ਪੰਜਾਬ ਦੇ ਸਕੂਲਾਂ ਦਾ ਬਦਲਿਆ ਜਾਵੇ ਸਮਾਂ- ਮਾਪਿਆਂ ਨੇ ਕੀਤੀ ਮੰਗ
ਬੱਚਿਆਂ ਦੀ ਸਿਹਤ ‘ਤੇ ਮੰਡਰਾਇਆ ਖ਼ਤਰਾ
Punjab Network
ਚੰਡੀਗੜ੍ਹ, 21 ਅਪ੍ਰੈਲ 2026-
ਪੰਜਾਬ ਵਿੱਚ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਚੱਲਦਿਆਂ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇ।
ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ, ਸਕੂਲਾਂ ਦਾ ਸਮਾਂ ਬਦਲ ਕੇ ਸਵੇਰ ਦਾ ਕੀਤਾ ਜਾਵੇ ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ।
ਗਰਮੀ ਨੇ ਅਪ੍ਰੈਲ ਮਹੀਨੇ ਵਿੱਚ ਹੀ, ਜੁਲਾਈ ਵਰਗਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਪਾਰਾ 38 ਤੋਂ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਸ ਭਿਆਨਕ ਗਰਮੀ ਨੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਦੁਪਹਿਰ ਵੇਲੇ ਜਦੋਂ ਸਕੂਲਾਂ ਦੀ ਛੁੱਟੀ ਹੁੰਦੀ ਹੈ, ਉਸ ਸਮੇਂ ਸੂਰਜ ਦੀ ਤਪਸ਼ ਆਪਣੇ ਸਿਖਰ ‘ਤੇ ਹੁੰਦੀ ਹੈ।
ਲਗਭਗ 40 ਡਿਗਰੀ ਦੇ ਤਾਪਮਾਨ ਵਿੱਚ ਬੱਚਿਆਂ ਨੂੰ ਸਕੂਲ ਜਾਂ ਟਿਊਸ਼ਨ ਤੋਂ ਲੈ ਕੇ ਆਉਣਾ ਮਾਪਿਆਂ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਸੜਕਾਂ ‘ਤੇ ਅਕਸਰ ਔਰਤਾਂ ਆਪਣੇ ਬੱਚਿਆਂ ਨੂੰ ਤੇਜ਼ ਧੁੱਪ ਅਤੇ ਲੂ (Heatwave) ਤੋਂ ਬਚਾਉਣ ਲਈ ਉਨ੍ਹਾਂ ਦੇ ਸਿਰ ਅਤੇ ਚਿਹਰੇ ਕੱਪੜਿਆਂ ਨਾਲ ਢੱਕ ਕੇ ਜਾਂ ਛਤਰੀਆਂ ਦੀ ਵਰਤੋਂ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ।
ਵਧ ਰਹੀ ਗਰਮੀ ਅਤੇ ਬੱਚਿਆਂ ਵਿੱਚ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਅਤੇ ਲੂ ਲੱਗਣ ਦੇ ਖ਼ਤਰੇ ਨੂੰ ਦੇਖਦੇ ਹੋਏ, ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ, ਸਕੂਲਾਂ ਦਾ ਸਮਾਂ ਬਦਲ ਕੇ ਸਵੇਰ ਦਾ ਕੀਤਾ ਜਾਵੇ ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ।
ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ‘ਤੇ ਗਰਮੀ ਦਾ ਅਸਰ ਬਹੁਤ ਜਲਦੀ ਹੁੰਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪਾਣੀ, ਨਿੰਬੂ ਪਾਣੀ ਅਤੇ ਓ.ਆਰ.ਐੱਸ. (ORS) ਦਾ ਘੋਲ ਦਿੰਦੇ ਰਹਿਣ।
ਬਾਹਰ ਨਿਕਲਣ ਵੇਲੇ ਸਿਰ ਢੱਕ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਹੁਣ ਸਭ ਦੀਆਂ ਨਜ਼ਰਾਂ ਸਿੱਖਿਆ ਵਿਭਾਗ ਦੇ ਅਗਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਸਰਕਾਰ ਬੱਚਿਆਂ ਨੂੰ ਰਾਹਤ ਦੇਣ ਲਈ ਕੋਈ ਨਵਾਂ ਹੁਕਮ ਜਾਰੀ ਕਰਦੀ ਹੈ ਜਾਂ ਨਹੀਂ?






