ਵੱਡੀ ਖ਼ਬਰ: ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ AAP ਵਿਧਾਇਕ ਦੀ ਸਜ਼ਾ ਰੱਦ

 

ਵੱਡੀ ਖ਼ਬਰ: ਹਾਈਕੋਰਟ ਵੱਲੋਂ AAP ਵਿਧਾਇਕ ਲਾਲਪੁਰਾ ਦੀ ਸਜ਼ਾ ਰੱਦ

ਵਿਧਾਇਕੀ ‘ਤੇ ਮੰਡਰਾ ਰਿਹਾ ਖ਼ਤਰਾ ਟਲਿਆ!

ਚੰਡੀਗੜ੍ਹ, 30 ਮਾਰਚ 2026: ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਲਈ ਅੱਜ ਦਾ ਦਿਨ ਵੱਡੀ ਰਾਹਤ ਲੈ ਕੇ ਆਇਆ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਵਿਧਾਇਕ ਲਾਲਪੁਰਾ ਵਿਰੁੱਧ ਸਾਲ-2013 ਦੇ ਇੱਕ ਫੌਜਦਾਰੀ ਮਾਮਲੇ ਵਿੱਚ ਸੁਣਾਈ ਗਈ ਸਜ਼ਾ ਨੂੰ ਪੂਰੀ ਤਰ੍ਹਾਂ ਰੱਦ (Quash) ਕਰ ਦਿੱਤਾ ਹੈ।

ਕੀ ਸੀ ਪੂਰਾ ਮਾਮਲਾ?

ਵਿਧਾਇਕ ਲਾਲਪੁਰਾ ਵਿਰੁੱਧ ਇਹ ਕੇਸ ਲਗਭਗ 13 ਸਾਲ ਪੁਰਾਣਾ ਸੀ। ਸਾਲ 2013 ਵਿੱਚ ਪੁਲਿਸ ਸਟੇਸ਼ਨ ਤਰਨਤਾਰਨ ਵਿਖੇ FIR ਨੰਬਰ 69 ਦਰਜ ਕੀਤੀ ਗਈ ਸੀ।

ਇਸ ਮਾਮਲੇ ਵਿੱਚ IPC ਦੀਆਂ ਧਾਰਾਵਾਂ 323 (ਕੁੱਟਮਾਰ), 506 (ਧਮਕੀ), 148/149 (ਦੰਗਾ), 354 (ਮਹਿਲਾ ਦੀ ਮਰਿਆਦਾ ਨੂੰ ਠੇਸ) ਅਤੇ SC/ST ਐਕਟ ਵਰਗੀਆਂ ਗੰਭੀਰ ਧਾਰਾਵਾਂ ਸ਼ਾਮਲ ਸਨ।

ਪਟੀਸ਼ਨ (CRM-M 11535/2026) ‘ਤੇ ਸੁਣਵਾਈ ਜਸਟਿਸ ਤ੍ਰਿਭੁਵਨ ਦਹੀਆ ਦੇ ਬੈਂਚ ਸਾਹਮਣੇ ਹੋਈ। ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਸ਼ਿਕਾਇਤਕਰਤਾ ਅਤੇ ਵਿਧਾਇਕ ਵਿਚਾਲੇ ਆਪਸੀ ਸਹਿਮਤੀ ਨਾਲ ਸਮਝੌਤਾ ਹੋ ਚੁੱਕਾ ਹੈ।

ਵਕੀਲ ਵੱਲੋਂ ਸੁਪਰੀਮ ਕੋਰਟ ਦੇ ਉਨ੍ਹਾਂ ਇਤਿਹਾਸਕ ਫੈਸਲਿਆਂ ਦਾ ਹਵਾਲਾ ਦਿੱਤਾ ਗਿਆ, ਜਿਨ੍ਹਾਂ ਵਿੱਚ ਸਪੱਸ਼ਟ ਹੈ ਕਿ ਆਪਸੀ ਸਮਝੌਤੇ ਦੀ ਸੂਰਤ ਵਿੱਚ ਅਜਿਹੀਆਂ ਸਜ਼ਾਵਾਂ ਰੱਦ ਕੀਤੀਆਂ ਜਾ ਸਕਦੀਆਂ ਹਨ।

ਜੱਜ ਨੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਟੀਸ਼ਨ ਮਨਜ਼ੂਰ ਕੀਤੀ ਅਤੇ ਸਜ਼ਾ ਨੂੰ ਰੱਦ ਕਰਨ ਦੇ ਹੁਕਮ ਜਾਰੀ ਕੀਤੇ।

ਇਸ ਫੈਸਲੇ ਦੀ ਸਭ ਤੋਂ ਵੱਡੀ ਅਹਿਮਿਅਤ ਇਹ ਹੈ ਕਿ ਜੇਕਰ ਇਹ ਸਜ਼ਾ ਬਰਕਰਾਰ ਰਹਿੰਦੀ, ਤਾਂ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਣ ਦਾ ਖ਼ਤਰਾ ਬਣਿਆ ਹੋਇਆ ਸੀ।

ਹੁਣ ਸਜ਼ਾ ਰੱਦ ਹੋਣ ਨਾਲ ਉਨ੍ਹਾਂ ਦੀ ਸੰਵਿਧਾਨਕ ਸਥਿਤੀ ਮਜ਼ਬੂਤ ਹੋ ਗਈ ਹੈ। ਇਸ ਫੈਸਲੇ ਤੋਂ ਬਾਅਦ ਖਡੂਰ ਸਾਹਿਬ ਹਲਕੇ ਅਤੇ ਵਿਧਾਇਕ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਜਸ਼ਨ ਦਾ ਮਾਹੌਲ ਹੈ।