Punjab News: ਰਾਵੀ ਦਰਿਆ ‘ਚ ਡੁੱਬਣ ਕਾਰਨ 11 ਸਾਲਾ ਮਾਸੂਮ ਦੀ ਮੌਤ; ਚੱਪਲਾਂ ਨੇ ਲੈ ਲਈ ਜਾਨ

 

Punjab News: ਰਾਵੀ ਦਰਿਆ ‘ਚ ਡੁੱਬਣ ਕਾਰਨ 11 ਸਾਲਾ ਮਾਸੂਮ ਦੀ ਮੌਤ; ਚੱਪਲਾਂ ਨੇ ਲੈ ਲਈ ਜਾਨ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 13 ਅਪ੍ਰੈਲ 2026:

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੀ ਚੌਕੀ ਧਰਮਕੋਟ ਰੰਧਾਵਾ ਦੇ ਪਿੰਡ ਧਰਮਕੋਟ ਪੱਤਣ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਰਾਵੀ ਦਰਿਆ ਵਿੱਚ ਡੁੱਬਣ ਕਾਰਨ ਇੱਕ 11 ਸਾਲਾ ਬੱਚੇ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ।

ਚੱਪਲਾਂ ਬਚਾਉਣ ਦੇ ਚੱਕਰ ‘ਚ ਵਾਪਰਿਆ ਹਾਦਸਾ

ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਭਜੋਤ ਸਿੰਘ (ਪੁੱਤਰ ਜਸਵਿੰਦਰ ਸਿੰਘ) ਬੀਤੇ ਦਿਨੀਂ ਵਿਸਾਖੀ ਮੇਲੇ ਦੇ ਸਬੰਧ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਆਪਣੇ ਦੋਸਤ ਨਾਲ ਗਿਆ ਸੀ।

ਜਦੋਂ ਉਹ ਸ਼ਾਮ ਤੱਕ ਘਰ ਨਾ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਪ੍ਰਭਜੋਤ ਆਪਣੇ ਦੋਸਤ ਨਾਲ ਰਾਵੀ ਦਰਿਆ ਦੇ ਕੰਢੇ ਗਿਆ ਸੀ। ਦਰਿਆ ਵਿੱਚ ਉਸ ਦੀਆਂ ਚੱਪਲਾਂ ਵਹਿ ਗਈਆਂ ਸਨ, ਜਿਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰਦਿਆਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਤੇਜ਼ ਬਹਾਅ ਵਿੱਚ ਡੁੱਬ ਗਿਆ।

ਹੈਰਾਨੀ ਦੀ ਗੱਲ ਇਹ ਰਹੀ ਕਿ ਹਾਦਸੇ ਤੋਂ ਬਾਅਦ ਪ੍ਰਭਜੋਤ ਦੇ ਦੋਸਤ ਨੇ ਡਰ ਦੇ ਮਾਰੇ ਘਰ ਵਿੱਚ ਕਿਸੇ ਨੂੰ ਕੁਝ ਨਹੀਂ ਦੱਸਿਆ। ਜਦੋਂ ਪਰਿਵਾਰ ਨੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਸਾਰੀ ਗੱਲ ਦੱਸੀ। ਉਸ ਦੀ ਨਿਸ਼ਾਨਦੇਹੀ ‘ਤੇ ਮਛੇਰਿਆਂ ਦੀ ਮਦਦ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ।

ਬੱਚੇ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦਿਆਂ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਦਰਿਆ ਵਿੱਚ ਨਹਾਉਣ ਜਾਂ ਨੇੜੇ ਨਾ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਅਤੇ ਮਾਈਨਿੰਗ ਕਾਰਨ ਦਰਿਆ ਵਿੱਚ ਕਈ ਥਾਵਾਂ ‘ਤੇ ਡੂੰਘੇ ਖੱਡੇ ਬਣ ਗਏ ਹਨ, ਜੋ ਅਣਜਾਣ ਵਿਅਕਤੀਆਂ ਲਈ ਕਾਲ ਬਣ ਰਹੇ ਹਨ।