ਵਹਿਮਾਂ-ਭਰਮਾਂ ਖ਼ਿਲਾਫ਼ ਜੰਗ! ਸੰਗਰੂਰ ਦੇ ਸਕੂਲਾਂ ‘ਚ ਪਹੁੰਚੀ ‘ਤਰਕਸ਼ੀਲ ਸਾਹਿਤ ਵੈਨ’; ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਦਾ ਉਪਰਾਲਾ

 

ਵਹਿਮਾਂ-ਭਰਮਾਂ ਖ਼ਿਲਾਫ਼ ਜੰਗ! ਸੰਗਰੂਰ ਦੇ ਸਕੂਲਾਂ ‘ਚ ਪਹੁੰਚੀ ‘ਤਰਕਸ਼ੀਲ ਸਾਹਿਤ ਵੈਨ’; ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਦਾ ਉਪਰਾਲਾ

ਤਰਕਸ਼ੀਲ ਸਾਹਿਤ ਵੈਨ ਇਕਾਈ ਸੰਗਰੂਰ ਦੇ ਵਿਹੜੇ ਪਹੁੰਚੀ

ਮਾਸਟਰ ਪਰਮ ਵੇਦ

ਸੰਗਰੂਰ, 4 ਮਈ 2026- ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ-ਬਰਨਾਲਾ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਹੈ।

ਤਰਕਸ਼ੀਲ ਸੁਸਾਇਟੀ ਪੰਜਾਬ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਜਿੱਥੇ ਆਏ ਸਾਲ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਕਰਵਾ ਰਹੀ ਹੈ, ਉੱਥੇ ਤਰਕਸ਼ੀਲ ਸਾਹਿਤ ਵੈਨ ਵੀ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਲਗਾਤਾਰ ਜਾ ਰਹੀ ਹੈ, ਤਾਂ ਜੋ ਵਿਦਿਆਰਥੀ ਵਿਗਿਆਨਕ ਵਿਚਾਰਾਂ ਵਾਲ਼ੀਆਂ ਪੁਸਤਕਾਂ ਪੜ੍ਹ ਕੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਮਾਲਕ ਬਣ ਸਕਣ।

ਇਹ ਤਰਕਸ਼ੀਲ ਸਾਹਿਤ ਵੈਨ ਵੱਖ-ਵੱਖ ਤਰਕਸ਼ੀਲ ਇਕਾਈਆਂ ਵਿੱਚ ਜਾਂਦੀ ਹੈ ਤੇ ਤਰਕਸ਼ੀਲ ਕਾਰਕੁੰਨ ਵੱਖੋ-ਵੱਖ ਵਿਦਿਅਕ ਅਦਾਰਿਆਂ ਤੇ ਪਿੰਡਾਂ, ਸ਼ਹਿਰਾਂ ਦੇ ਇਕੱਠ ਵਾਲੇ ਥਾਵਾਂ ‘ਤੇ ਲੈ ਕੇ ਜਾਂਦੇ ਹਨ ਤੇ ਲੋਕਾਂ ਨੂੰ ਇਹ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਨ।

ਅੱਜ ਤਰਕਸ਼ੀਲ ਸਾਹਿਤ ਵੈਨ ਇਕਾਈ ਸੰਗਰੂਰ ਦੇ ਵਿਹੜੇ ਵਿੱਚ ਆਈ ਤੇ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ ਬਾਲਦ ਕਲਾਂ ਤੇ ਪਰਮਿੰਦਰ ਸਿੰਘ ਆਧਾਰਿਤ ਤਰਕਸ਼ੀਲਾਂ ਦੀ ਟੀਮ ਇਸ ਤਰਕਸ਼ੀਲ ਸਾਹਿਤ ਵੈਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਲੈ ਕੇ ਗਈ।

ਸਕੂਲ ਪ੍ਰਿੰਸੀਪਲ ਪਰਮਿੰਦਰ ਲੌਂਗੋਵਾਲ ਨੇ ਵਿਗਿਆਨਕ ਕਿਤਾਬਾਂ ਨਾਲ ਭਰਪੂਰ ਚਲਦੀ ਫਿਰਦੀ ਲਾਇਬਰੇਰੀ ਰੂਪੀ ਤਰਕਸ਼ੀਲ ਸਾਹਿਤ ਵੈਨ ਸਕੂਲ ਵਿੱਚ ਲਿਆਉਣ ਲਈ ਉਨ੍ਹਾਂ ਦਾ ਸਵਾਗਤ ਕੀਤਾ ਤੇ ਲੈਕਚਰਾਰ ਲਖਵੀਰ ਸਿੰਘ ਨੇ ਧੰਨਵਾਦ ਕੀਤਾ।

ਮਾਸਟਰ ਪਰਮਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਤੇ ਰੂੜ੍ਹੀਵਾਦੀ ਸੋਚ ਦੇ ਹਨੇਰੇ ਵਿਚੋਂ ਕੱਢ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਉਣਾ ਹੈ।

ਸਾਹਿਤ ਵੈਨ ਵਿੱਚ ਬਹੁਤ ਹੀ ਅਗਾਂਹਵਧੂ ਵਿਚਾਰਾਂ ਵਾਲ਼ੀਆਂ ਪੁਸਤਕਾਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਹਾਜ਼ਰੀਨ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣਗੇ।

ਇਸ ਮੌਕੇ ਜਸਵੀਰ ਸੋਨੀ ਵੱਲੋਂ ਬੱਚਿਆਂ ਨੂੰ ਜਾਦੂ ਸ਼ੋਅ ਵੀ ਦਿਖਾਇਆ ਗਿਆ। ਤਰਕਸ਼ੀਲ ਸਾਹਿਤ ਵੈਨ ਕੋਲ ਜਾ ਕੇ ਬਹੁਤ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੁਸਤਕਾਂ ਖਰੀਦੀਆਂ।

ਇਸ ਚਲਦੀ ਫਿਰਦੀ ਲਾਇਬਰੇਰੀ ਨੂੰ ਸਕੂਲ ਵਿੱਚ ਲਿਆਉਣ ਦੀ ਇਜਾਜ਼ਤ ਦੇਣ ਲਈ ਤੇ ਸਹਿਯੋਗ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਸਕੂਲ ਪ੍ਰਿੰਸੀਪਲ, ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਸਵਾਲ ਜਵਾਬ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਸ਼ਾਮ ਸਮੇਂ ਤਰਕਸ਼ੀਲ ਸਾਹਿਤ ਵੈਨ ਨੂੰ ਸਿਟੀ ਪਾਰਕ ਸੰਗਰੂਰ ਵਿਖੇ ਲਿਜਾਇਆ ਗਿਆ ਤੇ ਕਾਫੀ ਲੋਕਾਂ ਨੇ ਤਰਕਸ਼ੀਲ ਸਾਹਿਤ ਖਰੀਦਿਆ।