ਵੱਡੀ ਖ਼ਬਰ: MP ਅੰਮ੍ਰਿਤਪਾਲ ਪੁੱਜੇ ਅੰਮ੍ਰਿਤਸਰ; ਜੱਲੂਪੁਰ ਖੇੜਾ ਲਈ ਹੋਏ ਰਵਾਨਾ- ਪੁਲਿਸ ਛਾਉਣੀ ‘ਚ ਬਦਲਿਆ ਪਿੰਡ
ਹਿਰਾਸਤੀ ਪੈਰੋਲ ‘ਤੇ ਪੰਜਾਬ ਪੁੱਜੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, 3 ਘੰਟਿਆਂ ਲਈ ਜੱਦੀ ਪਿੰਡ ਰਹਿਣ ਦੀ ਮਿਲੀ ਇਜਾਜ਼ਤ
ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਿਆਂਦੇ ਗਏ ਅੰਮ੍ਰਿਤਪਾਲ ਸਿੰਘ; ਦਾਦੀ ਮਾਤਾ ਚਰਨ ਕੌਰ ਦੇ ਸਸਕਾਰ ਮੌਕੇ ਪਿੰਡ ਵਿੱਚ ਭਾਰੀ ਪੁਲੀਸ ਬਲ ਤਾਇਨਾਤ
ਜੱਲੂਪੁਰ ਖੇੜਾ ਵਿਖੇ ਸੰਗਤ ਦੀ ਭਾਰੀ ਆਮਦ: ਦਾਦੀ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਲਈ ਸਖ਼ਤ ਪਹਿਰੇ ਹੇਠ ਪੁੱਜ ਰਹੇ ਨੇ ਅੰਮ੍ਰਿਤਪਾਲ ਸਿੰਘ
ਅੰਮ੍ਰਿਤਸਰ 21 ਨਵੰਬਰ 2026: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ (MP) ਅੰਮ੍ਰਿਤਪਾਲ ਸਿੰਘ ਆਪਣੀ ਦਾਦੀ ਮਾਤਾ ਚਰਨ ਕੌਰ ਜੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਸਖ਼ਤ ਪੁਲੀਸ ਸੁਰੱਖਿਆ ਹੇਠ ਅੰਮ੍ਰਿਤਸਰ ਪੁੱਜ ਗਏ ਹਨ। ਹਵਾਈ ਅੱਡੇ ਤੋਂ ਉਹ ਕੁੱਝ ਹੀ ਪਲਾਂ ਵਿੱਚ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਲਈ ਰਵਾਨਾ ਹੋਣਗੇ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਚੱਪੇ-ਚੱਪੇ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਲੈ ਕੇ ਪਿੰਡ ਜੱਲੂਪੁਰ ਖੇੜਾ ਤੱਕ ਦੇ ਸਮੁੱਚੇ ਰਸਤੇ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਮਾਤਾ ਚਰਨ ਕੌਰ ਜੀ ਦੇ ਅੰਤਿਮ ਸਸਕਾਰ ਦਾ ਸਮਾਂ ਅੱਜ ਦੁਪਹਿਰ 1 ਵਜੇ ਤੈਅ ਕੀਤਾ ਗਿਆ ਹੈ। ਸਸਕਾਰ ਦੀਆਂ ਧਾਰਮਿਕ ਰਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਪੁਲੀਸ ਪਹਿਰੇ ਹੇਠ ਉਨ੍ਹਾਂ ਦੇ ਜੱਦੀ ਘਰ ਲਿਜਾਇਆ ਜਾਵੇਗਾ, ਜਿੱਥੇ ਉਹ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨਗੇ ਅਤੇ ਉਸ ਤੋਂ ਬਾਅਦ ਅੰਤਿਮ ਸਸਕਾਰ ਵਾਲੀ ਥਾਂ ‘ਤੇ ਪੁੱਜਣਗੇ।
ਪਿੰਡ ਜੱਲੂਪੁਰ ਖੇੜਾ ਵਿੱਚ ਵੀ ਪੁਲੀਸ ਵੱਲੋਂ ਸਖ਼ਤ ਘੇਰਾਬੰਦੀ ਕੀਤੀ ਗਈ ਹੈ ਅਤੇ ਹਰ ਆਉਣ-ਜਾਣ ਵਾਲੇ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਮਨੁੱਖੀ ਹਮਦਰਦੀ ਦੇ ਆਧਾਰ ’ਤੇ ਅੰਮ੍ਰਿਤਪਾਲ ਸਿੰਘ ਨੂੰ ਅੱਜ 21 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ, ਯਾਨੀ ਕੁੱਲ ਤਿੰਨ ਘੰਟਿਆਂ ਲਈ ਪੁਲੀਸ ਹਿਰਾਸਤ ਵਿੱਚ ਆਪਣੇ ਪਿੰਡ ਜੱਲੂਪੁਰ ਖੇੜਾ ਵਿਖੇ ਰਹਿਣ ਦੀ ਹਿਰਾਸਤੀ ਪੈਰੋਲ ਮਨਜ਼ੂਰ ਕੀਤੀ ਗਈ ਹੈ।
ਇਸ ਤਹਿਤ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਸੱਤ ਵਾਹਨਾਂ ਦੇ ਸਖ਼ਤ ਸੁਰੱਖਿਆ ਕਾਫ਼ਲੇ ਰਾਹੀਂ ਡਿਬਰੂਗੜ੍ਹ ਹਵਾਈ ਅੱਡੇ ਲਿਆਂਦਾ ਗਿਆ। ਉੱਥੋਂ ਹਵਾਈ ਜਹਾਜ਼ ਰਾਹੀਂ ਪਹਿਲਾਂ ਦਿੱਲੀ ਅਤੇ ਫਿਰ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ‘ਤੇ ਲਿਆਂਦਾ ਗਿਆ ਹੈ। ਅਦਾਲਤ ਵੱਲੋਂ ਤੈਅ ਕੀਤੇ ਗਏ ਪ੍ਰਬੰਧਾਂ ਮੁਤਾਬਕ, ਪੈਰੋਲ ਦਾ ਸਮਾਂ ਪੂਰਾ ਹੋਣ ਉਪਰੰਤ ਉਨ੍ਹਾਂ ਨੂੰ 22 ਨਵੰਬਰ ਨੂੰ ਮੁੜ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚਾਇਆ ਜਾਵੇਗਾ।
ਦੂਜੇ ਪਾਸੇ, ਪਿੰਡ ਜੱਲੂਪੁਰ ਖੇੜਾ ਵਿਖੇ ਮਾਤਾ ਚਰਨ ਕੌਰ ਜੀ ਦੇ ਅੰਤਿਮ ਸਸਕਾਰ ਮੌਕੇ ਇਲਾਕੇ ਦੀਆਂ ਸੰਗਤਾਂ, ਰਿਸ਼ਤੇਦਾਰਾਂ ਅਤੇ ਸਮਰਥਕਾਂ ਦੀ ਵੱਡੀ ਗਿਣਤੀ ਵਿੱਚ ਆਮਦ ਸ਼ੁਰੂ ਹੋ ਗਈ ਹੈ। ਪਿੰਡ ਦੇ ਗ੍ਰੰਥੀ ਸਿੰਘਾਂ ਵੱਲੋਂ ਅੰਤਿਮ ਅਰਦਾਸ ਅਤੇ ਸਸਕਾਰ ਦੀਆਂ ਰਸਮਾਂ ਤਹਿਤ ਗੁਰਬਾਣੀ ਦਾ ਪਾਠ ਆਰੰਭ ਕਰ ਦਿੱਤਾ ਗਿਆ ਹੈ। ਸਮੁੱਚੇ ਪਿੰਡ ਵਿੱਚ ਇਸ ਵੇਲੇ ਗਮਗੀਨ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕਰਨ ਲਈ ਪੁੱਜ ਰਹੇ ਹਨ।
















