ਵੱਡੀ ਖ਼ਬਰ: ਭਗਵੰਤ ਮਾਨ ਸਰਕਾਰ ਦਾ ਤਾਨਾਸ਼ਾਹੀ ਚੇਹਰਾ ਬੇਨਕਾਬ; ਇਨਸਾਫ਼ ਮੰਗਦੇ 1158 ਫਰੰਟ ਦੇ 80 ਪ੍ਰੋਫ਼ੈਸਰਾਂ ਨੂੰ ਕੀਤਾ ਗ੍ਰਿਫ਼ਤਾਰ

 

ਵੱਡੀ ਖ਼ਬਰ: ਭਗਵੰਤ ਮਾਨ ਸਰਕਾਰ ਦਾ ਤਾਨਾਸ਼ਾਹੀ ਚੇਹਰਾ ਬੇਨਕਾਬ; ਇਨਸਾਫ਼ ਮੰਗਦੇ 1158 ਫਰੰਟ ਦੇ 80 ਪ੍ਰੋਫ਼ੈਸਰਾਂ ਨੂੰ ਕੀਤਾ ਗ੍ਰਿਫ਼ਤਾਰ

1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਵੱਲੋਂ ਭਗਵੰਤ ਮਾਨ ਦੀ ਰੈਲੀ ਦੌਰਾਨ ਪ੍ਰਦਰਸ਼ਨ, 80 ਪ੍ਰੋਫ਼ੈਸਰ ਗ੍ਰਿਫ਼ਤਾਰ

ਪਟਿਆਲਾ, 6 ਅਪ੍ਰੈਲ 2026

ਅੱਜ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੋਣ ਰੈਲੀ ਦੌਰਾਨ ਰੋਸ ਮਾਰਚ ਕਰਦੇ ਹੋਏ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਉਠਾਇਆ ਗਿਆ। ਫ਼ਰੰਟ ਦੇ ਕਾਰਕੁਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਅਪੀਲ ਕੀਤੀ ਗਈ।

1158 ਫ਼ਰੰਟ ਵੱਲੋਂ ਪਟਿਆਲੇ ਦੇ ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਸਰਕਾਰੀ ਕਾਲਜ (ਲੜਕੀਆਂ), ਸਟੇਟ ਐਜੂਕੇਸ਼ਨ ਕਾਲਜ, ਸਰਕਾਰੀ ਰਿਪੁਦਮਨ ਕਾਲਜ ਨਾਭਾ, ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਅਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਸਾਥੀ ਸ਼ਾਮਿਲ ਹੋਏ।

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕੋਲ ਇਕੱਤਰ ਹੋਣ ਉਪਰੰਤ ਰੋਸ ਮਾਰਚ ਕਰਦਿਆਂ ਪ੍ਰੋਫ਼ੈਸਰ ਮੁੱਖ ਮੰਤਰੀ ਦੀ ਰੈਲੀ ਵਾਲੇ ਪੰਡਾਲ ਵੱਲ ਵਧੇ। ਪੰਡਾਲ ਦੇ ਠੀਕ ਬਾਹਰ ਪੁਲਿਸ ਨੇ ਪ੍ਰੋਫ਼ੈਸਰਾਂ ਨਾਲ ਖਿੱਚ ਧੂਹ ਕੀਤੀ। ਟਕਰਾਅ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਤਕਰੀਬਨ 80 ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਵੈਨਾਂ ਵਿੱਚ ਡੱਕ ਕੇ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਜਬਰਨ ਡਿਟੇਨ ਕੀਤਾ।

ਫਰੰਟ ਦੇ ਆਗੂ ਡਾ. ਸੋਹੇਲ ਨੇ ਕਿਹਾ ਕਿ ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਸ ਵਿੱਚ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਨੂੰ ਬਰਕਰਾਰ ਰੱਖਣ ਦੀ ਮੰਗ ਸ਼ਾਮਿਲ ਹੈ, ਪਰ ਸੱਤ ਵਾਰ ਲਿਖਤੀ ਮੀਟਿੰਗਾਂ ਤੋਂ ਮੁੱਕਰ ਕੇ ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਦੀ ਫੂਕ ਆਪ ਹੀ ਕੱਢ ਚੁੱਕੀ ਹੈ।

ਡਾ. ਪਰਮਜੀਤ ਨੇ ਦੱਸਿਆ ਕਿ ਬੀਤੇ ਦਿਨ ਮੁੱਖ ਮੰਤਰੀ ਦੀ ਜੈਤੋ ਰੈਲੀ ਤੋਂ ਪਹਿਲਾਂ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਹੱਕੀ ਮੁੱਦਿਆਂ ਤੋਂ ਮੂੰਹ ਮੋੜਨ ਦੀ ਨੀਤੀ ਤਹਿਤ ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋ. ਹਿਮਾਂਸ਼ੂ ਨਾਗਪਾਲ ਅਤੇ ਡਾ. ਕੁਲਦੀਪ ਸਿੰਘ ਨੂੰ ਸਿਟੀ ਥਾਣਾ ਫ਼ਰੀਦਕੋਟ ਵਿਖੇ ਅਤੇ ਪ੍ਰੋ. ਸ਼ਮਸ਼ੇਰ ਗਿੱਲ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਜਿਹਨਾਂ ਨੂੰ 1158 ਫ਼ਰੰਟ, ਕਿਸਾਨ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਸੰਘਰਸ਼ ਉਪਰੰਤ ਰਿਹਾਅ ਕਰਵਾਇਆ ਗਿਆ।

ਅੱਜ ਪਟਿਆਲਾ ਵਿਖੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਜਾਰੀ ਹੈ। ਪ੍ਰੋ. ਪ੍ਰਿਤਪਾਲ ਨੇ ਕਿਹਾ ਕਿ ਜਦ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ। ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।