Punjab News: ਜੀਜੇ ਨੇ ਗਲਾ ਘੁੱਟ ਕੇ ਸਾਲੇ ਨੂੰ ਉਤਾਰਿਆ ਮੌਤ ਦੇ ਘਾਟ
20 ਸਾਲਾਂ ਤੋਂ ਪੰਜਾਬ ‘ਚ ਕਰ ਰਿਹਾ ਸੀ ਮਿਹਨਤ
ਜਲੰਧਰ, 1 ਅਪ੍ਰੈਲ 2026: ਜਲੰਧਰ ਦਿਹਾਤੀ ਦੇ ਥਾਂਣਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਜੰਡਿਆਲਾ ਦੇ ਪਿੰਡ ਪੰਡੋਰੀ ਮੁਸ਼ਾਰਕਤੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਮ੍ਰਿਤਕ ਦੇ ਆਪਣੇ ਸਗੇ ਜੀਜੇ ਨੇ ਗਲਾ ਘੁੱਟ ਕੇ ਕੀਤਾ ਹੈ।
ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਰਾਜਾ ਰਾਮ ਕੁੱਟੋ (ਪੁੱਤਰ ਰਿਸ਼ੀ) ਵਜੋਂ ਹੋਈ ਹੈ, ਜੋ ਕਿ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦਾ ਰਹਿਣ ਵਾਲਾ ਸੀ। ਰਾਜਾ ਰਾਮ ਪਿਛਲੇ 20 ਸਾਲਾਂ ਤੋਂ ਪੰਡੋਰੀ ਮੁਸ਼ਾਰਕਤੀ ਵਿਖੇ ਬੁੰਡਾਲਾ ਰੋਡ ‘ਤੇ ਸਥਿਤ ਇੱਕ ਕਿਸਾਨ ਦੇ ਖੂਹ ‘ਤੇ ਕੰਮ ਕਰ ਰਿਹਾ ਸੀ।
ਕਿਵੇਂ ਹੋਈ ਵਾਰਦਾਤ?
ਜੰਡਿਆਲਾ ਚੌਕੀ ਦੇ ਇੰਚਾਰਜ ਜਸਵੀਰ ਚੰਦ ਨੇ ਦੱਸਿਆ ਕਿ ਵਾਰਦਾਤ ਨੂੰ ਮ੍ਰਿਤਕ ਦੇ ਰਿਸ਼ਤੇਦਾਰ ਜੀਜੇ ਰਾਜਕੁਮਾਰ (ਪੁੱਤਰ ਸ਼ਾਮ ਲਾਲ) ਨੇ ਅੰਜਾਮ ਦਿੱਤਾ ਹੈ।
ਦੋਸ਼ੀ ਰਾਜਕੁਮਾਰ ਉੱਤਰ ਪ੍ਰਦੇਸ਼ ਦੇ ਬਾਜਪੁਰ ਦਾ ਰਹਿਣ ਵਾਲਾ ਹੈ ਅਤੇ ਇੱਥੇ ਇੱਕ ਇੰਟਰਲੌਕਿੰਗ ਟਾਈਲਾਂ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਜੀਜੇ ਨੇ ਆਪਣੇ ਸਾਲੇ ਦਾ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।
ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।
ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਮ੍ਰਿਤਕ ਲੰਬੇ ਸਮੇਂ ਤੋਂ ਪਿੰਡ ਵਿੱਚ ਰਹਿ ਰਿਹਾ ਸੀ ਅਤੇ ਸਭ ਨਾਲ ਮਿਲਣਸਾਰ ਸੀ।






