ਅਧਿਆਪਕਾਂ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ: 21 ਨੂੰ ਜਲੰਧਰ ‘ਚ ਵੱਡੀ ਰੋਸ ਰੈਲੀ; ਮੰਤਰੀ ਮਹਿੰਦਰ ਭਗਤ ਦੇ ਘਰ ਦਾ ਹੋਵੇਗਾ ਘੇਰਾਓ
ਅੰਮ੍ਰਿਤਸਰ/ਜਲੰਧਰ, 20 ਮਾਰਚ 2026: ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।
ਯੂਨੀਅਨ ਦੀ ਅੰਮ੍ਰਿਤਸਰ ਇਕਾਈ ਵੱਲੋਂ 21 ਤਾਰੀਖ਼ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੋਸ ਕੰਨਵੈਨਸ਼ਨ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਵੱਲ ਕੀਤੇ ਜਾਣ ਵਾਲੇ ਰੋਸ ਮਾਰਚ ਵਿੱਚ ਸੈਂਕੜੇ ਅਧਿਆਪਕ ਸ਼ਮੂਲੀਅਤ ਕਰਨਗੇ।
ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ, ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਜਨਰਲ ਸਕੱਤਰ ਨਵਦੀਪ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ 15 ਬਲਾਕਾਂ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੈਂਕੜੇ ਮਹਿਲਾ ਅਤੇ ਪੁਰਸ਼ ਅਧਿਆਪਕ ਵੱਖ-ਵੱਖ ਬਲਾਕਾਂ ਤੋਂ ਬੱਸਾਂ ਅਤੇ ਨਿੱਜੀ ਗੱਡੀਆਂ ਰਾਹੀਂ ਜਲੰਧਰ ਪਹੁੰਚਣਗੇ।
ਸਿੱਖਿਆ ਵਿਭਾਗ ਸੰਘਰਸ਼ ਕੰਮੇਟੀ ਪੰਜਾਬ ਦੇ ਬੈਨਰ ਹੇਠ ਕੀਤੀ ਜਾ ਰਹੀ ਇਸ ਰੈਲੀ ਵਿੱਚ ਹੇਠ ਲਿਖੀਆਂ ਅਹਿਮ ਮੰਗਾਂ ਚੁੱਕੀਆਂ ਜਾਣਗੀਆਂ… ਪੁਰਾਣੇ ਅਧਿਆਪਕਾਂ ‘ਤੇ ਜਬਰੀ ਥੋਪੀ ਗਈ ਟੈੱਟ (TET) ਦੀ ਸ਼ਰਤ ਨੂੰ ਤੁਰੰਤ ਖ਼ਤਮ ਕਰਨਾ। ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਪੂਰਨ ਰੂਪ ਵਿੱਚ ਲਾਗੂ ਕਰਨਾ, ਛੇਵੇਂ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ ਅਤੇ ਸੱਤਵੇਂ ਪੇ-ਕਮਿਸ਼ਨ ਦੀ ਤੁਰੰਤ ਘੋਸ਼ਣਾ।
16% ਡੀ.ਏ. (DA) ਦੀਆਂ ਕਿਸ਼ਤਾਂ ਜਾਰੀ ਕਰਨਾ ਅਤੇ ਬੰਦ ਕੀਤੇ ਗਏ ਪੇਂਡੂ, ਬਾਰਡਰ ਤੇ ਅੰਗਹੀਣ ਭੱਤੇ ਮੁੜ ਬਹਾਲ ਕਰਨਾ। ਕੱਚੇ ਮੁਲਾਜ਼ਮਾਂ ਨੂੰ ਪੂਰੇ ਲਾਭਾਂ ਸਮੇਤ ਪੱਕਾ ਕਰਨਾ ਅਤੇ ਬੀ.ਪੀ.ਈ.ਓ. ਦਫ਼ਤਰਾਂ ਦੇ ਮੁਲਾਜ਼ਮਾਂ ਦੀ ਤਨਖ਼ਾਹ ਕਟੌਤੀ ਬਿਨਾਂ ਰੈਗੂਲਰ ਕਰਨਾ। ਬੀ.ਐਲ.ਓ. (BLO) ਅਤੇ ਆਨਲਾਈਨ ਕੰਮਾਂ ਵਰਗੀਆਂ ਗੈਰ-ਵਿੱਦਿਅਕ ਡਿਊਟੀਆਂ ਬੰਦ ਕਰਕੇ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲੈਣਾ।
ਤਾਨਾਸ਼ਾਹੀ ਰਵੱਈਏ ਨੂੰ ਠੱਲ੍ਹ ਪਾਉਣ ਦੀ ਅਪੀਲ
ਇਸ ਸੰਘਰਸ਼ ਵਿੱਚ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਨਾਲ-ਨਾਲ ਮਾਸਟਰ ਕੇਡਰ ਯੂਨੀਅਨ, ਲੈਕਚਰਾਰ ਕੇਡਰ ਯੂਨੀਅਨ ਅਤੇ ਮਜਿਸਟਰੀਅਲ ਸਟਾਫ਼ ਐਸੋਸੀਏਸ਼ਨ ਵੀ ਸਾਂਝੇ ਤੌਰ ‘ਤੇ ਸ਼ਾਮਲ ਹੋ ਰਹੀ ਹੈ। ਆਗੂਆਂ ਨੇ ਸਰਕਾਰ ਦੇ ‘ਤਾਨਾਸ਼ਾਹੀ ਰਵੱਈਏ’ ਦੀ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਜਤਿੰਦਰਪਾਲ ਸਿੰਘ ਰੰਧਾਵਾ, ਪਰਮਬੀਰ ਸਿੰਘ, ਲਖਵਿੰਦਰ ਸਿੰਘ ਸੰਗੂਆਣਾ, ਸੁਖਦੇਵ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਥਿੰਦ, ਦਿਲਬਾਗ ਸਿੰਘ ਬਾਜਵਾ ਅਤੇ ਹੋਰ ਅਨੇਕਾਂ ਆਗੂਆਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਇਸ ਰੈਲੀ ਦਾ ਹਿੱਸਾ ਬਣਨ।






