Education News: ਜ਼ਬਰੀ ਥੋਪੇ TET ਵਿਰੁੱਧ ਅਧਿਆਪਕ ਵੱਡੇ ਐਕਸ਼ਨ ਦੀ ਤਿਆਰੀ ‘ਚ; 11 ਅਪ੍ਰੈਲ ਨੂੰ ਘੇਰਨਗੇ CM ਮਾਨ ਦੀ ਰਿਹਾਇਸ਼

 

Education News: ਜ਼ਬਰੀ ਥੋਪੇ TET ਵਿਰੁੱਧ ਅਧਿਆਪਕ ਵੱਡੇ ਐਕਸ਼ਨ ਦੀ ਤਿਆਰੀ ‘ਚ; 11 ਅਪ੍ਰੈਲ ਨੂੰ ਘੇਰਨਗੇ CM ਮਾਨ ਦੀ ਰਿਹਾਇਸ਼

Education News: ਜ਼ਬਰੀ ਥੋਪੇ TET ਵਿਰੁੱਧ ਅਧਿਆਪਕਾਂ ਦੀ ਰੈਲੀ ਅਤੇ ਰੋਸ ਮਾਰਚ ਸੰਗਰੂਰ ਵਿਖੇ 11 ਨੂੰ

ਸੰਗਰੂਰ, 6 ਅਪ੍ਰੈਲ 2026-

ਸੁਪਰੀਮ ਕੋਰਟ ਦੇ ਬੀਤੇ 1 ਸਤੰਬਰ ਦੇ ਫੈਸਲੇ ਰਾਹੀਂ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਨੌਕਰੀ ਵਿੱਚ ਬਣੇ ਰਹਿਣ ਤੇ ਤਰੱਕੀ ਲੈਣ ਲਈ ਥੋਪੇ ਟੈੱਟ ਦੇ ਟੈਸਟ ਵਿਰੁੱਧ ਲੰਮੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਅਧਿਆਪਕਾਂ ਨਾਲ ਇਸ ਫੈਸਲੇ ਦੇ ਵਿਰੋਧ ਵਿੱਚ ਅਦਾਲਤ ਵਿੱਚ ਰੀਵਿਊ ਪਟੀਸ਼ਨ ਦਾਖਲ ਕਰਨ ਅਤੇ ਵਿਧਾਨ ਸਭਾ ਵਿੱਚ ਇਸ ਵਿਰੁੱਧ ਮਤਾ ਲਿਆਉਣ ਦਾ ਵਾਅਦਾ ਕੀਤਾ ਸੀ।

ਸਰਕਾਰ ਦੁਆਰਾ ਅਜਿਹਾ ਨਾ ਕਰਨ ਦੇ ਰੋਸ ਵਜੋਂ ਅਧਿਆਪਕ ਜਥੇਬੰਦੀਆਂ ਦੁਆਰਾ ਇਸ ਸੰਘਰਸ਼ ਦੀ ਲਗਾਤਾਰਤਾ ਵਿੱਚ 11 ਅਪ੍ਰੈਲ ਨੂੰ ਪਟਿਆਲਾ-ਸੰਗਰੂਰ ਹਾਈਵੇ ਉੱਪਰ ਸੰਗਰੂਰ ਵਿਖੇ ਓਵਰ ਬ੍ਰਿਜ ਦੇ ਹੇਠਾਂ ਰੋਸ ਰੈਲੀ ਕੀਤੀ ਜਾਵੇਗੀ ਅਤੇ ਇਸ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ‘ਵਾਅਦਾ ਖਿਲਾਫੀ ਮਾਰਚ’ ਕੀਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਇਹ ਰੈਲੀ ਅਤੇ ਮਾਰਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਦਿਗਵਿਜੇ ਪਾਲ) ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਸਬੰਧਤ ਡੀ.ਐੱਮ.ਐੱਫ.) ਦੁਆਰਾ ਸਾਂਝੇ ਰੂਪ ਵਿੱਚ ਕੀਤਾ ਜਾ ਰਿਹਾ ਹੈ ਅਤੇ ਹੋਰ ਅਧਿਆਪਕ ਜਥੇਬੰਦੀਆਂ ਵੀ ਇਸ ਵਿੱਚ ਭਰਾਤਰੀ ਤੌਰ ‘ਤੇ ਸ਼ਾਮਿਲ ਹੋਣਗੀਆਂ। ਉਹਨਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਐਕਸ਼ਨ ਵਿੱਚ ਸ਼ਾਮਿਲ ਹੋਣਗੇ।

ਇਸ ਤੋਂ ਇਲਾਵਾ ਅੱਜ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਐੱਸ.ਡੀ.ਐੱਮ. ਧੂਰੀ ਦੁਆਰਾ ਸਿੱਖਿਆ ਸਕੱਤਰ ਅਤੇ ਡੀਸੀ ਸੰਗਰੂਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਜਾਇਜ਼ ਕੇਸ ਵਿੱਚ ਅਧਿਆਪਕ ਦੀ ਬੀ.ਐੱਲ.ਓ. ਡਿਊਟੀ ਨਾ ਕੱਟਣ ਵਿਰੁੱਧ ਜਲਦ ਹੀ ਇਸ ਅਧਿਕਾਰੀ ਵਿਰੁੱਧ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੁਆਰਾ ਅਧਿਆਪਕਾਂ ਦੇ ਮਸਲੇ ਹੱਲ ਨਾ ਕਰਨ ਵਿਰੁੱਧ ਵੀ ਜਲਦ ਹੀ ਰੋਸ ਐਕਸ਼ਨ ਉਲੀਕਿਆ ਜਾਵੇਗਾ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਜਥੇਬੰਦਕ ਸਕੱਤਰ ਪਵਨ ਕੁਮਾਰ, ਪ੍ਰੈੱਸ ਸਕੱਤਰ ਜਸਬੀਰ ਨਮੋਲ ਅਤੇ ਬਲਾਕਾਂ ਦੇ ਆਗੂ ਗੁਰਪ੍ਰੀਤ ਬੱਬੀ, ਗੁਰਮੀਤ ਸੇਖੂਵਾਸ, ਮਹਿੰਦਰ ਪ੍ਰਤਾਪ, ਰਾਜਵੀਰ ਨਾਗਰਾ, ਸੁਖਪਾਲ ਧੂਰੀ, ਸਤਵੀਰ ਭੁਪਾਲ ਅਤੇ ਵਿਨੋਦ ਕੁਮਾਰ ਮੂਣਕ ਸ਼ਾਮਿਲ ਸਨ।