NEET 2026 ਪੇਪਰ ਲੀਕ ਮਾਮਲਾ; ਸਿੱਖਿਆ ਮੰਤਰੀ ਦਾ ਪ੍ਰੀਖਿਆ ਬਾਰੇ ਨਵਾਂ ਐਲਾਨ (ਵੇਖੋ ਵੀਡੀਓ)

 

NEET 2026 ਪੇਪਰ ਲੀਕ ਮਾਮਲਾ; ਸਿੱਖਿਆ ਮੰਤਰੀ ਦਾ ਪ੍ਰੀਖਿਆ ਬਾਰੇ ਨਵਾਂ ਐਲਾਨ (ਵੇਖੋ ਵੀਡੀਓ)

ਅਗਲੇ ਸਾਲ ਤੋਂ NEET ਦੀ ਪ੍ਰੀਖਿਆ ਕੰਪਿਊਟਰ ਆਧਾਰਿਤ (CBT) ਹੋਵੇਗੀ

ਇਸ ਵਾਰ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਮਿਲੇਗਾ

ਨਵੀਂ ਦਿੱਲੀ, 15 ਮਈ 2026-

ਨੀਟ (NEET) 2026 ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰੀਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਤੋਂ NEET ਦੀ ਪ੍ਰੀਖਿਆ ਕੰਪਿਊਟਰ ਆਧਾਰਿਤ (CBT) ਹੋਵੇਗੀ। ਇਸ ਦਾ ਮਤਲਬ ਹੈ ਕਿ ਹੁਣ ਓ.ਐੱਮ.ਆਰ (OMR) ਸ਼ੀਟ ਵਾਲਾ ਪੁਰਾਣਾ ਸਿਸਟਮ ਖ਼ਤਮ ਕਰ ਦਿੱਤਾ ਜਾਵੇਗਾ।

ਇਸ ਵਾਰ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਮਿਲੇਗਾ। ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ। 21 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦਾ ਪ੍ਰੀਖਿਆ ਕੇਂਦਰ ਅਤੇ ਸ਼ਹਿਰ ਚੁਣਨ ਦੀ ਆਜ਼ਾਦੀ ਦਿੱਤੀ ਜਾਵੇਗੀ।

21 ਜੂਨ ਦੀ ਪ੍ਰੀਖਿਆ ਲਈ 14 ਜੂਨ ਤੱਕ ਐਡਮਿਟ ਕਾਰਡ ਜਾਰੀ ਕਰ ਦਿੱਤੇ ਜਾਣਗੇ। NTA ਨੇ ਫੈਸਲਾ ਲਿਆ ਹੈ ਕਿ ਪ੍ਰਭਾਵਿਤ ਵਿਦਿਆਰਥੀਆਂ ਦੀ ਫੀਸ ਵਾਪਸ ਕੀਤੀ ਜਾਵੇਗੀ।

ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ 3 ਮਈ ਨੂੰ ਹੋਈ ਪ੍ਰੀਖਿਆ ਤੋਂ ਬਾਅਦ 7 ਮਈ ਨੂੰ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 8 ਮਈ ਨੂੰ ਜਾਂਚ ਸ਼ੁਰੂ ਕੀਤੀ ਗਈ ਅਤੇ 12 ਮਈ ਨੂੰ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਲਿਆ ਗਿਆ।

ਮੰਤਰੀ ਨੇ ਕਿਹਾ ਕਿ ਸਿੱਖਿਆ ਮਾਫੀਆ ਨੂੰ ਹਰਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਅਤੇ CBI ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਗੜਬੜੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਸਰਕਾਰ ਇਸ ਗੱਲ ਦਾ ਪੂਰਾ ਧਿਆਨ ਰੱਖ ਰਹੀ ਹੈ ਕਿ ਦੁਬਾਰਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ‘ਤੇ ਕੋਈ ਵਾਧੂ ਆਰਥਿਕ ਬੋਝ ਨਾ ਪਵੇ।

ਸਿੱਖਿਆ ਮੰਤਰੀ ਨੇ ਭਰੋਸਾ ਦਿਵਾਇਆ ਕਿ NTA, ਜੋ ਕਿ ਕਰੋੜਾਂ ਬੱਚਿਆਂ ਦੀ ਪ੍ਰੀਖਿਆ ਕਰਵਾਉਂਦੀ ਹੈ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਾਰਦਰਸ਼ਤਾ ਨੂੰ ਯਕੀਨੀ ਬਣਾਏਗੀ।