Weather Update: ਮੌਸਮ ਵਿਭਾਗ ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ‘ਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ

 

Weather Update: ਪੰਜਾਬ ‘ਚ ਕੁਦਰਤ ਦੀ ਮਾਰ: ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਨੇ ਵਧਾਈ ਕਿਸਾਨਾਂ ਦੀ ਚਿੰਤਾ; 17 ਜ਼ਿਲ੍ਹਿਆਂ ਵਿੱਚ ‘ਆਰੇਂਜ ਅਲਰਟ’ ਜਾਰੀ

Punjab Network

ਚੰਡੀਗੜ੍ਹ, 8 ਅਪ੍ਰੈਲ 2026:

Weather Update: ਪੰਜਾਬ ਵਿੱਚ ਮੰਗਲਵਾਰ ਦਿਨ ਅਤੇ ਰਾਤ ਵੇਲੇ ਹੋਈ ਬਾਰਿਸ਼ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਕਿਸਾਨਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।

ਸੂਬੇ ਦੇ ਕਈ ਹਿੱਸਿਆਂ ਵਿੱਚ ਹੋਈ ਤੇਜ਼ ਬਾਰਿਸ਼, ਗੜ੍ਹੇਮਾਰੀ ਅਤੇ ਹਨੇਰੀ ਕਾਰਨ ਖੇਤਾਂ ਅਤੇ ਮੰਡੀਆਂ ਵਿੱਚ ਪਈ ਸਰ੍ਹੋਂ ਤੇ ਕਣਕ ਦੀ ਫ਼ਸਲ ਭਿੱਜ ਗਈ ਹੈ।

ਜ਼ਿਆਦਾਤਰ ਫ਼ਸਲ ਅਜੇ ਕਟਾਈ ਲਈ ਤਿਆਰ ਖੇਤਾਂ ਵਿੱਚ ਹੀ ਖੜ੍ਹੀ ਹੈ। ਇਕੱਲੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੀ ਲਗਭਗ 40 ਹਜ਼ਾਰ ਏਕੜ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਲਈ ਵੀ ਸੂਬੇ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਦੀ ਚੇਤਾਵਨੀ (Orange Alert); ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਹਾਈ ਅਲਰਟ ਜਾਰੀ

ਮੌਸਮ ਵਿਭਾਗ ਨੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਫ਼ਤਿਹਗੜ੍ਹ ਸਾਹਿਬ ਲਈ ਹਾਈ ਅਲਰਟ ਜਾਰੀ ਕੀਤਾ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕਈ ਥਾਵਾਂ ‘ਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ।

ਵੀਰਵਾਰ ਤੋਂ ਮੌਸਮ ਮੁੜ ਖ਼ੁਸ਼ਕ ਹੋਣ ਦੀ ਉਮੀਦ ਹੈ। ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੰਡੀਆਂ ਵਿੱਚ ਪਈ ਫ਼ਸਲ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਜਾਂ ਤਰਪਾਲਾਂ ਨਾਲ ਢੱਕ ਕੇ ਰੱਖਣ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।

ਬਾਰਿਸ਼ ਦੇ ਅੰਕੜੇ (mm ਵਿੱਚ)- ਸਭ ਤੋਂ ਵੱਧ ਬਾਰਿਸ਼ ਫਾਜ਼ਿਲਕਾ ਵਿੱਚ ਦਰਜ ਕੀਤੀ ਗਈ:

ਫਾਜ਼ਿਲਕਾ: 12.0 mm

ਪਠਾਨਕੋਟ: 5.5 mm

ਫਰੀਦਕੋਟ: 3.3 mm

ਪਟਿਆਲਾ: 2.6 mm

ਅੰਮ੍ਰਿਤਸਰ: 2.0 mm

ਤਾਪਮਾਨ ਦਾ ਹਾਲ (Degree Celsius)

ਬਾਰਿਸ਼ ਕਾਰਨ ਦਿਨ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ:

ਬਠਿੰਡਾ: 28.6 (ਸਭ ਤੋਂ ਵੱਧ)

ਅੰਮ੍ਰਿਤਸਰ: 21.7 (ਸਧਾਰਨ ਨਾਲੋਂ -10.2 ਘੱਟ)

ਲੁਧਿਆਣਾ: 24.2

ਪਟਿਆਲਾ: 26.1

ਰਾਤ ਦੇ ਤਾਪਮਾਨ ਵਿੱਚ 2.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਸਧਾਰਨ ਨਾਲੋਂ 1.8 ਡਿਗਰੀ ਉੱਪਰ ਹੈ।