ਪੇ-ਕਮਿਸ਼ਨ ਦੇ ਬਕਾਏ ਦਾ ਮਾਮਲਾ: IHRMS ਪੋਰਟਲ ‘ਚ ਤਕਨੀਕੀ ਅੜਿੱਕਾ; ਡੀ.ਡੀ.ਓ ਖੱਜਲ-ਖੁਆਰ

 

ਪੇ-ਕਮਿਸ਼ਨ ਦੇ ਬਕਾਏ ਦਾ ਮਾਮਲਾ: IHRMS ਪੋਰਟਲ ‘ਚ ਤਕਨੀਕੀ ਅੜਿੱਕਾ; ਡੀ.ਡੀ.ਓ. ਖੱਜਲ-ਖੁਆਰ

ਸਾਲ 2016 ਦਾ ਸੋਧੀ ਹੋਈ ਤਨਖਾਹ ਦਾ ਬਣਦਾ ਬਕਾਇਆ ਦੇਣ ਲਈ IHRMS ਸਾਫਟਵੇਅਰ ਵਿੱਚ ਵਿਵਸਥਾ ਚਾਲੂ ਨਾ ਹੋਣ ਕਾਰਨ ਵੱਖ ਵੱਖ ਵਿਭਾਗਾਂ ਦੇ ਡੀ ਡੀ ਓ ਖੱਜਲ ਖੁਆਰ ਹੋ ਰਹੇ ਨੇ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ ਨੇ ਵਿੱਤ ਵਿਭਾਗ ਪੰਜਾਬ ਸਰਕਾਰ ਤੋਂ ਪੋਰਟਲ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਕੀਤੀ

ਚੰਡੀਗੜ੍ਹ, 14 ਅਪ੍ਰੈਲ 2026: ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਲੱਖਾਂ ਮੁਲਾਜ਼ਮਾਂ ਅਤੇ 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਸਾਲ 2016 ਦੇ ਬਣਦੇ ਬਕਾਏ ਦੇਣ ਲਈ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਮਿਤੀ 18 ਫਰਵਰੀ 2025 ਨੂੰ ਇੱਕ ਵਿਸਥਾਰ ਸਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਅਨੁਸਾਰ 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਇਹ ਬਕਾਏ ਮਿਲ ਵੀ ਰਹੇ ਹਨ।

ਪਰ ਮੌਜੂਦਾ ਸਮੇਂ ਦੌਰਾਨ ਕੰਮ ਕਰਦੇ ਸਾਰੇ ਮੁਲਾਜ਼ਮਾਂ ਅਤੇ ਮਿਤੀ 1 ਜਨਵਰੀ 2016 ਤੋਂ 30 ਜੂਨ 2021 ਦਰਮਿਆਨ ਸੇਵਾ ਮੁਕਤ ਹੋਣ ਵਾਲੇ ਪੈਨਸ਼ਨਰਾਂ ਨੂੰ ਮਹੀਨਾ ਅਪ੍ਰੈਲ 2026 ਤੋਂ ਮਾਰਚ 2027 ਤੱਕ ਮਹੀਨਾਵਾਰ 12 ਕਿਸ਼ਤਾਂ ਰਾਹੀਂ ਬਣਦੇ ਬਕਾਏ ਦੀ ਅਦਾਇਗੀ ਕਰਨ ਬਾਰੇ ਇਸ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਸੀ।

ਹੁਣ ਇਸ ਸਬੰਧ ਵਿੱਚ ਪੰਜਾਬ ਸਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22 ਬੀ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਅਤੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਦੇ ਧਿਆਨ ਵਿੱਚ ਆਇਆ ਹੈ ਕਿ ਅਪ੍ਰੈਲ 2026 ਦਾ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਬਕਾਏ ਬਣਾਉਣ ਸਬੰਧੀ ਸਥਾਪਤ ਆਈ ਐਚ ਆਰ ਐਮ ਐਸ ਪੋਰਟਲ ‘ਤੇ ਕੋਈ ਵੀ ਵਿਵਸਥਾ ਨਹੀਂ ਕੀਤੀ ਗਈ।

ਆਗੂਆਂ ਨੇ ਅੱਗੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੇ ਬਹੁਤ ਸਾਰੇ ਡੀ ਡੀ ਓ ਨੇ ਜਦੋਂ ਇਹ ਬਕਾਇਆ ਬਿੱਲ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਆਈ ਐਚ ਆਰ ਐਮ ਐਸ ਸਿਸਟਮ ਮਿਤੀ 1 ਜੁਲਾਈ 2021 ਤੋਂ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਪਹਿਲਾਂ ਦੇ ਏਰੀਅਰ ਬਿੱਲ ਤਿਆਰ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਅਤੇ

Error ਸ਼ੋਅ ਕਰ ਰਿਹਾ ਹੈ। ਇਸ ਕਾਰਨ ਵੱਖ ਵੱਖ ਵਿਭਾਗਾਂ ਦੇ ਤਨਖਾਹ ਕਢਵਾਉਣ ਵਾਲੇ ਸਾਰੇ ਡੀ ਡੀ ਓ ਅਤੇ ਦਫਤਰੀ ਅਮਲੇ ਦੇ ਕਰਮਚਾਰੀ ਪਰੇਸ਼ਾਨੀਆਂ ਦੇ ਆਲਮ ਵਿੱਚੋਂ ਲੰਘ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਦੀ ਨੀਯਤ ‘ਤੇ ਸ਼ੱਕ ਕਰਦਿਆਂ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਆਨੇ ਬਹਾਨੇ ਕਰਕੇ ਬਕਾਏ ਦੇਣ ਤੋਂ ਟਾਲਾ ਵੱਟ ਰਹੀ ਹੈ।

ਆਗੂਆਂ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿੱਤ ਵਿਭਾਗ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਸੋਧੇ ਹੋਏ ਤਨਖਾਹ ਸਕੇਲਾਂ ਦੇ ਬਣਦੇ ਬਕਾਏ ਦੀ ਅਦਾਇਗੀ ਕਰਨ ਲਈ ਤੁਰੰਤ ਆਈ ਐਚ ਆਰ ਐਮ ਐਸ ਪੋਰਟਲ ‘ਤੇ ਮਿਤੀ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਲੱਖਾਂ ਮੁਲਾਜ਼ਮਾਂ ਦੇ ਅਤੇ ਇਸ ਸਮੇਂ ਦੌਰਾਨ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੇ ਬਣਦੇ ਬਕਾਏ ਬਣਾਉਣ ਸਬੰਧੀ ਤੁਰੰਤ ਸਬੰਧਤ ਪੋਰਟਲ ‘ਤੇ ਵਿਵਸਥਾ ਚਾਲੂ ਕੀਤੀ ਜਾਵੇ ਤਾਂ ਜੋ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਮਿਤੀ 18 ਫਰਵਰੀ 2025 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਠੀਕ ਢੰਗ ਨਾਲ ਪਾਲਣਾ ਹੋ ਸਕੇ।