ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ ਦੇ ਵਿਦਿਆਰਥੀ ਰਿਹਾਨ ਨੇ ਵਧਾਇਆ ਇਲਾਕੇ ਦਾ ਮਾਣ; ਨਵੋਦਿਆ ਵਿਦਿਆਲਿਆ ਪ੍ਰੀਖਿਆ ‘ਚ ਹਾਸਲ ਕੀਤਾ 49ਵਾਂ ਰੈਂਕ
ਜੰਡਿਆਲਾ/ਜਲੰਧਰ, 20 ਮਾਰਚ 2026:
ਜਲੰਧਰ ਰੋਡ ‘ਤੇ ਸਥਿਤ ਸਿਵਲ ਹਸਪਤਾਲ ਦੇ ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ ਦੇ ਹੋਣਹਾਰ ਵਿਦਿਆਰਥੀ ਰਿਹਾਨ ਨੇ ਆਪਣੀ ਮਿਹਨਤ ਸਦਕਾ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਰਿਹਾਨ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਦਾਖ਼ਲਾ ਪ੍ਰੀਖਿਆ ਵਿੱਚੋਂ 49ਵਾਂ ਰੈਂਕ ਹਾਸਲ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
ਸਕੂਲ ਇੰਚਾਰਜ ਅਧਿਆਪਕਾ ਸ਼੍ਰੀਮਤੀ ਨਿਧੀ ਕਪੂਰ ਨੇ ਰਿਹਾਨ ਦੀ ਇਸ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸਫਲਤਾ ਪਿੱਛੇ ਬੱਚੇ ਦੀ ਸਖ਼ਤ ਮਿਹਨਤ ਤੋਂ ਇਲਾਵਾ ਪਿਤਾ ਨਿਰਮਲ ਕੁਮਾਰ ਦਾ ਸਹਿਯੋਗ, ਸਕੂਲ ਅਧਿਆਪਕਾ ਸ਼੍ਰੀਮਤੀ ਲਵਿਤਾ ਅਤੇ ਸ਼੍ਰੀਮਤੀ ਮਮਤਾ ਦੀ ਯੋਗ ਰਹਿਨੁਮਾਈ ਅਤੇ ਵਿਸ਼ੇਸ਼ ਯੋਗਦਾਨ ਰਿਹਾ ਹੈ।
ਸਕੂਲ ਪ੍ਰਬੰਧਕਾਂ ਅਨੁਸਾਰ, ਸਰਕਾਰੀ ਸਕੂਲ ਦੇ ਬੱਚੇ ਵੱਲੋਂ ਅਜਿਹੀ ਮੱਲ ਮਾਰਨੀ ਦੂਜੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਬੱਬ ਬਣੇਗੀ। ਬੱਚੇ ਦੀ ਇਸ ਪ੍ਰਾਪਤੀ ‘ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਚਰਨਜੀਤ (CHT), ਧਨੀ ਪਿੰਡ/ਜੰਡਿਆਲਾ, ਰਾਕੇਸ਼ ਕੁਮਾਰ, ਸਟੇਟ ਐਵਾਰਡੀ ਅਧਿਆਪਕ (ਭੰਗਾਲਾ), ਸਕੂਲ ਦੀ SMC ਕਮੇਟੀ ਦੇ ਸਮੂਹ ਮੈਂਬਰ ਅਤੇ ਸਟਾਫ਼ ਹਾਜ਼ਰ ਸਨ।






