ਮਰਦਮਸ਼ੁਮਾਰੀ ‘ਚ ਡਿਊਟੀਆਂ ਲੱਗਣ ਕਾਰਨ ਸਕੂਲ ਹੋਣਗੇ ਖਾਲੀ
ਬੀ.ਐੱਲ.ਓ ਲੱਗੇ ਅਧਿਆਪਕਾਂ ਨੂੰ ਪਹਿਲਾਂ ਹੀ ਐੱਸ ਆਈ ਆਰ ਸਰਵੇ ਕਾਰਨ ਸਕੂਲਾਂ ਚੋ ਬਾਹਰ ਕੀਤਾ
ਸਾਰੇ ਵਿਭਾਗਾਂ ‘ਚੋ ਕਰਮਚਾਰੀ ਅਨੁਪਾਤ ਅਨੁਸਾਰ ਲਗਾਏ ਜਾਣ
ਚੰਡੀਗੜ੍ਹ, 14 ਅਪ੍ਰੈਲ 2026: ਸਕੂਲਾਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਸਰਕਾਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕਰ ਦਿੱਤਾ ਹੈ।
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਈ ਮਹੀਨੇ ਸ਼ੁਰੂ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ, ਮਰਦਮਸ਼ੁਮਾਰੀ ਦੀ ਇਹ ਐਕਸਰਸਾਇਜ਼ ਫਰਵਰੀ 2027 ਤੱਕ ਚੱਲੇਗੀ।
ਜਿਸ ਕਾਰਨ ਅਧਿਆਪਕ ਅਪ੍ਰੈਲ ਮਹੀਨੇ ਤੋਂ ਹੀ ਮਰਦਮਸ਼ੁਮਾਰੀ ਦੀਆਂ ਟ੍ਰੇਨਿਗਾਂ ਵਿੱਚ ਉਲਝ ਕੇ ਸਕੂਲਾਂ ਤੋਂ ਦੂਰ ਹੋ ਜਾਣਗੇ। ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੀ ਐੱਲ ਓ ਲੱਗੇ ਵੱਡੀ ਗਿਣਤੀ ਅਧਿਆਪਕਾਂ ਨੂੰ ਐੱਸ ਆਈ ਆਰ ਸਰਵੇ ਲਈ ਸਕੂਲਾਂ ਤੋਂ ਬਾਹਰ ਵੋਟਾਂ ਦੇ ਸੁਧਾਈ ਅਤੇ ਵੋਟਾਂ ਬਣਾਉਣ ਦੇ ਕੰਮਾਂ ਵਿੱਚ ਲਾ ਰੱਖਿਆ ਹੈ।
ਆਗੂਆਂ ਨੇ ਕਿਹਾ ਕਿ ਆਪਣੀਆਂ ਜਿੰਮੇਵਾਰੀਆਂ ‘ਤੇ ਅਧਿਆਪਕਾਂ ਵੱਲੋਂ ਨਵੇਂ ਦਾਖਿਲ ਕੀਤੇ ਬੱਚਿਆਂ ਦੇ ਮਾਪੇ ਇਸ ਸਾਰੇ ਵਰਤਾਰੇ ਨੂੰ ਲੈ ਕੇ ਦੁਚਿਤੀ ਵਿੱਚ ਹਨ ਕਿ ਅਧਿਆਪਕ ਸਕੂਲਾਂ ਚ ਪੜਾਉਣ ਦੀ ਥਾਂ ਵਾਧੂ ਦੇ ਕੰਮਾਂ ਵਿੱਚ ਉਲਝਾ ਰੱਖੇ ਹਨ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਰਦਮਸ਼ੁਮਾਰੀ ਦਾ ਕੰਮ ਕੇਂਦਰ ਸਰਕਾਰ ਦਾ ਹੈ, ਇਸ ਲਈ ਇਸ ਕੰਮ ਵਿੱਚ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਅਨੁਪਾਤ ਦੇ ਅਧਾਰ ‘ਤੇ ਲਗਾਈਆਂ ਜਾਣ। ਜਿਥੋਂ ਤੱਕ ਸੰਭਵ ਹੋ ਸਕੇ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ।






