ਪੰਜਾਬ ‘ਚ ਵੱਡੀ ਵਾਰਦਾਤ: AAP ਦੀ ਬਲਾਕ ਪ੍ਰਧਾਨ ਨੂੰ ਨਕਲੀ ਪਿਸਟਲ ਦਿਖਾ ਕੇ ਲੁੱਟਿਆ
ਨਕਲੀ ਪਿਸਤੌਲ ਦਿਖਾ ਕੇ ਕੀਤੀ ਲੁੱਟ; ਹਿੰਮਤ ਦਿਖਾਉਣ ‘ਤੇ ਪਿਸਤੌਲ ਛੱਡ ਕੇ ਫ਼ਰਾਰ ਹੋਏ ਲੁਟੇਰੇ
ਧੀ ਦਾ ਰਿਜ਼ਲਟ ਦੇਖਣ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਹਾਦਸਾ; ਫ਼ਤਿਹਗੜ੍ਹ ਚੂੜੀਆਂ ਪੁਲਿਸ ਵੱਲੋਂ ਜਾਂਚ ਸ਼ੁਰੂ
ਗੁਰਦਾਸਪੁਰ, 2 April 2026-
ਗੁਰਦਾਸਪੁਰ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਬੱਦੋਵਾਲ ਦੀ ਰੇਲਵੇ ਕਰਾਸਿੰਗ ਕੋਲ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਲੁਟੇਰਿਆਂ ਨੇ ਆਮ ਆਦਮੀ ਪਾਰਟੀ (ਹਲਕਾ ਮਜੀਠਾ) ਦੇ ਪਿੰਡ ਥਰੀਏਵਾਲ ਦੀ ਬਲਾਕ ਪ੍ਰਧਾਨ ਕੰਵਲਜੀਤ ਕੌਰ ਕੋਲੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦਾ ਛੱਲਾ ਖੋਹ ਲਿਆ।
ਪੀੜਤ ਕੰਵਲਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੇ ਸਕੂਲ (ਜਵਾਹਰ ਨਵੋਦਿਆ ਵਿਦਿਆਲਿਆ, ਅਵਾਨ) ਰਿਜ਼ਲਟ ਬਾਰੇ ਪਤਾ ਕਰਨ ਜਾ ਰਹੇ ਸਨ। ਰਸਤੇ ਵਿੱਚ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੌਲ ਦਿਖਾ ਕੇ ਲੁੱਟ ਸ਼ੁਰੂ ਕਰ ਦਿੱਤੀ।
ਵਾਰਦਾਤ ਦੌਰਾਨ ਜਦੋਂ ਕੰਵਲਜੀਤ ਕੌਰ ਨੂੰ ਅਹਿਸਾਸ ਹੋਇਆ ਕਿ ਲੁਟੇਰਿਆਂ ਕੋਲ ਮੌਜੂਦ ਪਿਸਤੌਲ ਨਕਲੀ ਹੈ, ਤਾਂ ਉਨ੍ਹਾਂ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਲੁਟੇਰੇ ਹੱਥ ਨਹੀਂ ਚੜ੍ਹੇ ਅਤੇ ਫ਼ਰਾਰ ਹੋ ਗਏ, ਪਰ ਖਿੱਚਾ-ਧੂਣੀ ਦੌਰਾਨ ਲੁਟੇਰਿਆਂ ਦਾ ਨਕਲੀ ਪਿਸਤੌਲ ਮੌਕੇ ‘ਤੇ ਹੀ ਰਹਿ ਗਿਆ, ਜੋ ਕਿ ਪੀੜਤ ਪਰਿਵਾਰ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਐਸ.ਐਚ.ਓ. ਸੁਰਿੰਦਰਪਾਲ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੰਵਲਜੀਤ ਕੌਰ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਘਟਨਾ ਨੇ ਇੱਕ ਵਾਰ ਫਿਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਲੁਟੇਰਿਆਂ ਦੇ ਵਧਦੇ ਹੌਸਲਿਆਂ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।






