ਵੱਡੀ ਖ਼ਬਰ: ਜੇਲ੍ਹ ‘ਚ ਬੰਦ ਜੱਗੂ ਭਗਵਾਨਪੁਰੀਆ ਦੀ ਮਾਸੀ ਬਣੀ ਬਲਾਕ ਸੰਮਤੀ ਚੇਅਰਮੈਨ, ਆਪ ਉਮੀਦਵਾਰ ਦੀ ਮਿਲੀ ਕਰਾਰੀ ਹਾਰ
ਹਾਈਕੋਰਟ ਦੇ ਹੁਕਮਾਂ ‘ਤੇ ਹੋਈ ਵੀਡੀਓਗ੍ਰਾਫੀ ਅਤੇ ਭਾਰੀ ਸੁਰੱਖਿਆ ਹੇਠ ਹੋਈ ਚੋਣ; ‘ਆਪ’ ਉਮੀਦਵਾਰ ਨੂੰ ਮਿਲੀ ਹਾਰ
Punjab Network
ਡੇਰਾ ਬਾਬਾ ਨਾਨਕ/ਗੁਰਦਾਸਪੁਰ, 17 ਮਾਰਚ 2026 –
ਹਲਕਾ ਡੇਰਾ ਬਾਬਾ ਨਾਨਕ ਵਿੱਚ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਨੂੰ ਲੈ ਕੇ ਚੱਲ ਰਿਹਾ ਸਿਆਸੀ ਡਰਾਮਾ ਅੱਜ ਉਸ ਵੇਲੇ ਖਤਮ ਹੋ ਗਿਆ, ਜਦੋਂ ਮਾਨਯੋਗ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ (ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਸੀ) ਜੇਤੂ ਰਹੀ।
ਜ਼ਿਕਰਯੋਗ ਹੈ ਕਿ 5 ਮਾਰਚ ਨੂੰ ਹੋਣ ਵਾਲੀ ਚੋਣ ਕਿਸੇ ਕਾਰਨਾਂ ਕਰਕੇ ਮੁਲਤਵੀ ਹੋ ਗਈ ਸੀ, ਜਿਸ ਤੋਂ ਬਾਅਦ ਰਾਜਵਿੰਦਰ ਕੌਰ ਅਤੇ ਹੋਰ ਮੈਂਬਰਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਨੇ 17 ਮਾਰਚ ਨੂੰ ਡਿਪਟੀ ਕਮਿਸ਼ਨਰ ਅਤੇ ਵਕੀਲਾਂ ਦੇ ਵਫ਼ਦ ਦੀ ਨਿਗਰਾਨੀ ਹੇਠ ਵੀਡੀਓਗ੍ਰਾਫੀ ਰਾਹੀਂ ਨਿਰਪੱਖ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ।
ਤਹਿਸੀਲ ਕੰਪਲੈਕਸ ਡੇਰਾ ਬਾਬਾ ਨਾਨਕ ਵਿਖੇ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਹੇਠ ਹੋਈ ਵੋਟਿੰਗ ਦੇ ਨਤੀਜੇ ਵਿੱਚ ਰਾਜਵਿੰਦਰ ਕੌਰ (ਆਜ਼ਾਦ ਉਮੀਦਵਾਰ) 11 ਵੋਟਾਂ ਹਾਸਲ ਕਰਕੇ ਚੇਅਰਮੈਨ ਚੁਣੀ ਗਈ। (ਰਾਜਵਿੰਦਰ ਕੌਰ ਖ਼ੁਦ ਜੇਲ੍ਹ ਵਿੱਚ ਨਜ਼ਰਬੰਦ ਸੀ ਅਤੇ ਉਸ ਨੂੰ ਪੁਲਿਸ ਸੁਰੱਖਿਆ ਹੇਠ ਵੋਟ ਪਾਉਣ ਲਈ ਲਿਆਂਦਾ ਗਿਆ ਸੀ।)
ਰੇਸ਼ਮ ਸਿੰਘ ਪੱਡਾ (ਆਮ ਆਦਮੀ ਪਾਰਟੀ) ਇਨ੍ਹਾਂ ਨੂੰ 8 ਵੋਟਾਂ ਮਿਲੀਆਂ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। ਰਜਵੰਤ ਕੌਰ ਧਾਰੋਵਾਲੀ (ਆਮ ਆਦਮੀ ਪਾਰਟੀ) ਇਹ ਬਲਾਕ ਸੰਮਤੀ ਦੀ ਵਾਈਸ ਚੇਅਰਮੈਨ (ਉਪ-ਚੇਅਰਮੈਨ) ਚੁਣੀ ਗਈ ਹੈ।
ਐਸ.ਡੀ.ਐਮ. ਡੇਰਾ ਬਾਬਾ ਨਾਨਕ ਅਦਿੱਤਿਆ ਸ਼ਰਮਾ ਅਤੇ ਹਾਈਕੋਰਟ ਵੱਲੋਂ ਨਿਯੁਕਤ ਵਕੀਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਹੈ। ਵਕੀਲਾਂ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਨਯੋਗ ਅਦਾਲਤ ਦਾ ਧੰਨਵਾਦ ਕਰਦਿਆਂ ਚੋਣ ਨਤੀਜਿਆਂ ‘ਤੇ ਪੂਰੀ ਸੰਤੁਸ਼ਟੀ ਪ੍ਰਗਟਾਈ।






