TET ਖਿਲਾਫ ਪੰਜਾਬ ਵਿਧਾਨ ਸਭਾ ‘ਚ ਮਤਾ ਨਾ ਪਾਉਣ ਅਤੇ ਅਧਿਆਪਕਾਂ ‘ਤੇ ਲਾਠੀਚਾਰਜ ਕਰਨ ਵਿਰੁੱਧ Mann ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ
ਬਠਿੰਡਾ 17 ਮਾਰਚ 2026-
ਅਧਿਆਪਕਾਂ ਉੱਪਰ ਜਬਰੀ ਥੋਪੇ ਗਏ ਟੈੱਟ ਖਿਲਾਫ ਸੰਘਰਸ਼ ਕਰ ਰਹੇ ਅਧਿਆਪਕਾਂ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਝੰਡੇ ਥੱਲੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਜਗਪਾਲ ਸਿੰਘ ਬੰਗੀ, ਬੀਐਡ ਫਰੰਟ ਤੋਂ ਕਰਮਜੀਤ ਸਿੰਘ ਜਲਾਲ, ਰਾਜਵੀਰ ਸਿੰਘ ਮਾਨ, ਜੀਟੀਯੂ ਤੋਂ ਬਲਦੇਵ ਸਿੰਘ, ਡੀ ਟੀ ਐੱਫ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੋਆਣਾ, ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਤੋਂ ਜਗਦੀਸ਼ ਸਿੰਘ ਜੱਗੀ, ਅਧਿਆਪਕ ਦਲ ਤੋਂ ਮਨਸੁਖਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਆਪਕਾਂ ਉੱਪਰ ਜਬਰੀ ਥੋਪੇ ਗਏ ਟੀਈਟੀ ਖਿਲਾਫ ਅਨੰਦਪੁਰ ਸਾਹਿਬ ਵਿਖੇ ਕੀਤੇ ਗਏ ਪ੍ਰਦਰਸ਼ਨ ਦੇ ਦਬਾਅ ਥੱਲੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਜਥੇਬੰਦੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੁਆਰਾ ਅਧਿਆਪਕਾਂ ਉੱਪਰ ਟੀ ਈ ਟੀ ਦੀ ਸ਼ਰਤ ਲਗਾਉਣ ਦੇ ਫੈਸਲੇ ਖਿਲਾਫ ਵਿਧਾਨ ਸਭਾ ਵਿੱਚ ਮਤਾ ਲੈ ਕੇ ਆਵੇਗੀ ਅਤੇ ਸੁਪਰੀਮ ਕੋਰਟ ਵਿੱਚ ਇਸ ਸਬੰਧੀ ਰਿਵਿਊ ਪਟੀਸ਼ਨ ਵੀ ਦਾਖਲ ਕਰੇਗੀ।
ਪ੍ਰੰਤੂ ਸਰਕਾਰ ਵੱਲੋਂ ਨਾ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਕੋਈ ਰਿਵਿਊ ਪਟੀਸ਼ਨ ਪਾਈ ਗਈ ਹੈ ਅਤੇ ਨਾ ਹੀ ਵਿਧਾਨ ਸਭਾ ਵਿੱਚ ਇਸ ਸਬੰਧੀ ਕੋਈ ਮਤਾ ਲਿਆਂਦਾ ਗਿਆ, ਉਲਟਾ ਚੰਡੀਗੜ੍ਹ ਵਿਖੇ ਆਪਣੀ ਮੰਗ ਦੇ ਲਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਉੱਪਰ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਅੰਨ੍ਹਾ ਤਸ਼ੱਦਦ ਕੀਤਾ ਗਿਆ।
ਜਿਸ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਅੰਦਰ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਪੰਜਾਬ ਸਰਕਾਰ ਦੀ ਇਸ ਵਾਅਦਾ ਖਿਲਾਫੀ ਖਿਲਾਫ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਮੁਲਾਜ਼ਮਾਂ ਨੂੰ ਪੰਜਾਬ ਦੀ ਆਪ ਸਰਕਾਰ ਵੱਲੋਂ ਬਿਲਕੁਲ ਹੀ ਅੱਖੋਂ ਪਰੋਖੇ ਕੀਤਾ ਗਿਆ ਹੈ। ਮੁਲਾਜ਼ਮਾਂ ਦੀਆਂ ਸਾਰੀਆਂ ਹੀ ਮੰਗਾਂ ਨੂੰ ਦਰਕਿਨਾਰ ਕਰਦੇ ਹੋਏ ਮੁਲਾਜ਼ਮਾਂ ਦੇ ਖਿਲਾਫ ਫੈਸਲੇ ਕੀਤੇ ਜਾ ਰਹੇ ਹਨ। ਟੀਈਟੀ ਵਰਗੇ ਫੈਸਲਿਆਂ ਦੇ ਰਾਹੀਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ, ਪ੍ਰਾਈਵੇਟ ਅਦਾਰਿਆਂ ਨੂੰ ਸਕੂਲ ਵਿੱਚ ਦਾਖ਼ਲੇ ਦੇਣ ਅਤੇ ਨਵੀਂ ਸਿੱਖਿਆ ਨੀਤੀ 2020 ਦੇ ਮਨਸੂਬਿਆਂ ਤਹਿਤ ਸਿੱਖਿਆ ਦਾ ਭੋਗ ਪਾਉਣ ‘ਤੇ ਤੁਲੀ ਹੋਈ ਹੈ।
ਲੱਖਾਂ ਰੁਪਏ ਇਸ਼ਤਿਹਾਰਬਾਜ਼ੀਆਂ, ਕਾਨਫਰੰਸਾਂ ਅਤੇ ਕਾਰਪੋਰੇਟਾਂ ਨੂੰ ਗੱਫੇ ਦੇਣ ਵਾਲੀ ਸਰਕਾਰ ਆਪਣੇ ਮੁਨਾਫਿਆਂ ਲਈ ਲੋਕਾਂ ਦਾ ਪੈਸਾ ਥੋਕ ਦੇ ਭਾਅ ਲੁਟਾ ਰਹੀ ਹੈ, ਪ੍ਰੰਤੂ ਪਿਛਲੇ ਇੱਕ ਮਹੀਨੇ ਤੋਂ ਅਧਿਆਪਕਾਂ ਨੂੰ ਤਨਖਾਹ ਜਾਰੀ ਨਹੀਂ ਕਰ ਸਕੀ। ਅਧਿਆਪਕ ਤਨਖ਼ਾਹਾਂ ਤੋਂ ਬਿਨਾਂ ਫ਼ਾਕੇ ਕੱਟਣ ਲਈ ਮਜ਼ਬੂਰ ਹਨ। ਚੋਣ ਜਿੱਤਣ ਦੇ ਮਨਸੂਬਿਆਂ ਤਹਿਤ ਝੂਠ ਅਤੇ ਫਰੇਬ ਦੇ ਰਾਹੀਂ ਅਖੌਤੀ ਸਿੱਖਿਆ ਕ੍ਰਾਂਤੀ ਦੇ ਗਲਤ ਅੰਕੜਿਆਂ ਦੀ ਪੇਸ਼ਕਾਰੀ ਕਰਕੇ ਵਾਹਵਾ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚੋਣਾਂ ਦੇ ਇਸ ਵਰ੍ਹੇ ਜੇਕਰ ਸਰਕਾਰ ਵੱਲੋਂ ਅਧਿਆਪਕਾਂ ਉੱਪਰ ਜਬਰੀ ਥੋਪੀ ਜਾ ਰਹੀ ਟੀਈਟੀ ਦੀ ਸ਼ਰਤ ਵਾਪਸ ਨਹੀਂ ਲੈਂਦੀ ਅਤੇ ਪਿਛਲੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਦੀਆਂ ਪੁਰਾਣੀ ਪੈਨਸ਼ਨ ਸਮੇਤ ਸਮੁੱਚੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਪੰਜਾਬ ਦੇ ਸਮੁੱਚੇ ਮੁਲਾਜ਼ਮ ਸਰਕਾਰ ਦੇ ਖਿਲਾਫ ਤਿੱਖੇ ਸੰਘਰਸ਼ ਲੜਨ ਲਈ ਤਿਆਰ ਹਨ।
ਸਰਕਾਰ ਦੇ ਇਸ ਅੜੀਅਲ ਰਵਈਏ ਖਿਲਾਫ ਅੱਜ ਪੰਜਾਬ ਦੇ ਸਮੁੱਚੇ ਅਧਿਆਪਕ ਇਕ ਮੰਚ ਥੱਲੇ ਇਕੱਠੇ ਹੋ ਕੇ ਅਗਲੇ ਦਿਨਾਂ ਅੰਦਰ ਆਪਣੀਆਂ ਮੰਗਾਂ ਲਈ ਤਿੱਖੇ ਸੰਘਰਸ਼ਾਂ ਦੇ ਝਲਕਾਰੇ ਦਿਖਾਉਣਗੇ। ਇਸ ਸਮੇਂ ਜਸਵਿੰਦਰ ਸਿੰਘ, ਬੂਟਾ ਸਿੰਘ, ਦਵਿੰਦਰ ਸਿੰਘ, ਬੇਅੰਤ ਸਿੰਘ ਫੂਲੇਵਾਲਾ, ਹਰਜੀਤ ਸਿੰਘ ਜੀਦਾ ਅਤੇ ਲੋਕ ਮੋਰਚਾ ਤੋਂ ਗੁਰਮੁੱਖ ਸਿੰਘ ਨਥਾਨਾ ਨੇ ਧਰਨੇ ਨੂੰ ਸੰਬੋਧਨ ਕੀਤਾ, ਅਤੇ ਹੋਰ ਵੀ ਹਾਜ਼ਰ ਸਨ।






