Parliament Special Session! ਵੱਡੀ ਖ਼ਬਰ: ਕੇਂਦਰ ਸਰਕਾਰ ਵੱਲੋਂ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਐਲਾਨ, 30 ਨਵੰਬਰ ਤੋਂ ਸ਼ੁਰੂ ਹੋਵੇਗੀ ਕਾਰਵਾਈ
ਸੰਸਦ ਦੇ ਵਿਸ਼ੇਸ਼ ਇਜਲਾਸ ਨੂੰ ਲੈ ਕੇ ਸਿਆਸਤ ਗਰਮਾਈ, ਰਣਨੀਤੀ ਘੜਨ ਲਈ ਕਾਂਗਰਸ ਨੇ ਸੱਦੀ ਅਹਿਮ ਮੀਟਿੰਗ
ਇਤਿਹਾਸ ਵਿੱਚ ਪਹਿਲੀ ਵਾਰ 98 ਦਿਨਾਂ ਬਾਅਦ ਵੀ ਖ਼ਤਮ ਨਹੀਂ ਹੋਇਆ ਮਾਨਸੂਨ ਇਜਲਾਸ, ਹੁਣ ਮੁੜ ਬੈਠਣਗੇ ਦੋਵੇਂ ਸਦਨ
30 ਨਵੰਬਰ ਨੂੰ ਲੋਕ ਸਭਾ ਅਤੇ 2 ਦਸੰਬਰ ਨੂੰ ਰਾਜ ਸਭਾ ਦੀ ਹੋਵੇਗੀ ਬੈਠਕ, 3 ਦਸੰਬਰ ਤੱਕ ਚੱਲ ਸਕਦੀ ਹੈ ਕਾਰਵਾਈ
ਨਵੀਂ ਦਿੱਲੀ 26 ਨਵੰਬਰ 2026: ਕੇਂਦਰ ਸਰਕਾਰ ਵੱਲੋਂ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਤਿਆਰੀ ਕਰ ਲਈ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (X) ਰਾਹੀਂ ਇਸ ਸਬੰਧੀ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਨੂੰ ਬੇਨਤੀ ਕੀਤੀ ਹੈ ਕਿ ਜ਼ਰੂਰੀ ਸਰਕਾਰੀ ਕੰਮਕਾਜ ਨੂੰ ਨੇਪਰੇ ਚਾੜ੍ਹਨ ਲਈ ਸੋਮਵਾਰ, 30 ਨਵੰਬਰ 2026 ਨੂੰ ਲੋਕ ਸਭਾ ਅਤੇ ਬੁੱਧਵਾਰ, 2 ਦਸੰਬਰ 2026 ਨੂੰ ਰਾਜ ਸਭਾ ਦੀਆਂ ਬੈਠਕਾਂ ਮੁੜ ਬੁਲਾਈਆਂ ਜਾਣ।
ਸਰਕਾਰੀ ਕੰਮਕਾਜ ਦੀਆਂ ਲੋੜਾਂ ਨੂੰ ਦੇਖਦਿਆਂ ਦੋਵਾਂ ਸਦਨਾਂ ਦੀ ਇਹ ਕਾਰਵਾਈ 3 ਦਸੰਬਰ 2026 ਨੂੰ ਸਮਾਪਤ ਹੋ ਸਕਦੀ ਹੈ। ਸੰਸਦ ਦੇ ਇਸ ਵਿਸ਼ੇਸ਼ ਇਜਲਾਸ ਦੇ ਐਲਾਨ ਦੇ ਨਾਲ ਹੀ ਦੇਸ਼ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਘੇਰਨ ਅਤੇ ਸਦਨ ਅੰਦਰ ਆਪਣੀ ਰਣਨੀਤੀ ਤਿਆਰ ਕਰਨ ਲਈ ‘ਪਾਰਲੀਮੈਂਟਰੀ ਸਟਰੈਟਜੀ ਗਰੁੱਪ’ (ਸੰਸਦੀ ਰਣਨੀਤੀ ਸਮੂਹ) ਦੀ ਇੱਕ ਅਹਿਮ ਮੀਟਿੰਗ ਸੱਦ ਲਈ ਹੈ।
ਕਾਂਗਰਸ ਸੂਤਰਾਂ ਅਨੁਸਾਰ, ਇਹ ਮੀਟਿੰਗ ਭਲਕੇ ਸ਼ਾਮ ਸਾਢੇ 4 ਵਜੇ ਹੋਵੇਗੀ। ਇਸ ਬੈਠਕ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੀਨੀਅਰ ਆਗੂ ਸੋਨੀਆ ਗਾਂਧੀ ਅਤੇ ਜੈਰਾਮ ਰਮੇਸ਼ ਸਮੇਤ ਪਾਰਟੀ ਦੇ ਕਈ ਹੋਰ ਉੱਘੇ ਆਗੂ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਸੰਸਦ ਦੇ ਪਿਛਲੇ ਮਾਨਸੂਨ ਇਜਲਾਸ ਦੀ ਅਜੇ ਤੱਕ ਰਸਮੀ ਤੌਰ ‘ਤੇ ਸਮਾਪਤੀ (ਸੈਸ਼ਨ ਦੀ ਸਮਾਪਤੀ ਦਾ ਐਲਾਨ) ਨਹੀਂ ਕੀਤੀ ਗਈ ਹੈ। ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਿਆਂ 98 ਦਿਨ ਬੀਤ ਚੁੱਕੇ ਹਨ, ਪਰ ਇਸ ਨੂੰ ਰਸਮੀ ਤੌਰ ‘ਤੇ ਬੰਦ ਨਹੀਂ ਕੀਤਾ ਗਿਆ। ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਇਜਲਾਸ ਬੁਲਾਉਣ ਦੀ ਮੰਗ ਕੀਤੀ ਜਾ ਰਹੀ ਸੀ। ਭਾਰਤੀ ਸੰਸਦੀ ਇਤਿਹਾਸ ਵਿੱਚ ਇਹ ਇੱਕ ਨਵਾਂ ਰਿਕਾਰਡ ਬਣ ਗਿਆ ਹੈ, ਜਦੋਂ ਇੰਨੇ ਲੰਬੇ ਵਕਫ਼ੇ ਤੋਂ ਬਾਅਦ ਵੀ ਇਜਲਾਸ ਦੀ ਰਸਮੀ ਸਮਾਪਤੀ ਨਹੀਂ ਕੀਤੀ ਗਈ।
ਇਸ ਤੋਂ ਪਹਿਲਾਂ ਬਿਨਾਂ ਰਸਮੀ ਸਮਾਪਤੀ ਕੀਤੇ ਇਜਲਾਸ ਨੂੰ ਜਾਰੀ ਰੱਖਣ ਦਾ ਰਿਕਾਰਡ 87 ਦਿਨਾਂ ਦਾ ਸੀ, ਜੋ ਕਿ ਸਾਲ 2008 ਵਿੱਚ ਬਣਿਆ ਸੀ। ਜੇਕਰ ਪਿਛਲੇ ਅੰਕੜਿਆਂ ‘ਤੇ ਝਾਤ ਮਾਰੀਏ ਤਾਂ 1987 ਵਿੱਚ 76 ਦਿਨ, 1989 ਵਿੱਚ 54 ਦਿਨ, 2006 ਅਤੇ 2013 ਵਿੱਚ 49 ਦਿਨ ਅਤੇ 1963 ਵਿੱਚ 41 ਦਿਨਾਂ ਬਾਅਦ ਇਜਲਾਸ ਦੀ ਰਸਮੀ ਸਮਾਪਤੀ ਕੀਤੀ ਗਈ ਸੀ।
2008 ਵਿੱਚ ਕੀ ਹੋਇਆ ਸੀ?
ਸਾਲ 2008 ਵਿੱਚ ਜਦੋਂ 87 ਦਿਨਾਂ ਬਾਅਦ ਇਜਲਾਸ ਖ਼ਤਮ ਹੋਇਆ ਸੀ, ਉਸ ਸਮੇਂ ਬਜਟ ਇਜਲਾਸ ਤੋਂ ਬਾਅਦ 21 ਅਤੇ 22 ਜੁਲਾਈ ਨੂੰ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ। ਉਸ ਮੌਕੇ ਤਤਕਾਲੀ ਯੂ.ਪੀ.ਏ. (UPA) ਸਰਕਾਰ ਖ਼ਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ ‘ਤੇ ਬਹਿਸ ਹੋਈ ਸੀ। ਬੇਭਰੋਸਗੀ ਮਤੇ ‘ਤੇ ਚਰਚਾ ਤੋਂ ਬਾਅਦ ਵੀ ਇਜਲਾਸ ਨੂੰ ਰਸਮੀ ਤੌਰ ‘ਤੇ ਖ਼ਤਮ ਨਹੀਂ ਕੀਤਾ ਗਿਆ ਸੀ।
ਇਸ ਤੋਂ ਬਾਅਦ 17 ਤੋਂ 24 ਅਕਤੂਬਰ ਤੱਕ ਮੁੜ ਵਿਸ਼ੇਸ਼ ਇਜਲਾਸ ਬੁਲਾ ਕੇ ਕਾਰਵਾਈ ਮੁਲਤਵੀ ਕੀਤੀ ਗਈ ਅਤੇ ਫਿਰ 10 ਦਸੰਬਰ ਨੂੰ ਦੁਬਾਰਾ ਇਜਲਾਸ ਸੱਦਿਆ ਗਿਆ ਸੀ। ਮੌਜੂਦਾ ਹਾਲਾਤ ਵੀ ਕੁੱਝ ਉਸੇ ਤਰ੍ਹਾਂ ਦੇ ਸੰਸਦੀ ਪੈਂਤੜੇ ਵੱਲ ਇਸ਼ਾਰਾ ਕਰ ਰਹੇ ਹਨ।
















