ਕਣਕ ਦੀ ਖਰੀਦ ਦਾ ਬੁਰਾ ਹਾਲ! ਮੌਸਮ ਦੀ ਮਾਰ ਤੋਂ ਬਾਅਦ ਕਿਸਾਨਾਂ ‘ਤੇ ਸਰਕਾਰ ਦੀ ਮਾਰ

 

ਕਣਕ ਦੀ ਖਰੀਦ ਦਾ ਬੁਰਾ ਹਾਲ! ਮੌਸਮ ਦੀ ਮਾਰ ਤੋਂ ਬਾਅਦ ਕਿਸਾਨਾਂ ‘ਤੇ ਸਰਕਾਰ ਦੀ ਮਾਰ

ਜਲਦ ਮਸਲਾ ਹੱਲ ਨਾ ਹੋਇਆ ਤਾਂ ਤਿੱਖਾ ਐਕਸ਼ਨ ਕੀਤਾ ਜਾਵੇਗਾ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

Punjab News, 13 April 2026-

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਕਣਕ ਦੀ ਫਸਲ ਮੰਡੀ ਵਿੱਚ ਆ ਚੁੱਕੀ ਹੈ, ਉੱਥੇ ਹੀ ਸਰਕਾਰ ਦੀ ਕੋਈ ਵੀ ਤਿਆਰੀ ਨਜ਼ਰ ਨਹੀਂ ਆ ਰਹੀ।

ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਕਣਕ ਦੀ ਖਰੀਦ ਬਾਰੇ ਆ ਰਹੀ ਮੁਸ਼ਕਿਲ ਆਉਣ ਦੀ ਜਾਣਕਾਰੀ ਮਿਲਣ ‘ਤੇ ਪਹਿਲਾਂ ਅੰਮ੍ਰਿਤਸਰ ਦੀ ਦਾਣਾ ਮੰਡੀ ਭਗਤਾਂ ਵਾਲਾ ਦਾ ਦੌਰਾ ਕੀਤਾ ਅਤੇ ਇਸ ਪਿੱਛੋਂ ਦਾਣਾ ਮੰਡੀ ਤਰਨ ਤਾਰਨ ਦਾ ਦੌਰਾ ਕਰਨ ਵੇਲੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ਕਰੀ ਅਤੇ ਗੁਰਬਚਨ ਸਿੰਘ ਚੱਬਾ ਮੌਕੇ ‘ਤੇ ਪਹੁੰਚੇ। ਆਗੂਆਂ ਨੇ ਦੱਸਿਆ ਕਿ ਇਸ ਮੌਕੇ ਡੀ ਐੱਫ ਐੱਸ ਸੀ ਤਰਨ ਤਾਰਨ ਜਸਪ੍ਰੀਤ ਕੌਰ ਨੇ ਮੌਕੇ ‘ਤੇ ਯਕੀਨ ਦੁਆਇਆ ਕਿ ਜਲਦ ਹੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।

ਉਹਨਾਂ ਨੇ ਕਿਹਾ ਕਿ ਅਜੇ ਕਣਕ ਦੀ ਆਮਦ ਸ਼ੁਰੂ ਮਾਤਰ ਹੋਈ ਹੈ ਅਤੇ ਮੁਸ਼ਕਿਲਾਂ ਦਾ ਦੌਰ ਚੱਲ ਪਿਆ ਹੈ। ਉਹਨਾਂ ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਪੂਰੀ ਤਰਾਂ ਸਰਕਾਰ ਦੀ ਜਾਣਕਾਰੀ ਵਿੱਚ ਹੈ ਪਰ ਹੁਣ ਦਾਣਿਆਂ ਦੀ ਕੁਆਲਿਟੀ ਦੇ ਨਾਮ ‘ਤੇ ਕਿਸਾਨਾਂ ਨੂੰ ਮੰਡੀ ਵਿੱਚ ਰੋਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਉਹਨਾਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਰਕੇ ਕਣਕ ਦੇ ਦਾਣਿਆਂ ਉੱਤੇ ਕਾਫੀ ਪ੍ਰਭਾਵ ਪਿਆ ਹੈ। ਜਿਸ ਨਾਲ ਇਸ ਵਾਰ ਕਣਕ ਦੀ ਕੁਆਲਿਟੀ ਵਿੱਚ ਫਰਕ ਪੈਣ ਤੇ ਝਾੜ ਘੱਟ ਨਿਕਲਣ ਦੀ ਕਿਸਾਨਾਂ ਨੂੰ ਪਹਿਲਾਂ ਹੀ ਚਿੰਤਾ ਸਤਾ ਰਹੀ ਸੀ।

ਉਹਨਾਂ ਨੇ ਕਿਹਾ ਕਿ ਇੱਕ ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਅਜੇ ਤੱਕ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਨਹੀਂ ਕਰ ਸਕੀ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਮੰਡੀ ਵਿੱਚ ਅਜਿਹੀ ਜਾਣਕਾਰੀ ਵੀ ਮਿਲ ਰਹੀ ਹੈ ਕਿ ਸਰਕਾਰ ਦੀ ਮਿਲੀਭੁਗਤ ਨਾਲ ਕੁਝ ਵਪਾਰੀ ਰਾਜਿਸਥਾਨ ਵਿੱਚੋਂ ਐੱਮ ਐੱਸ ਪੀ ਤੋਂ 400 ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ‘ਤੇ ਕਣਕ ਖਰੀਦ ਕੇ ਪੰਜਾਬ ਅੰਦਰ ਐੱਮ ਐੱਸ ਪੀ ‘ਤੇ ਵੇਚੀ ਜਾ ਰਹੀ ਹੈ।

ਉਹਨਾਂ ਨੇ ਕਿਹਾ ਕਿ ਅਗਰ ਕੇਂਦਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਕਣਕ ਠੀਕ ਹੈ ਤਾਂ ਐਫ ਸੀ ਆਈ ਜੋ ਕਿ ਕੇਂਦਰ ਦੀ ਹੀ ਖਰੀਦ ਏਜੰਸੀ ਹੈ, ਇਸਦੇ ਇੰਸਪੈਕਟਰ ਹੜਤਾਲ ‘ਤੇ ਕਿਉਂ ਦੱਸੇ ਜਾ ਰਹੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਕੇਂਦਰ ਨਾਲ ਗੱਲਬਾਤ ਕਰਕੇ, ਐੱਫ ਸੀ ਆਈ ਮੁਲਜ਼ਮਾਂ ਦੀ ਮੁਸ਼ਕਿਲ ਹੱਲ ਕਰਦੇ ਹੋਏ, ਇਹ ਹੜਤਾਲ ਖਤਮ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮੌਸਮੀ ਮਾਰ ਦੇ ਚਲਦੇ ਪਹਿਲਾਂ ਹੀ ਆਰਥਿਕ ਤੌਰ ‘ਤੇ ਟੁੱਟੇ ਕਿਸਾਨਾਂ ਨੂੰ ਸਰਕਾਰ ਦੋਹਰੀ ਮਾਰ ਮਾਰ ਰਹੀ ਹੈ।

ਜਿੱਥੇ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਰਕੇ ਜਿੱਥੇ ਪੂਰੇ ਪੰਜਾਬ ਵਿੱਚ ਕਣਕ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਸਬਜੀਆਂ, ਚਾਰਾ, ਮੱਕੀ ਆਦਿ ਫਸਲਾਂ ਦਾ 50 ਤੋਂ 100% ਤੱਕ ਕਈਆਂ ਥਾਵਾਂ ‘ਤੇ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਸੀ ਕਿ ਹੜ੍ਹ ਪੀੜਤ ਅਤੇ ਕਰਜੇ ਦੇ ਬੋਝ ਹੇਠ ਦੱਬੇ ਹੋਏ ਕਿਸਾਨਾਂ ਦੀ ਫ਼ਸਲ ਬਿਨਾਂ ਸ਼ਰਤ ਅਤੇ ਬਿਨਾਂ ਦੇਰੀ ਚੱਕ ਕੇ ਜਲਦ ਤੋਂ ਜਲਦ ਪੈਸੇ ਦੀ ਅਦਾਇਗੀ ਕੀਤੀ ਜਾਂਦੀ ਪਰ ਸਰਕਾਰ ਇਸ ਮਸਲੇ ‘ਤੇ ਬੇਪਰਵਾਹ ਅਤੇ ਗੈਰਜ਼ਿੰਮੇਵਾਰ ਦਿਖਾਈ ਦੇ ਰਹੀ ਹੈ।

ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਤੁਰੰਤ ਅਤੇ ਬਿਨਾਂ ਸ਼ਰਤ ਖਰੀਦ ਸ਼ੁਰੂ ਕਰਵਾਉਣ ਦੇ ਨਾਲ ਨਾਲ ਮੌਸਮੀ ਮਾਰ ਕਰਨ ਹੋਏ ਫਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਪ੍ਰਬੰਧ ਕਰੇ। ਉਹਨਾਂ ਨੇ ਕਿਹਾ ਕਿ ਸਰਕਾਰ ਮੰਡੀਆਂ ਵਿੱਚ ਬਾਰਦਾਨਾ ਮੁਹਈਆ ਕਰਵਾਉਣ ਵਿੱਚ ਵੀ ਅਸਫਲ ਦਿਖਾਈ ਦੇ ਰਹੀ ਹੈ, ਇਸ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਜੋ ਕਣਕ ਦੀ ਖਰੀਦ ਨਿਰਵਿਘਨ ਤਰੀਕੇ ਨਾਲ ਹੋ ਸਕੇ ਤੇ ਕਿਸਾਨ ਖੱਜਲ ਖੁਆਰੀ ਤੋਂ ਬਚ ਸਕਣ।

ਉਹਨਾਂ ਨੇ ਕਿਹਾ ਕਿ ਜੇਕਰ 2 ਦਿਨ ਦੇ ਦੌਰਾਨ ਖਰੀਦ ਸ਼ੁਰੂ ਨਹੀਂ ਹੁੰਦੀ ਤਾਂ ਜਥੇਬੰਦੀ ਵੱਲੋਂ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਉਹਨਾਂ ਨੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਕਣਕ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਵਢਾਇਆ ਜਾਵੇ।