ਈਰਾਨ ਦੇ ਰਾਜਦੂਤ ਨਾਲ DTF ਦੇ ਵਫ਼ਦ ਵੱਲੋਂ ਮੁਲਾਕਾਤ!! ਪੰਜਾਬ ਦੇ ਅਧਿਆਪਕਾਂ ਵੱਲੋਂ ਮਨਾਬ (ਇਰਾਨ) ਸਕੂਲ ‘ਤੇ ਅਮਰੀਕੀ ਹਮਲੇ ਦੇ ਪੀੜਤਾਂ ਲਈ ‘ਹਾਅ ਦਾ ਨਾਅਰਾ’
ਮਿਨਾਬ ਸਕੂਲ ਦੇ ਫੌਤ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਪਰਿਵਾਰਾਂ ਲਈ ਭੇਜੀ ਗਈ ਅੱਠ ਲੱਖ ਰੁਪਏ ਦੀ ਰਾਸ਼ੀ
ਚੰਡੀਗੜ੍ਹ 26 ਨਵੰਬਰ 2026- ਅਮਰੀਕੀ ਮਿਜ਼ਾਇਲ ਹਮਲੇ ਦੌਰਾਨ 28 ਫਰਵਰੀ 2026 ਨੂੰ ਦੱਖਣੀ ਇਰਾਨ ਦੇ ਸ਼ਹਿਰ ਮਿਨਾਬ ਵਿਖੇ ਇੱਕ ਐਲੀਮੈਂਟਰੀ ਸਕੂਲ ਵਿੱਚ ਮਾਰੇ ਗਏ ਸੈਂਕੜੇ ਨਿਰਦੋਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਪਰਿਵਾਰਾਂ ਲਈ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ ਪੰਜਾਬ ਦੇ ਅਧਿਆਪਕਾਂ ਤੋਂ ਇੱਕਤਰ ਕੀਤੀ ਅੱਠ ਲੱਖ ਰੁਪਏ ਦੀ ਮਾਨਵੀ ਸਹਾਇਤਾ ਅਤੇ ਇੱਕਜੁੱਟਤਾ ਪੱਤਰ (Solidarity letter) ਭਾਰਤ ਵਿੱਚ ਇਰਾਨ ਦੇ ਰਾਜਦੂਤ ਡਾ. ਮੁਹੰਮਦ ਫਤਹਾਲੀ ਰਾਹੀਂ ਨਵੀਂ ਦਿੱਲੀ ਵਿਖੇ ਸਥਿਤ ਇਰਾਨੀ ਦੂਤਾਵਾਸ ਵਿਖੇ ਪੁੱਜ ਕੇ ਸੌਂਪੀ ਗਈ ਹੈ।
ਇਸ ਮੌਕੇ ਦੂਤਾਵਾਸ ਦੇ ਅਧਿਕਾਰੀਆਂ ਵੱਲੋਂ ਇਸ ਸਹਾਇਤਾ ਲਈ ਡੈਮੋਕ੍ਰੈਟਿਕ ਟੀਚਰਜ਼ ਫਰੰਟ ਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਜਥੇਬੰਦੀ ਵੱਲੋਂ ਸੌਂਪਿਆ ਪੱਤਰ ਤੇ ਬੈਨਰ ਦੂਤਾਵਾਸ ਦੀ ਪ੍ਰਦਰਸ਼ਨੀ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਦੂਤਾਵਾਸ ਦੇ ਅਧਿਕਾਰੀਆਂ ਵੱਲੋਂ ਵਫ਼ਦ ਸਮੇਤ ਸਮੁੱਚੇ ਭਾਰਤੀ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ।
ਇਸ ਦੌਰਾਨ ਚੰਡੀਗੜ੍ਹ ਦੇ ਮੀਡੀਆ ਕਲੱਬ ਵਿਖੇ ਇਕੱਤਰ ਪ੍ਰੈਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਡਾ. ਹਰਦੀਪ ਸਿੰਘ ਟੋਡਰਪੁਰ (ਜਨਰਲ ਸਕੱਤਰ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ) ਅਤੇ ਗੁਰਪਿਆਰ ਕੋਟਲੀ (ਡੀ ਟੀ ਐਫ ਦੇ ਸੂਬਾ ਮੀਤ ਪ੍ਰਧਾਨ) ਨੇ ਆਖਿਆ ਕਿ ਇਜ਼ਰਾਈਲ ਅਤੇ ਅਮਰੀਕਾ ਦੁਆਰਾ ਇਰਾਨ ਉੱਪਰ ਥੋਪੀ ਨਿਹੱਕੀ ਜੰਗ ਦੌਰਾਨ ਭਾਵੇਂ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ।
ਪਰ ਮਿਨਾਬ ਦੇ ਸਕੂਲ ਉੱਤੇ ਹਮਲੇ ਦੌਰਾਨ ਸੈਂਕੜੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਾਰਿਆ ਜਾਣਾ ਅਤਿ ਦਰਜੇ ਦੀ ਬੇਰਹਿਮ ਤੇ ਦਮਨ ਭਰੀ ਨਿੰਦਣਯੋਗ ਕਾਰਵਾਈ ਹੈ, ਜਿਸ ਲਈ ਇਤਿਹਾਸ ਹਮਲਾਵਰ ਧਿਰ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਅਮਰੀਕੀ ਅਤੇ ਇਜ਼ਰਾਈਲੀ ਫੌਜਾਂ ਦੀਆਂ ਸਾਮਰਾਜੀ ਅਤੇ ਵਿਸਥਾਰਵਾਦੀ ਯੋਜਨਾਵਾਂ ਨੇ ਸਮੂਹਿਕ ਸਿੱਖਿਆ, ਖੁਸ਼ੀ ਅਤੇ ਬੌਧਿਕ ਵਿਕਾਸ ਲਈ ਬਣੇ ਇੱਕ ਵਿਦਿਅਕ ਕੈਂਪਸ ਨੂੰ ਯੁੱਧ ਦਾ ਮੈਦਾਨ ਬਣਾ ਦਿੱਤਾ। “ਅਸਮਾਨ ਤੋਂ ਮੌਤ ਅਤੇ ਤਬਾਹੀ” ਅਤੇ “ਪੱਥਰ ਯੁੱਗ ਵੱਲ ਵਾਪਸ” ਵਰਗੀਆਂ ਸਪੱਸ਼ਟ ਧਮਕੀਆਂ ਨੂੰ ਬੇ-ਹਥਿਆਰ ਸਕੂਲੀ ਬੱਚਿਆਂ ਉੱਤੇ ਬੇਰਹਿਮੀ ਨਾਲ ਅਮਲ ਵਿੱਚ ਲਿਆਂਦਾ ਗਿਆ। ਇਹ ਹਮਲਾ ਅੰਤਰਰਾਸ਼ਟਰੀ ਕਾਨੂੰਨ ਅਤੇ ਮਾਨਵੀ ਸਿਧਾਂਤਾਂ ਦੀ ਗੰਭੀਰ ਉਲੰਘਣਾ ਸੀ।
ਆਗੂਆਂ ਨੇ ਕਿਹਾ ਕਿ ਮਿਨਾਬ ਦੇ ਸਕੂਲ ਉੱਤੇ ਹੋਏ ਹਮਲੇ ਨੇ ਬ੍ਰਿਟਿਸ਼ ਸਾਮਰਾਜ ਦੁਆਰਾ ਜਲ੍ਹਿਆਂਵਾਲਾ ਬਾਗ਼ ਵਿਖੇ ਕੀਤੇ ਕਤਲੇਆਮ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਉਹਨਾਂ ਅੱਗੇ ਕਿਹਾ ਕਿ ਜਥੇਬੰਦੀ ਦੁਆਰਾ ਕੀਤੀ ਗਈ ਮਾਨਵੀ ਸਹਾਇਤਾ ਭਾਵੇਂ ਬਹੁਤ ਮਾਮੂਲੀ ਹੈ ਪਰ ਇਸ ਰਾਹੀਂ ਅਸੀਂ ਪੰਜਾਬ ਦੇ ਇਤਿਹਾਸ ਵਿੱਚ ਮੌਜੂਦ ‘ਹਾਅ ਦਾ ਨਾਅਰਾ’ ਮਾਰਨ ਦੀ ਸ਼ਾਨਾਮੱਤੀ ਰਵਾਇਤ ਨੂੰ ਕਾਇਮ ਰੱਖਣ ਦਾ ਯਤਨ ਕੀਤਾ ਹੈ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਜਥੇਬੰਦੀ ਵੱਲੋਂ ਇਹਨਾਂ ਬੱਚਿਆਂ ਅਤੇ ਅਧਿਆਪਕਾਂ ਦੀ ਯਾਦ ਵਿੱਚ 08 ਜੂਨ 2026 ਨੂੰ ਜਲੰਧਰ ਵਿਖੇ ਕਨਵੈਨਸ਼ਨ ਕਰਕੇ ਅਮਰੀਕਾ-ਇਜ਼ਰਾਈਲ ਵੱਲੋਂ ਸਾਮਰਾਜੀ ਧੁੱਸ ਤਹਿਤ ਇਰਾਨ ‘ਤੇ ਥੋਪੀ ਨਿਹੱਕੀ ਜੰਗ ਅਤੇ ਮਾਨਵਤਾ ਦੇ ਕੀਤੇ ਘਾਣ ਖ਼ਿਲਾਫ਼ ਰੋਸ ਮਾਰਚ ਵੀ ਕੀਤਾ ਗਿਆ ਸੀ।
ਵਫ਼ਦ ਵਿੱਚ ਸ਼ਾਮਿਲ ਜਥੇਬੰਦੀ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ,ਰਾਜੀਵ ਕੁਮਾਰ ਬਰਨਾਲਾ, ਨਿਰਮਲ ਬਰਨਾਲਾ, ਮੁਕੇਸ਼ ਕੁਮਾਰ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਇਰਾਨੀ ਦੂਤਾਵਾਸ ਦੇ ਅਧਿਕਾਰੀਆਂ ਨੇ ਭਾਰਤ ਅਤੇ ਇਰਾਨ ਵਿਚਕਾਰ ਗੂੜ੍ਹੇ ਰਿਸ਼ਤਿਆਂ, ਸੱਭਿਆਚਾਰਕ ਅਤੇ ਭਾਸ਼ਾਈ ਸਾਂਝ ਬਾਰੇ ਗੱਲਬਾਤ ਕਰਦਿਆਂ ਭਾਰਤ ਦੇ ਲੋਕਾਂ ਦੁਆਰਾ ਔਖੇ ਸਮੇਂ ਵਿੱਚ ਪ੍ਰਗਟਾਈ ਹਮਦਰਦੀ ਅਤੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਆਗੂਆਂ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਇਰਾਨ ਉੱਪਰ ਥੋਪੀ ਇਸ ਜੰਗ ਕਾਰਨ ਕੇਵਲ ਇਰਾਨ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਦੇਸ਼ਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਇਸ ਜੰਗ ਦੇ ਸਿੱਟੇ ਵਜੋਂ ਗੈਸ, ਤੇਲ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਜਿੱਥੇ ਲੋਕਾਂ ਦੀਆਂ ਜੇਬਾਂ ਉੱਤੇ ਭਾਰ ਪਿਆ ਉੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਰੁਜ਼ਗਾਰ ਤੋਂ ਵੀ ਹੱਥ ਧੋਣੇ ਪਏ।
ਉਹਨਾਂ ਆਖਿਆ ਕਿ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦਾ ਮੰਨਣਾ ਹੈ ਕਿ ਅਮਰੀਕਾ ਦੁਆਰਾ ਸੱਤਾ ਪਰਿਵਰਤਨ ਕਰਵਾਉਣ ਦੇ ਉਦੇਸ਼ ਨਾਲ ਇਰਾਨ ਉੱਪਰ ਥੋਪੀ ਗਈ ਜੰਗ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਸੀ ਕਿਉਂਕਿ ਕਿਸੇ ਵੀ ਦੇਸ਼ ਵਿੱਚ ਕਿਸ ਤਰ੍ਹਾਂ ਦਾ ਸ਼ਾਸਨ ਪ੍ਰਬੰਧ ਹੋਵੇ, ਇਹ ਤੈਅ ਕਰਨ ਦਾ ਅਧਿਕਾਰ ਉਸ ਦੇਸ਼ ਦੇ ਲੋਕਾਂ ਦਾ ਹੈ ਨਾ ਕਿ ਕਿਸੇ ਬਾਹਰੀ ਦੇਸ਼ ਦਾ। ਜਥੇਬੰਦੀ ਨੇ ਇਨਸਾਫ਼ ਪਸੰਦ ਲੋਕਾਂ ਵੱਲੋਂ ਅਮਰੀਕਾ-ਇਜ਼ਰਾਈਲ ਜੁੰਡਲੀ ਦੁਆਰਾ ਇਰਾਨ ਅਤੇ ਫ਼ਲਸਤੀਨ ਉੱਤੇ ਕੀਤੇ ਸਿੱਧੇ ਤੇ ਅਸਿੱਧੇ ਹਮਲਿਆਂ ਖ਼ਿਲਾਫ਼ ਬੁਲੰਦ ਕੀਤੀ ਆਵਾਜ਼ ਨਾਲ ਵੀ ਇਕਜੁੱਟਤਾ ਜ਼ਾਹਿਰ ਕੀਤੀ।
















