ਭਗਵੰਤ ਮਾਨ ਸਰਕਾਰ ਦੀ ਖੁੱਲ੍ਹੀ ਪੋਲ; ਬਹੁ-ਗਿਣਤੀ ਮੰਡੀਆਂ ‘ਚ ਕਣਕ ਦੀ ਖਰੀਦ ਨਹੀਂ ਹੋਈ ਸ਼ੁਰੂ
ਕਣਕ ਦੀ ਖਰੀਦ ਵਿੱਚ ਦੇਰੀ ਨਿੰਦਣਯੋਗ- ਗੁਰਮੀਤ ਸਿੰਘ ਮਹਿਮਾ
ਕੇਂਦਰ ਸਰਕਾਰ ਤੁਰੰਤ ਖਰੀਦ ਸ਼ੁਰੂ ਕਰੇ: ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ
Punjab News, 13 ਅਪ੍ਰੈਲ 2026-
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕੇਂਦਰ ਸਰਕਾਰ ‘ਤੇ ਕਣਕ ਦੀ ਖਰੀਦ ਵਿੱਚ ਜਾਨਬੁੱਝ ਕੇ ਦੇਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ 13 ਅਪ੍ਰੈਲ ਤੱਕ ਵੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਢੰਗ ਨਾਲ ਸ਼ੁਰੂ ਨਹੀਂ ਹੋ ਸਕੀ। ਪੰਜਾਬ ਦੀਆਂ ਮੰਡੀਆਂ ਨਕੋ-ਨਕ ਭਰ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਾ ਤਾਂ ਖਰੀਦ ਅਧਿਕਾਰੀ ਮੌਜੂਦ ਹਨ ਅਤੇ ਨਾ ਹੀ ਬੋਲੀ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ “ਬਾਰੀਕ ਦਾਣਾ” ਦੇ ਆਧਾਰ ‘ਤੇ ਖਰੀਦ ਤੋਂ ਕਤਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਕਰਨ ਤੋਂ ਰੋਕ ਦਿਤਾ ਗਿਆ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਬਰਿਸ਼ ਕਰਨ ਕਣਕ ਦਾ ਦਾਣਾ ਪਿਚਕ ਗਿਆ ਹੈ। ਜੋ ਕੇਂਦਰੀ ਅੰਨ ਭੰਡਾਰਾਂ ਦੇ ਮਾਪ ਦੰਡਾਂ ਅਨੁਸਾਰ ਨਹੀਂ ਹੈ । ਬਰਿਸ਼ ਕਰਨ ਪੰਜਾਬ ਦੀ ਕਣਕ ਕੇਂਦਰ ਸਰਕਾਰ ਦੇ ਕਹਿਣ ਅਨੁਸਾਰ ਪਿਚਕੀ ਨਹੀਂ, ਕੇਂਦਰ ਸਰਕਾਰ ਪੰਜਾਬ ਦੀ ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰੇ।
ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਮੀ ਹੈ ਅਤੇ ਐਫ.ਸੀ.ਆਈ. ਵੱਲੋਂ ਭੇਜਿਆ ਗਿਆ ਬਾਰਦਾਨਾ ਵੀ ਖਰਾਬ ਹਾਲਤ ਵਿੱਚ ਹੈ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ।
ਉਨ੍ਹਾਂ ਦੇ ਅਨੁਸਾਰ ਭਾਰਤ ਦੇ 26 ਰਾਜਾਂ ਵਿੱਚੋਂ ਸਿਰਫ ਦੋ ਰਾਜਾਂ ਵਿੱਚ ਹੀ ਕੇਂਦਰ ਸਰਕਾਰ ਕਣਕ ਦੀ ਖਰੀਦ ਕਰਦੀ ਹੈ, ਪਰ ਹੁਣ ਇਨ੍ਹਾਂ ਰਾਜਾਂ ਵਿੱਚ ਵੀ ਖਰੀਦ ਪ੍ਰਕਿਰਿਆ ਤੋਂ ਪਿੱਛੇ ਹਟਣ ਦੇ ਸੰਕੇਤ ਮਿਲ ਰਹੇ ਹਨ। ਬੇਮੌਸਮੀ ਬਰਸਾਤ ਕਾਰਨ ਪਹਿਲਾਂ ਹੀ ਕਿਸਾਨ ਨੁਕਸਾਨ ਝੱਲ ਰਹੇ ਹਨ ਅਤੇ ਖਰੀਦ ਵਿੱਚ ਹੋ ਰਹੀ ਦੇਰੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।
ਜਥੇਬੰਦੀ ਨੇ ਪੰਜਾਬ ਸਰਕਾਰ ਦੇ ਮੰਡੀਆਂ ਦੇ ਪ੍ਰਬੰਧਾਂ ਬਾਰੇ ਕੀਤੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਖਰੀਦ ਕੇਂਦਰ ਦੇ ਹਾਲਾਤਾਂ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਫਾਈ ਦਾ ਬੁਰਾ ਹਾਲ ਹੈ, ਮਿੱਟੀ ਦੇ ਢੇਰ ਲੱਗੇ ਹੋਏ ਹਨ, ਪੀਣ ਵਾਲੇ ਪਾਣੀ ਦੀ ਯਥੋਚਿਤ ਵਿਵਸਥਾ ਨਹੀਂ, ਲਾਈਟਾਂ ਅਤੇ ਵਾਸ਼ਰੂਮ ਦੀ ਵੀ ਕਮੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀ ਸਿਰਫ ਖਾਨਾਪੂਰਤੀ ਕਰ ਰਹੇ ਹਨ ਅਤੇ ਮਾਰਕੀਟ ਕਮੇਟੀ ਆਪਣੀ ਜ਼ਿੰਮੇਵਾਰੀ ਢੰਗ ਨਾਲ ਨਹੀਂ ਨਿਭਾ ਰਹੀ। ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਲਾਈਟਾਂ ਅਤੇ ਪਾਣੀ ਦੀ ਵਿਵਸਥਾ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੰਬੰਧਤ ਅਧਿਕਾਰੀਆਂ ਦੀ ਹੋਵੇਗੀ।
ਜਥੇਬੰਦੀ ਨੇ ਐਲਾਨ ਕੀਤਾ ਕਿ ਉਹ ਸਾਰੀਆਂ ਮੰਡੀਆਂ ਦਾ ਦੌਰਾ ਕਰੇਗੀ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਜੇ ਹਾਲਾਤ ਵਿੱਚ ਸੁਧਾਰ ਨਾ ਆਇਆ ਤਾਂ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇ ਅਤੇ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।






