰਹੇ ਹਨ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਜਿਹੜੇ ਲੋਕ ਸੇਵਕ (ਸਿਆਸਤਦਾਨ) ਅਸੀਂ ਚੁਣੇ ਹਨ, ਉਨ੍ਹਾਂ ਨੇ ਆਪਣੀਆਂ ਪੈਨਸ਼ਨਾਂ ਤਾਂ ਛੇ-ਛੇ ਗੁਣਾ ਵਧਾ ਲਈਆਂ ਹਨ, ਪਰ ਦਿਨ-ਰਾਤ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ ਅਤੇ ਤਿੰਨ ਸਾਲਾਂ ਦੇ ਪਰਖ ਕਾਲ (ਪ੍ਰੋਬੇਸ਼ਨ ਪੀਰੀਅਡ) ਦੇ ਨਾਂ ‘ਤੇ ਨੌਜਵਾਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਖਹਿਰਾ ਨੇ ਅੱਗੇ ਕਿਹਾ ਕਿ ਇਹ ਲੜਾਈ ਸਿਰਫ਼ ਮੁਲਾਜ਼ਮਾਂ ਦੀ ਨਹੀਂ, ਸਗੋਂ ਸਮੁੱਚੇ ਸਮਾਜ ਅਤੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਨੌਜਵਾਨਾਂ ਨੂੰ ਨਿਰਾਸ਼ ਕਰਕੇ ਵਿਦੇਸ਼ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੀ ਮਨੁੱਖੀ ਸ਼ਕਤੀ ਅਤੇ ਸਰਮਾਇਆ ਦੋਵੇਂ ਬਾਹਰਲੇ ਮੁਲਕਾਂ ਦੇ ਵਿਕਾਸ ਵਿੱਚ ਲੱਗ ਰਹੇ ਹਨ।
ਨਵੇਂ ਬਣਨ ਵਾਲੇ ਸਿਆਸੀ ਵਿੰਗ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਵਿੰਗ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਚੋਣ ਮਨੋਰਥ ਪੱਤਰਾਂ (ਮੈਨੀਫੈਸਟੋ) ਵਿੱਚ ਲਿਖੇ ਝੂਠੇ ਵਾਅਦਿਆਂ ‘ਤੇ ਯਕੀਨ ਨਹੀਂ ਕੀਤਾ ਜਾਵੇਗਾ, ਸਗੋਂ ਪਾਰਟੀਆਂ ਤੋਂ ਠੋਸ ਰੂਪ-ਰੇਖਾ ਪੁੱਛੀ ਜਾਵੇਗੀ ਕਿ 5 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੇ ਪੰਜਾਬ ਦੇ ਖਜ਼ਾਨੇ ਵਿੱਚੋਂ ਉਹ ਪੁਰਾਣੀ ਪੈਨਸ਼ਨ ਅਤੇ ਪੂਰੀਆਂ ਤਨਖਾਹਾਂ ਕਿਵੇਂ ਦੇਣਗੀਆਂ? ਇਸ ਤੋਂ ਇਲਾਵਾ ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਉਨ੍ਹਾਂ ਕੋਲ ਕੀ ਠੋਸ ਯੋਜਨਾ ਹੈ? ਜਿਹੜੀ ਪਾਰਟੀ ਮੁਲਾਜ਼ਮਾਂ ਅਤੇ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਠੋਸ ਜਵਾਬ ਦੇਵੇਗੀ, ਇਹ ਵਿੰਗ ਉਸੇ ਦਾ ਸਮਰਥਨ ਕਰੇਗਾ।
ਉਨ੍ਹਾਂ ਦੱਸਿਆ ਕਿ ਪਟਿਆਲਾ ਤੋਂ ਪਹਿਲਾਂ ਫਰੀਦਕੋਟ, ਬਠਿੰਡਾ, ਅੰਮ੍ਰਿਤਸਰ, ਪਠਾਨਕੋਟ ਅਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਇਸ ਵਿੰਗ ਦੀਆਂ ਇਕਾਈਆਂ ਦਾ ਗਠਨ ਹੋ ਚੁੱਕਾ ਹੈ। ਜਲਦੀ ਹੀ ਬਾਕੀ ਜ਼ਿਲ੍ਹਿਆਂ ਦੀ ਪ੍ਰਕਿਰਿਆ ਪੂਰੀ ਕਰਕੇ ਸੂਬਾ ਪੱਧਰੀ ਮੀਟਿੰਗ ਬੁਲਾਈ ਜਾਵੇਗੀ ਅਤੇ ਇੱਕ ਵੱਡੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨੀ ਬੰਦਿਸ਼ਾਂ ਕਾਰਨ ਮੌਜੂਦਾ ਮੁਲਾਜ਼ਮ ਸਿੱਧੀ ਸਿਆਸਤ ਵਿੱਚ ਨਹੀਂ ਆ ਸਕਦੇ, ਇਸ ਲਈ ਜਦੋਂ ਇਹ ਵਿੰਗ ਪੂਰੀ ਤਰ੍ਹਾਂ ਸਿਆਸੀ ਰੂਪ ਵਿੱਚ ਸਰਗਰਮ ਹੋਵੇਗਾ, ਤਾਂ ਸੇਵਾਮੁਕਤ (ਰਿਟਾਇਰਡ) ਮੁਲਾਜ਼ਮ ਆਗੂ ਇਸ ਦੀ ਵਾਗਡੋਰ ਸੰਭਾਲਣਗੇ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹੁਣ ਮੁਲਾਜ਼ਮ ਮੰਗਤੇ ਬਣ ਕੇ ਹੱਥ ਨਹੀਂ ਅੱਡਣਗੇ, ਸਗੋਂ ਸੱਤਾ ਦੇ ਭਾਈਵਾਲ ਬਣਨਗੇ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਉਸੇ ਦੀ ਬਣੇਗੀ ਜਿਸ ਦੇ ਨਾਲ ਮੁਲਾਜ਼ਮ ਵਰਗ ਖੜ੍ਹਾ ਹੋਵੇਗਾ।















