April Fool’s Day: ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦਾ ਬਣਾਇਆ ਐਪਰਲ ਫੂਲ ਡੇ! ਕਣਕ ਦੀ ਖਰੀਦ 1 ਅਪ੍ਰੈਲ ਤੋਂ ਕਰਨ ਦੇ ਦਾਅਵੇ ਨਿਕਲੇ ਖੋਖਲੇ
ਗੜੇਮਾਰੀ ਨਾਲ ਪ੍ਰਭਾਵਿਤ ਹੋਈ ਫਸਲ ਦਾ ਤੁਰੰਤ ਮੁਆਵਜ਼ਾ ਜਾਰੀ ਕਰੇ ਸਰਕਾਰ – ਅਵਤਾਰ ਮਹਿਮਾ
ਕਾਰਪੋਰੇਟ ਦੇ ਅੰਨ੍ਹੀ ਲੁੱਟ ਕਰਨ ਦੇ ਮਨਸੂਬਿਆਂ ਕਾਰਨ ਕੁਦਰਤ ਨਾਲ ਵੱਡੀ ਪੱਧਰ ‘ਤੇ ਹੋ ਰਿਹੈ ਖਿਲਵਾੜ
ਹਰ ਫਸਲ ਦੀ ਖਰੀਦ ਤੋਂ ਪਹਿਲਾਂ ਮੰਡੀਆਂ ਵਿੱਚ ਆੜਤੀਆਂ ਵੱਲੋਂ ਹੜਤਾਲ – ਕਿਸਾਨ ਖੱਜਲ ਖੁਆਰ
Punjab Network
ਫਿਰੋਜ਼ਪੁਰ 1 ਅਪ੍ਰੈਲ 2026
April Fool’s Day: ਭਗਵੰਤ ਮਾਨ ਸਰਕਾਰ ਵੱਲੋਂ ਹਰ ਸਾਲ ਪੰਜਾਬ ‘ਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਇਸ ਵਾਰ ਵੀ ਕੀਤਾ ਗਿਆ ਸੀ, ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਦਾਅਵਾ ਖੋਖਲਾ ਸਾਬਤ ਹੋਇਆ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਨੇ ਫਿਰੋਜ਼ਪੁਰ ਛਾਉਣੀ ਦੀ ਦਾਣਾ ਮੰਡੀ ਤੋਂ ਤਸਵੀਰ ਜਾਰੀ ਕਰਦਿਆਂ ਹੋਇਆ ਕੀਤਾ।
ਉਹਨਾਂ ਕਿਹਾ ਕਿ ਹਰ ਫਸਲ ਤੋਂ ਪਹਿਲਾਂ ਮੰਡੀਆਂ ਵਿੱਚ ਆੜਤੀਆਂ ਵੱਲੋਂ ਖਰੀਦ ਤੋਂ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹਨਾਂ ਕਿਹਾ ਕਿ ਸਰਕਾਰ ਨੂੰ ਸਮਾਂ ਰਹਿੰਦੇ ਆੜਤੀਆਂ, ਟਰੱਕ ਓਪਰੇਟਰਾਂ ਅਤੇ ਮੰਡੀ ਨਾਲ ਜੁੜੇ ਮਜਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ।
ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਵੀ ਖਰੀਦ ਕੇਂਦਰਾਂ ‘ਤੇ ਹਾਲੇ ਤੱਕ ਕੋਈ ਵੀ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ। ਕਿਸਾਨ ਆਗੂ ਨੇ ਕਿਹਾ ਕਿ ਕਾਰਪੋਰੇਟ ਦੇ ਅੰਨ੍ਹੀ ਲੁੱਟ ਕਰਨ ਦੇ ਮਨਸੂਬਿਆਂ ਕਾਰਨ ਕੁਦਰਤ ਨਾਲ ਵੱਡੀ ਪੱਧਰ ‘ਤੇ ਖਿਲਵਾੜ ਹੋ ਰਿਹਾ ਹੈ।
ਆਲਮੀ ਪੱਧਰ ‘ਤੇ ਕੀਤੇ ਜਾ ਰਹੇ ਅਣਮਨੁੱਖੀ ਵਿਗਿਆਨਕ ਤਜਰਬਿਆਂ ਕਾਰਨ ਧਰਤੀ ਦੇ ਵਾਤਾਵਰਨ ਦੀ ਭਾਰੀ ਤਬਾਹੀ ਹੋ ਰਹੀ ਹੈ ਜਿਸ ਕਰਕੇ ਵਿਗੜਦਾ ਮੌਸਮ ਹਰ ਵਾਰ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦਿੰਦਾ ਹੈ।
ਉਹਨਾਂ ਕਿਹਾ ਕਿ ਤਾਜ਼ਾ ਹੋਈ ਗੜੇਮਾਰੀ ਵਿੱਚ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਅੱਗੇ ਤੋਂ ਫਸਲਾਂ ਲਈ ਕਿਸਾਨ ਪੱਖੀ ਬੀਮਾ ਯੋਜਨਾ ਨੂੰ ਅਮਲ ਵਿੱਚ ਲਿਆਂਦਾ ਜਾਵੇ।






