ਅਕਾਲੀ ਦਲ ਨੂੰ ਵੱਡਾ ਝਟਕਾ; ਕਈ ਸੀਨੀਅਰ ਪੰਥਕ ਲੀਡਰ ਭਾਜਪਾ ‘ਚ ਸ਼ਾਮਲ
ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਵਿਖੇ ਕੀਤਾ ਸਵਾਗਤ
ਚੰਡੀਗੜ੍ਹ, 5 April 2026: ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਅਕਾਲੀ ਦਲ (ਬਾਦਲ) ਦੇ ਕਈ ਸੀਨੀਅਰ ਅਤੇ ਪ੍ਰਭਾਵਸ਼ਾਲੀ ਪੰਥਿਕ ਨੇਤਾ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਇਹ ਸ਼ਮੂਲੀਅਤ ਭਾਜਪਾ ਪੰਜਾਬ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਪਾਰਟੀ ਦੇ ਸੂਬਾ ਮੁੱਖ ਦਫ਼ਤਰ ਵਿਖੇ ਹੋਈ।
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਚਿਹਰੇ

SGPC ਦੇ ਮੈਂਬਰ ਅਤੇ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਉਹ 2011 ਤੋਂ ਐਸ.ਜੀ.ਪੀ.ਸੀ. ਮੈਂਬਰ ਹਨ ਅਤੇ ਪਾਰਟੀ ਵਿੱਚ ਕਈ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਹਨ।
ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਅਤੇ ਕਪੂਰਥਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰ ਰਮਨਦੀਪ ਸਿੰਘ ਭਰੋਵਾਲ, ਉਨ੍ਹਾਂ ਦਾ ਸਿਆਸੀ ਸਫ਼ਰ 1995 ਤੋਂ ਯੂਥ ਅਕਾਲੀ ਦਲ ਨਾਲ ਸ਼ੁਰੂ ਹੋਇਆ ਸੀ।
ਨਕੋਦਰ ਇਲਾਕੇ ਦੇ ਪ੍ਰਭਾਵਸ਼ਾਲੀ ਨੇਤਾ ਅਵਤਾਰ ਸਿੰਘ ਰਾਮੇਵਾਲ, ਜਿਨ੍ਹਾਂ ਦਾ ਪਰਿਵਾਰ ਪਿਛਲੇ 50 ਸਾਲਾਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ। ਉਹ ਆਰਿਆ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਵੀ ਹਨ।
ਇਨ੍ਹਾਂ ਦਿੱਗਜਾਂ ਦੇ ਨਾਲ ਨਾਲ ਤਰਨ ਤਾਰਨ ਤੋਂ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਭੂਪਿੰਦਰ ਸਿੰਘ (ਟਿੱਟੂ) ਅਤੇ ਬੀ.ਸੀ. ਵਿੰਗ ਦੇ ਮੀਤ ਪ੍ਰਧਾਨ ਤਰਸੇਮ ਸਿੰਘ ਛਾਪੜੀ ਨੇ ਵੀ ਭਾਜਪਾ ਦਾ ਪੱਲਾ ਫੜਿਆ।
ਭਾਜਪਾ ਨੂੰ ਮਿਲੇਗੀ ਮਜ਼ਬੂਤੀ: ਅਸ਼ਵਨੀ ਸ਼ਰਮਾ
ਨਵੇਂ ਸ਼ਾਮਲ ਹੋਏ ਨੇਤਾਵਾਂ ਦਾ ਸਵਾਗਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਤਜਰਬਾ ਅਤੇ ਜਮੀਨੀ ਪੱਧਰ ‘ਤੇ ਪਕੜ ਭਾਜਪਾ ਨੂੰ ਪੰਜਾਬ ਵਿੱਚ ਹੋਰ ਵੀ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਆਉਣ ਨਾਲ ਪਾਰਟੀ ਦਾ ਆਧਾਰ ਵਧੇਗਾ ਅਤੇ ਪੰਜਾਬ ਵਿੱਚ ਵਿਕਾਸ ਤੇ ਸੁਸ਼ਾਸਨ ਦੇ ਟੀਚੇ ਨੂੰ ਹੋਰ ਤੇਜ਼ੀ ਮਿਲੇਗੀ।






