ਅਫ਼ਸਰ ਮੇਰਾ ਫ਼ੋਨ ਨਹੀਂ ਚੁੱਕਦਾ, ਇਹਦੀ ਬਦਲੀ ਕਰੋ! MLA ਬੀਬੀ ਨੇ ਮੰਤਰੀ ਸਾਬ੍ਹ ਨੂੰ ਲਿਖੀ ਚਿੱਠੀ
ਵਿਧਾਇਕਾ ਬਲਜਿੰਦਰ ਕੌਰ ਨੇ ਬਠਿੰਡਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਵਿਰੁੱਧ ਖੋਲ੍ਹਿਆ ਮੋਰਚਾ; ਮੰਤਰੀ ਖੁੱਡੀਆਂ ਨੂੰ ਚਿੱਠੀ ਲਿਖ ਕੇ ਬਦਲੀ ਦੀ ਕੀਤੀ ਮੰਗ
ਬਠਿੰਡਾ/ਤਲਵੰਡੀ ਸਾਬੋ, 9 ਅਪ੍ਰੈਲ 2026:
ਤਲਵੰਡੀ ਸਾਬੋ ਤੋਂ ਵਿਧਾਇਕਾ ਅਤੇ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਚੀਫ਼ ਵ੍ਹਿਪ ਬਲਜਿੰਦਰ ਕੌਰ ਵੱਲੋਂ ਬਠਿੰਡਾ ਦੇ ਮੁੱਖ ਖੇਤੀਬਾੜੀ ਅਧਿਕਾਰੀ (CAO) ਵਿਰੁੱਧ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ ਹੈ।
ਵਿਧਾਇਕਾ ਨੇ ਅਧਿਕਾਰੀ ‘ਤੇ ਅਸਹਿਯੋਗ ਦੇ ਦੋਸ਼ ਲਾਉਂਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਨ੍ਹਾਂ ਦੀ ਤਬਾਦਲੇ ਲਈ ਪੱਤਰ ਲਿਖਿਆ ਹੈ।
ਵਿਧਾਇਕਾ ਦੇ ਦੋਸ਼, “ਫ਼ੋਨ ਨਹੀਂ ਚੁੱਕਦੇ ਅਧਿਕਾਰੀ”
ਬਲਜਿੰਦਰ ਕੌਰ ਨੇ ਆਪਣੀ ਚਿੱਠੀ ਵਿੱਚ ਦੋਸ਼ ਲਾਇਆ ਹੈ ਕਿ ਮੁੱਖ ਖੇਤੀਬਾੜੀ ਅਧਿਕਾਰੀ ਸਰਕਾਰੀ ਕੰਮਾਂ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਅਧਿਕਾਰੀ ਵਿਰੁੱਧ ਪਹਿਲਾਂ ਹੀ ਕਈ ਸ਼ਿਕਾਇਤਾਂ ਹਨ ਅਤੇ ਉਹ ਚੁਣੇ ਹੋਏ ਨੁਮਾਇੰਦਿਆਂ ਦੇ ਫ਼ੋਨ ਤੱਕ ਚੁੱਕਣਾ ਮੁਨਾਸਿਬ ਨਹੀਂ ਸਮਝਦੇ। ਇਸੇ ਕਾਰਨ ਉਨ੍ਹਾਂ ਨੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਧਿਕਾਰੀ ਦੀ ਬਦਲੀ ਦੀ ਸਿਫਾਰਸ਼ ਕੀਤੀ ਹੈ।
ਖੇਤੀਬਾੜੀ ਅਧਿਕਾਰੀ ਦਾ ਪੱਖ, “ਵੀਡੀਓ ਕਾਨਫਰੰਸ ‘ਚ ਸੀ ਰੁੱਝਿਆ”
ਦੂਜੇ ਪਾਸੇ, ਮੁੱਖ ਖੇਤੀਬਾੜੀ ਅਧਿਕਾਰੀ ਹਰਬੰਸ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਜਾਣਬੁੱਝ ਕੇ ਫ਼ੋਨ ਨਜ਼ਰਅੰਦਾਜ਼ ਨਹੀਂ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਜਦੋਂ ਵਿਧਾਇਕਾ ਦਾ ਫ਼ੋਨ ਆਇਆ, ਉਹ ਇੱਕ ਅਹਿਮ ਵੀਡੀਓ ਕਾਨਫਰੰਸ ਵਿੱਚ ਰੁੱਝੇ ਹੋਏ ਸਨ। ਬਾਅਦ ਵਿੱਚ ਉਨ੍ਹਾਂ ਨੇ ਵਿਧਾਇਕਾ ਦੇ ਪੀ.ਏ. (PA) ਨਾਲ ਗੱਲ ਕਰਕੇ ਮਿਲਣ ਦਾ ਸਮਾਂ ਵੀ ਮੰਗਿਆ ਸੀ। ਉਨ੍ਹਾਂ ਨੂੰ ਵੀਰਵਾਰ ਨੂੰ ਮਿਲਣ ਲਈ ਕਿਹਾ ਗਿਆ ਸੀ, ਪਰ ਰੁਝੇਵਿਆਂ ਕਾਰਨ ਮੁਲਾਕਾਤ ਨਹੀਂ ਹੋ ਸਕੀ।
ਕਣਕ ਦੀ ਫ਼ਸਲ ਦੇ ਨੁਕਸਾਨ ਦੌਰਾਨ ਵਿਵਾਦ ਭਖਿਆ
ਇਹ ਵਿਵਾਦ ਅਜਿਹੇ ਨਾਜ਼ੁਕ ਸਮੇਂ ਸਾਹਮਣੇ ਆਇਆ ਹੈ ਜਦੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਕਿਸਾਨਾਂ ਨੂੰ ਇਸ ਸਮੇਂ ਖੇਤੀਬਾੜੀ ਵਿਭਾਗ ਦੀ ਸਭ ਤੋਂ ਵੱਧ ਲੋੜ ਹੈ, ਪਰ ਅਧਿਕਾਰੀ ਅਤੇ ਸਿਆਸੀ ਨੁਮਾਇੰਦੇ ਵਿਚਾਲੇ ਚੱਲ ਰਹੀ ਇਸ ਖਿੱਚੋਤਾਣ ਕਾਰਨ ਪ੍ਰਸ਼ਾਸਨਿਕ ਕੰਮ ਪ੍ਰਭਾਵਿਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਵਿਧਾਇਕਾ ਬਲਜਿੰਦਰ ਕੌਰ ਵੱਲੋਂ ਫਿਲਹਾਲ ਇਸ ਮਾਮਲੇ ‘ਤੇ ਕੋਈ ਤਾਜ਼ਾ ਟਿੱਪਣੀ ਨਹੀਂ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਖੇਤੀਬਾੜੀ ਮੰਤਰੀ ਇਸ ਸ਼ਿਕਾਇਤ ‘ਤੇ ਕੀ ਕਾਰਵਾਈ ਕਰਦੇ ਹਨ।






