ਸੁਪਰੀਮ ਕੋਰਟ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਬਰਾਬਰ DA-DR ਦਾ ਸੁਣਾਇਆ ਫੈਸਲਾ; ਕਿਹਾ- ਮਹਿੰਗਾਈ ਭੱਤੇ ‘ਚ ਵਿਤਕਰਾ ਗੈਰ ਕਾਨੂੰਨੀ
ਨਵੀਂ ਦਿੱਲੀ, 12 ਅਪ੍ਰੈਲ 2026:
ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਸੇਵਾ ਮੁਕਤ ਕਰਮਚਾਰੀਆਂ (ਪੈਨਸ਼ਨਰਾਂ) ਨੂੰ ਘੱਟ ਮਹਿੰਗਾਈ ਰਾਹਤ (DR) ਅਤੇ ਸੇਵਾ ਕਰ ਰਹੇ ਮੁਲਾਜ਼ਮਾਂ ਨੂੰ ਜ਼ਿਆਦਾ ਮਹਿੰਗਾਈ ਭੱਤਾ (DA) ਦੇਣਾ ‘ਮਨਮਾਨਾ’ ਅਤੇ ‘ਬਰਾਬਰੀ ਦੇ ਅਧਿਕਾਰ’ ਦੀ ਉਲੰਘਣਾ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਦੋਵਾਂ ਭੱਤਿਆਂ ਦਾ ਉਦੇਸ਼ ਇੱਕੋ ਜਿਹਾ ਹੈ- ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣਾ, ਇਸ ਲਈ ਇਨ੍ਹਾਂ ਦੀਆਂ ਦਰਾਂ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ – ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਜਿੱਤ; ਹਾਈਕੋਰਟ ਵੱਲੋਂ 30 ਜੂਨ ਤੱਕ ਪੈਂਡਿੰਗ DA ਰਿਲੀਜ਼ ਕਰਨ ਦੇ ਹੁਕਮ
ਕੇਰਲ ਸਰਕਾਰ ਦੀ ਅਪੀਲ ਖਾਰਜ
ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਪ੍ਰਸੰਨਾ ਬੀ. ਵਰਾ ਲੇ ਦੀ ਬੈਂਚ ਨੇ ਕੇਰਲ ਸਰਕਾਰ ਅਤੇ ਕੇਰਲ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (KSRTC) ਵੱਲੋਂ ਦਾਇਰ ਕੀਤੀਆਂ ਅਪੀਲਾਂ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕੇਰਲ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਵਿੱਚ DA ਅਤੇ DR ਦੀਆਂ ਵੱਖ-ਵੱਖ ਦਰਾਂ ਨੂੰ ਅਸੰਵਿਧਾਨਕ ਕਰਾਰ ਦਿੱਤਾ ਗਿਆ ਸੀ।
ਕੀ ਸੀ ਵਿਵਾਦ?
ਇਹ ਮਾਮਲਾ 2021 ਦੇ ਇੱਕ ਸਰਕਾਰੀ ਆਦੇਸ਼ ਨਾਲ ਜੁੜਿਆ ਹੋਇਆ ਸੀ। ਉਸ ਸਮੇਂ, ਸੇਵਾ ਕਰ ਰਹੇ ਮੁਲਾਜ਼ਮਾਂ ਦੇ DA ਵਿੱਚ 14% ਦਾ ਵਾਧਾ ਕੀਤਾ ਗਿਆ ਸੀ। ਪੈਨਸ਼ਨਰਾਂ ਲਈ DR ਸਿਰਫ਼ 11% ਵਧਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਵਾਧੇ ਇੱਕੋ ਮਹਿੰਗਾਈ ਸੂਚਕਾਂਕ (CPI) ਨਾਲ ਜੁੜੇ ਹੋਏ ਸਨ ਅਤੇ ਮਾਰਚ 2021 ਤੋਂ ਲਾਗੂ ਹੋਏ ਸਨ।
ਹਾਈਕੋਰਟ ਦੇ ਸਿੰਗਲ ਜੱਜ ਨੇ ਪਹਿਲਾਂ ਇਸ ਵੱਖਰੇਵੇਂ ਨੂੰ ਸਹੀ ਠਹਿਰਾਇਆ ਸੀ, ਪਰ ਡਿਵੀਜ਼ਨ ਬੈਂਚ ਨੇ ਇਸ ਨੂੰ ਵਿਤਕਰੇ ਭਰਿਆ ਮੰਨਦਿਆਂ ਰੱਦ ਕਰ ਦਿੱਤਾ ਸੀ, ਜਿਸ ਦੇ ਖਿਲਾਫ ਰਾਜ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ।
ਅਦਾਲਤ ਨੇ ਕਿਹਾ ਕਿ ਜਦੋਂ ਦੋਵੇਂ ਭੱਤੇ ਮਹਿੰਗਾਈ ਨਾਲ ਜੁੜੇ ਹੋਏ ਹਨ ਅਤੇ ਇੱਕੋ ਉਦੇਸ਼ ਦੀ ਪੂਰਤੀ ਕਰਦੇ ਹਨ, ਤਾਂ DR ਨੂੰ DA ਨਾਲੋਂ ਘੱਟ ਦਰ ‘ਤੇ ਤੈਅ ਕਰਨਾ ਸਪੱਸ਼ਟ ਤੌਰ ‘ਤੇ ਸੰਵਿਧਾਨ ਦੇ ਆਰਟੀਕਲ 14 (ਬਰਾਬਰੀ ਦੇ ਅਧਿਕਾਰ) ਦੀ ਉਲੰਘਣਾ ਹੈ।
ਫੈਸਲਾ ਲਿਖਦੇ ਹੋਏ ਜਸਟਿਸ ਮਿਸ਼ਰਾ ਨੇ ਕਿਹਾ ਕਿ DA ਅਤੇ DR ਦਾ ਉਦੇਸ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਦੇਣਾ ਹੈ। ਮਹਿੰਗਾਈ ਦੋਵਾਂ ‘ਤੇ ਬਰਾਬਰ ਪ੍ਰਭਾਵ ਪਾਉਂਦੀ ਹੈ, ਇਸ ਲਈ ਵਾਧੇ ਦੀ ਦਰ ਵਿੱਚ ਅੰਤਰ ਦਾ ਉਸ ਉਦੇਸ਼ ਨਾਲ ਕੋਈ ਤਰਕਪੂਰਨ ਸਬੰਧ ਨਹੀਂ ਹੈ।
ਕੋਰਟ ਨੇ ਰਾਜ ਸਰਕਾਰ ਦੀ ਇਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਕਿ ਵਿੱਤੀ ਬੋਝ ਕਾਰਨ ਵੱਖ-ਵੱਖ ਦਰਾਂ ਤੈਅ ਕੀਤੀਆਂ ਗਈਆਂ ਸਨ। ਅਦਾਲਤ ਨੇ ਕਿਹਾ ਕਿ ਵਿੱਤੀ ਸੰਕਟ ਲਾਭ ਦੇਣ ਵਿੱਚ ‘ਦੇਰੀ’ ਦਾ ਕਾਰਨ ਹੋ ਸਕਦਾ ਹੈ, ਪਰ ਇੱਕ ਵਾਰ ਲਾਭ ਦੇਣ ਦਾ ਫੈਸਲਾ ਹੋ ਜਾਣ ਤੋਂ ਬਾਅਦ ਉਸ ਵਿੱਚ ਵਿਤਕਰਾ ਨਹੀਂ ਕੀਤਾ ਜਾ ਸਕਦਾ।
DA ਅਤੇ DR ਵਿੱਚ ਕੀ ਅੰਤਰ ਹੈ?
ਤਕਨੀਕੀ ਤੌਰ ‘ਤੇ, ਇਹ ਦੋਵੇਂ ਭੱਤੇ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣ ਲਈ ਦਿੱਤੇ ਜਾਂਦੇ ਹਨ। ਇਨ੍ਹਾਂ ਵਿੱਚ ਅੰਤਰ ਸਿਰਫ਼ ਲਾਭਪਾਤਰੀਆਂ ਦੇ ਆਧਾਰ ‘ਤੇ ਹੁੰਦਾ ਹੈ; ਸੇਵਾ ਕਰ ਰਹੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਲਾਭ ਨੂੰ ‘ਮਹਿੰਗਾਈ ਭੱਤਾ’ (DA) ਕਿਹਾ ਜਾਂਦਾ ਹੈ। ਸੇਵਾਮੁਕਤ ਕਰਮਚਾਰੀਆਂ ਜਾਂ ਪੈਨਸ਼ਨਰਾਂ ਲਈ ਇਸ ਨੂੰ ‘ਮਹਿੰਗਾਈ ਰਾਹਤ’ (DR) ਵਜੋਂ ਜਾਣਿਆ ਜਾਂਦਾ ਹੈ।






