ਭਗਵੰਤ ਮਾਨ ਸਰਕਾਰ ਵੱਲੋਂ ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਤਿਆਰੀ?

 

ਭਗਵੰਤ ਮਾਨ ਸਰਕਾਰ ਵੱਲੋਂ ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਤਿਆਰੀ?

9 ਵਿਸ਼ਿਆਂ ਨੂੰ ਪੜ੍ਹਾਉਣਗੇ ਸਿਰਫ਼ 2 ਅਧਿਆਪਕ; DTF ਵੱਲੋਂ ‘ਤੁਗਲਕੀ ਫੁਰਮਾਨ’ ਦੀ ਨਿਖੇਧੀ

ਐੱਸ.ਏ.ਐੱਸ. ਨਗਰ (ਮੋਹਾਲੀ), 13 ਅਪ੍ਰੈਲ 2026:

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਮਿਡਲ ਸਕੂਲਾਂ ਵਿੱਚ ਅਧਿਆਪਕਾਂ ਦੀ ਤਾਇਨਾਤੀ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF) ਪੰਜਾਬ ਨੇ ਦੋਸ਼ ਲਾਇਆ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਂ ‘ਤੇ ਸਰਕਾਰ ਮਿਡਲ ਸਕੂਲਾਂ ਨੂੰ ਹੀ ਖ਼ਤਮ ਕਰਨ ਦੇ ਰਾਹ ਪੈ ਗਈ ਹੈ।

ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਡੀ.ਐੱਸ.ਈ. (DSE) ਵੱਲੋਂ 10 ਅਪ੍ਰੈਲ 2026 ਨੂੰ ਜਾਰੀ ਪੱਤਰ (ਨੰਬਰ 202696171) ਅਨੁਸਾਰ, 30 ਤੱਕ ਵਿਦਿਆਰਥੀ ਲਈ ਸਿਰਫ਼ 2 ਅਧਿਆਪਕ ਰੱਖੇ ਜਾਣਗੇ। 60 ਤੱਕ ਵਿਦਿਆਰਥੀ ਲਈ ਸਿਰਫ਼ 3 ਅਧਿਆਪਕ ਰੱਖੇ ਜਾਣਗੇ। 90 ਤੱਕ ਵਿਦਿਆਰਥੀ ਲਈ ਸਿਰਫ਼ 4 ਅਧਿਆਪਕ ਰੱਖੇ ਜਾਣਗੇ। ਇਸ ਗਿਣਤੀ ਤੋਂ ਵਾਧੂ ਅਧਿਆਪਕਾਂ ਨੂੰ ‘ਆਰਜ਼ੀ ਪ੍ਰਬੰਧ’ ਦੇ ਨਾਂ ਹੇਠ ਦੂਜੇ ਸਕੂਲਾਂ ਵਿੱਚ ਭੇਜਣ ਦੇ ਹੁਕਮ ਦਿੱਤੇ ਗਏ ਹਨ।

ਸਿੱਖਿਆ ਦੇ ਮਿਆਰ ‘ਤੇ ਉੱਠੇ ਸਵਾਲ

DTF ਆਗੂਆਂ ਨੇ ਸਵਾਲ ਉਠਾਇਆ ਹੈ ਕਿ ਮਿਡਲ ਸਕੂਲਾਂ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਸਾਇੰਸ, ਸਮਾਜਿਕ ਸਿੱਖਿਆ, ਸਰੀਰਕ ਸਿੱਖਿਆ, ਡਰਾਇੰਗ ਅਤੇ ਕੰਪਿਊਟਰ ਵਰਗੇ 9 ਮਹੱਤਵਪੂਰਨ ਵਿਸ਼ੇ ਪੜ੍ਹਾਏ ਜਾਂਦੇ ਹਨ।

“ਇੱਕ ਪੰਜਾਬੀ ਦਾ ਅਧਿਆਪਕ ਗਣਿਤ ਜਾਂ ਸਾਇੰਸ ਕਿਵੇਂ ਪੜ੍ਹਾਏਗਾ? ਕੀ ਸਿਰਫ਼ ਦੋ ਅਧਿਆਪਕ 9 ਵਿਸ਼ਿਆਂ ਨਾਲ ਇਨਸਾਫ਼ ਕਰ ਸਕਣਗੇ? ਸਰਕਾਰ ਮਿਡਲ ਸਕੂਲਾਂ ਨੂੰ ਵੀ ਪ੍ਰਾਇਮਰੀ ਸਕੂਲਾਂ ਵਾਂਗ ਚਲਾਉਣਾ ਚਾਹੁੰਦੀ ਹੈ, ਜਿੱਥੇ ਵਿਸ਼ਾ-ਮਾਹਰ ਅਧਿਆਪਕ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਵੇਗੀ।”

ਜਥੇਬੰਦੀ ਦੇ ਆਗੂਆਂ ਸਰਵਣ ਸਿੰਘ ਔਜਲਾ, ਸੁੱਖਵਿੰਦਰ ਸੁੱਖੀ ਅਤੇ ਹੋਰਨਾਂ ਨੇ ਕਿਹਾ ਕਿ ਇੱਕ ਪਾਸੇ ਸੂਬੇ ਵਿੱਚ ਹਜ਼ਾਰਾਂ ਬੇਰੁਜ਼ਗਾਰ ਅਧਿਆਪਕ ਨੌਕਰੀਆਂ ਲਈ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਨਵੀਂ ਭਰਤੀ ਕਰਨ ਦੀ ਬਜਾਏ ਮੌਜੂਦਾ ਸਕੂਲਾਂ ਵਿੱਚੋਂ ਅਧਿਆਪਕਾਂ ਦੀ ਗਿਣਤੀ ਘਟਾ ਕੇ ਖ਼ਜ਼ਾਨਾ ਭਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ, ਸਰਕਾਰ ਤੁਰੰਤ ਇਸ ‘ਤੁਗਲਕੀ ਫੁਰਮਾਨ’ ਵਾਲੇ ਪੱਤਰ ਨੂੰ ਵਾਪਸ ਲਵੇ। ਮਿਡਲ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੀ ਬਜਾਏ ਵਿਸ਼ਿਆਂ ਦੇ ਆਧਾਰ ‘ਤੇ ਅਧਿਆਪਕ ਨਿਯੁਕਤ ਕੀਤੇ ਜਾਣ। ਖਾਲੀ ਪਈਆਂ ਅਸਾਮੀਆਂ ‘ਤੇ ਨਵੀਂ ਭਰਤੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇ।

ਅਧਿਆਪਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਸਿੱਖਿਆ ਵਿਰੋਧੀ ਨੀਤੀਆਂ ਨਾ ਤਿਆਗੀਆਂ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।