Comrade Surinder Tiwari ਦਾ ਪ੍ਰੇਰਨਾਮਈ ਮਿਸਾਲੀ ਇਨਕਲਾਬੀ ਸਫ਼ਰ

 

ਕਾਮਰੇਡ ਸੁਰਿੰਦਰ ਤਿਵਾੜੀ (Comrade Surinder Tiwari) ਦਾ ਪ੍ਰੇਰਨਾਮਈ ਮਿਸਾਲੀ ਇਨਕਲਾਬੀ ਸਫ਼ਰ

-ਪਾਵੇਲ ਕੁੱਸਾ

Comrade Surinder Tiwari: ਭਾਰਤੀ ਇਨਕਲਾਬ ਦਾ ਚਿੰਨ੍ਹ ਬਣ ਕੇ ਲੋਕ ਮਨਾਂ ‘ਚ ਵੱਸਦੇ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਹਜ਼ਾਰਾਂ ਹੀ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜਿੰਦੜੀਆਂ ਪਿੰਡਾਂ ਵਿੱਚ ਗੁਜ਼ਾਰਨੀਆਂ ਪੈਣਗੀਆਂ ਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ… ਨੌਜਵਾਨਾਂ ਨੂੰ ਸੱਚੇ ਦਿਲੋਂ ਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਹਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ।

ਕਾਮਰੇਡ ਸੁਰਿੰਦਰ ਤਿਵਾੜੀ ਸ਼ਹੀਦ ਦੇ ਉਹਨਾਂ ਬੋਲਾਂ ਨੂੰ ਸਾਕਾਰ ਕਰਕੇ ਇਸ ਅਮਲ ‘ਚ ਪੁੱਗ ਜਾਣ ਵਾਲੇ ਵਿਰਲਿਆਂ ‘ਚ ਸ਼ੁਮਾਰ ਸਨ। ਚੜ੍ਹਦੀ ਜਵਾਨੀ ਵੇਲੇ ਲੋਕ ਇਨਕਲਾਬ ਦਾ ਜਿਹੜਾ ਸੁਪਨਾ ਲੈ ਕੇ ਉਹ ਇਸ ਬਿਖੜੇ ਪੰਧ ‘ਤੇ ਤੁਰੇ ਤੇ ਜ਼ਿੰਦਗੀ ਦੇ ਅੰਤਲੇ ਸਾਹਾਂ ਤੱਕ ਇਸੇ ਮਹਾਨ ਮਿਸ਼ਨ ਨੂੰ ਸਮਰਪਿਤ ਰਹੇ।

ਲੁਧਿਆਣਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਸਮਰਾਲਾ ’ਚ ਜਨਮੇ ਕਾ. ਸੁਰਿੰਦਰ ਤਿਵਾੜੀ ਦਾ ਬਚਪਨ ਆਮ ਬੱਚਿਆਂ ਵਰਗਾ ਨਹੀਂ ਸੀ। ਬਚਪਨ ’ਚ ਹੀ ਮਾਤਾ-ਪਿਤਾ ਦੇ ਵਿਛੋੜੇ ਮਗਰੋਂ ਸਕੂਲੀ ਜੀਵਨ ਦੌਰਾਨ ਅਜਿਹਾ ਅਰਸਾ ਵੀ ਰਿਹਾ ਜਦੋਂ ਉਹ ਘਰ ’ਚ ਇਕੱਲਾ ਹੀ ਹੋਇਆ ਕਰਦਾ ਸੀ। ਉਹਨਾਂ ਦੀ ਦਸਵੀਂ ਦਾ ਸਾਲ ਹੀ ਨਕਸਲਬਾੜੀ ਬਗ਼ਾਵਤ ਦਾ ਸਾਲ ਸੀ ਤੇ ਉਸ ਵੇਲੇ ਤੋਂ ਹੀ ਇਸ ਲਹਿਰ ਦਾ ਪ੍ਰਤਾਪ ਪੰਜਾਬ ਦੀ ਜਵਾਨੀ ਦੇ ਮਸਤਕ ਅੰਦਰ ਦਿਖਾਈ ਦੇਣ ਲੱਗਿਆ ਸੀ।

ਲੋਕ ਮੁਕਤੀ ਦੇ ਚਾਨਣ ਦਾ ਦੀਵਾ ਸਾਥੀ ਸੁਰਿੰਦਰ ਦੇ ਮਸਤਕ ’ਚ ਵੀ ਜਗ ਉੱਠਿਆ ਸੀ। ਕਾਮਰੇਡ ਸੁਰਿੰਦਰ ਤਿਵਾੜੀ 60ਵਿਆਂ ਦੇ ਦਹਾਕੇ ਦੇ ਅਖੀਰਲੇ ਸਾਲਾਂ ਦੌਰਾਨ ਕਮਿਊਨਿਸਟ ਇਨਕਲਾਬੀਆਂ ਦੀ ਇੱਕ ਪੂਰੀ ਪੀੜ੍ਹੀ ਵਾਂਗ ਹੀ ਲਹਿਰ ਦੀ ਬੁੱਕਲ ’ਚ ਨਕਸਲਬਾੜੀ ਕਿਸਾਨ ਬਗਾਵਤ ਦੇ ਝੰਜੋੜੇ ਨਾਲ ਆਏ ਸਨ।

ਅਜਿਹੇ ਝੰਜੋੜੇ ਨਾਲ ਹੋਈ ਇਹ ਸ਼ੁਰੂਆਤ ਡੂੰਘੇ ਅਧਿਐਨ ਤੇ ਪੱਕੇ ਇਰਾਦੇ ਨਾਲ ਇੱਕ ਲੰਮੇ ਇਨਕਲਾਬੀ ਸਿਆਸੀ ਸਫਰ ’ਚ ਵਟ ਗਈ ਜਿਹੜਾ ਲਗਭਗ 56 ਵਰ੍ਹੇ ਅਡੋਲ ਰਹਿੰਦਿਆਂ ਜਾਰੀ ਰਿਹਾ। ਉਹਨਾਂ ਦੀ ਜਥੇਬੰਦੀ ਅਨੁਸਾਰ ਉਹਨਾਂ ਦਾ ਦਿਹਾਂਤ ਉਹਨਾਂ ਦੀ ਕਰਮ ਭੂਮੀ ’ਚ ਹੀ ਹੋਇਆ। ਏਸੇ ਕਰਮ ਖੇਤਰ ’ਚ ਹੀ ਉਹਨਾਂ ਨੂੰ ਕਮਿਊਨਿਸਟ ਸਮਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਸਾਥੀ ਤਿਵਾੜੀ ਬੀ.ਐਸ.ਸੀ. ਦੇ ਦੂਜੇ ਸਾਲ ’ਚ ਸਨ ਜਦ ਉਹ ਪੜ੍ਹਾਈ ਛੱਡ ਕੇ, ਕਮਿਊਨਿਸਟ ਇਨਕਲਾਬੀ ਲਹਿਰ ’ਚ ਕੁਲ-ਵਕਤੀ ਵਜੋਂ ਤੁਰ ਪਏ। ਉਹ ਬਹੁਤ ਗੰਭੀਰ ਤੇ ਜ਼ਹੀਨ ਵਿਦਿਆਰਥੀ ਸਨ ਤੇ ਆਪਣੇ ਅਧਿਆਪਕਾਂ ਦੇ ਹਰਮਨਪਿਆਰੇ ਵਿਦਿਆਰਥੀ ਸਨ। ਸਕੂਲੀ ਜੀਵਨ ਦੌਰਾਨ ਉਹਨਾਂ ਨੂੰ ਇਨਕਲਾਬੀ ਸਿਆਸੀ ਚੇਤਨਾ ਦੇ ਲੜ ਲੱਗਣ ਦੀ ਮੁਢਲੀ ਪ੍ਰੇਰਨਾ ਪੰਜਾਬੀ ਕਵੀ ਕੁਲਵੰਤ ਨੀਲੋਂ ਤੋਂ ਮਿਲੀ ਜਿਹੜੇ ਸਾਥੀ ਸੁਰਿੰਦਰ ਤਿਵਾੜੀ ਦੇ ਅਧਿਆਪਕ ਸਨ।

ਚੜ੍ਹਦੀ ਜਵਾਨੀ ’ਚ ਹੀ ਉਹਨਾਂ ਨੇ ਆਪਣੀ ਬੌਧਿਕ ਲਿਆਕਤ ਨੂੰ ਰਵਾਇਤੀ ਵਿਅਕਤੀਗਤ ਖਾਹਿਸ਼ਾਂ ਦੀ ਪੂਰਤੀ ਦੀ ਥਾਂ ਲੋਕ ਮੁਕਤੀ ਦੇ ਮਹਾਨ ਕਾਜ਼ ਦੇ ਲੇਖੇ ਲਾਉਣ ਦਾ ਫ਼ੈਸਲਾ ਕਰ ਲਿਆ। ਸਮਾਜ ਅੰਦਰ ਡੂੰਘੀ ਤਰ੍ਹਾਂ ਮੌਜੂਦ ਕਿਰਤੀ ਲੋਕਾਂ ਦੀ ਲੁੱਟ, ਅਨਿਆਂ, ਜਬਰ ਤੇ ਵਿਤਕਰਿਆਂ ਦਾ ਖਾਤਮਾ ਕਰਕੇ ਮਨੁੱਖ ਦੀ ਆਜ਼ਾਦੀ, ਤਰੱਕੀ ਤੇ ਖੁਸ਼ਹਾਲੀ ਲਈ ਸਾਂਝੀ ਵਾਲਤਾ ਵਾਲਾ ਕਮਿਊਨਿਸਟ ਸਮਾਜ ਉਸਾਰਨ ਦੇ ਸੰਘਰਸ਼ ਨੂੰ ਆਪਣਾ ਅਕੀਦਾ ਬਣਾ ਲਿਆ।

ਮੁਲਕ ਅੰਦਰ ਇਨਕਲਾਬ ਰਾਹੀਂ ਲੁਟੇਰੀਆਂ ਜਮਾਤਾਂ ਦੇ ਰਾਜ ਨੂੰ ਪਲਟ ਕੇ, ਕਿਰਤੀ ਕਿਸਾਨਾਂ ਦਾ ਲੋਕ ਜਮਹੂਰੀ ਰਾਜ ਕਾਇਮ ਕਰਨ ਦਾ ਹੋਕਾ ਦੇ ਰਹੀ ਨਕਸਲਬਾੜੀ ਲਹਿਰ ’ਚ ਕੁੱਦ ਪਏ। ਉਹਨਾਂ ਦੇ ਕੁਲਵਕਤੀ ਸਿਆਸੀ ਸਫ਼ਰ ਦੀ ਸ਼ੁਰੂਆਤ 1970 ’ਚ ਨਕਸਲਬਾੜੀ ਲਹਿਰ ਦੀ ਇੱਕ ਜਥੇਬੰਦੀ ਸੀ.ਪੀ.ਆਈ.(ਐਮ.ਐਲ) ਦੇ ਕਾਰਕੁੰਨ ਵਜੋਂ ਹੋਈ। 1971 ’ਚ ਉਹ ਹੋਰਨਾਂ ਕੁੱਝ ਸਾਥੀਆਂ ਨਾਲ ਕਾ. ਹਰਭਜਨ ਸੋਹੀ ਦੀ ਅਗਵਾਈ ਹੇਠਲੀ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ’ਚ ਸ਼ਾਮਲ ਹੋ ਗਏ।

ਉਹ ਨਕਸਲਬਾੜੀ ਕਿਸਾਨ ਬਗਾਵਤ ਦੀ ਵਿਰਾਸਤ ਨੂੰ ਸਹੀ ਅਰਥਾਂ ‘ਚ ਆਤਮਸਾਤ ਕਰਨ ਵਾਲੇ ਇਨਕਲਾਬੀਆਂ ‘ਚ ਸ਼ੁਮਾਰ ਸਨ। ਇਸ ਵਿਰਾਸਤ ਦੇ ਅਰਥਾਂ ਨੂੰ ਬੁੱਝ ਕੇ ਉਹਨਾਂ ਨੇ ਇਨਕਲਾਬੀ ਜਨਤਕ ਸੰਘਰਸ਼ਾਂ ਦੀ ਉਸਾਰੀ ਲਈ ਜ਼ਿੰਦਗੀ ਅਰਪਤ ਕਰ ਦਿੱਤੀ।

ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਲੰਮੇ ਸਫਰ ‘ਚ ਉਹਨਾਂ ਨੇ ਮਾਰਕਸਵਾਦ-ਲੈਨਿਨਵਾਦ ਤੇ ਮਾਓ-ਵਿਚਾਰਧਾਰਾ ‘ਚ ਡੂੰਘੀ ਨਿਹਚਾ ਦਾ ਪ੍ਰਗਟਾਵਾ ਕੀਤਾ। ਇਸ ਸਿਧਾਂਤਕ ਸਪਸ਼ਟਤਾ ਅਤੇ ਨਿਹਚਾ ਦੇ ਸਿਰ ‘ਤੇ ਉਹਨਾਂ ਨੇ ਲਹਿਰ ਅੰਦਰ ਆਉਂਦੇ ਸਭਨਾਂ ਅਹਿਮ ਨਾਜ਼ੁਕ ਮੋੜਾਂ ‘ਤੇ ਪਰਗਟ ਹੋਈਆਂ ਥਿੜਕਣਾਂ ਤੇ ਭਟਕਣਾਂ ਦਾ ਵਿਚਾਰਧਾਰਕ ਸਪਸ਼ਟਤਾ ਨਾਲ ਸਾਹਮਣਾ ਕੀਤਾ ਤੇ ਲੋਕ ਜਮਹੂਰੀ ਇਨਕਲਾਬ ਦਾ ਝੰਡਾ ਬੁਲੰਦ ਰੱਖਿਆ।

ਲਹਿਰ ਦੀਆਂ ਟੁੱਟਾਂ ਫੁੱਟਾਂ ਨੇ ਉਹਨਾਂ ਨੂੰ ਕਦੇ ਵੀ ਬੇਦਿਲ ਨਹੀਂ ਕੀਤਾ ਸਗੋਂ ਉਹਨਾਂ ਨੇ ਪੂਰੀ ਦ੍ਰਿੜਤਾ ਨਾਲ ਗਲਤ ਸਿਆਸੀ ਵਿਚਾਰਧਾਰਕ ਰੁਝਾਨਾਂ ਖਿਲਾਫ ਸੰਘਰਸ਼ ਵਿੱਚ ਹਿੱਸਾ ਪਾਇਆ ਤੇ ਸਹੀ ਇਨਕਲਾਬੀ ਲੀਹ ਦੀ ਸਥਾਪਤੀ ਲਈ ਸਦਾ ਸਰਗਰਮ ਰਹੇ।

ਸਮਾਜਵਾਦੀ ਚੀਨ ਦੇ ਪੂੰਜੀਵਾਦੀ ਹੋ ਜਾਣ ਨੇ ਇਨਕਲਾਬੀ ਕਾਜ਼ ‘ਚ ਉਹਨਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਕੀਤਾ ਸਗੋਂ ਇਸ ਵਰਤਾਰੇ ਦੇ ਵਿਗਿਆਨਕ ਵਿਸ਼ਲੇਸ਼ਣ ਰਾਹੀਂ ਆਪਣੀ ਸੂਝ ਨੂੰ ਹੋਰ ਡੂੰਘੀ ਤੇ ਪਕੇਰੀ ਕੀਤਾ। ਉਹਨਾਂ ਨੇ ਰੂਪੋਸ਼ ਰਹਿੰਦਿਆਂ ਔਖੇ ਸਮੇਂ ‘ਚ ਇਨਕਲਾਬੀ ਲਹਿਰ ਦੀ ਅਗਵਾਈ ਦੇ ਕਾਰਜ ਨਿਭਾਏ।

1977 ਐਮਰਜੈਂਸੀ ਹਟਣ ਤੋਂ ਬਾਅਦ ਜਨਤਾ ਪਾਰਟੀ ਸਰਕਾਰ ਨੇ ਕਮਿਊਨਿਸਟ ਇਨਕਲਾਬੀਆਂ ਨੂੰ ਸੰਘਰਸ਼ ਦਾ ਰਾਹ ਤਿਆਗ ਕੇ “ਮੁੱਖ-ਧਾਰਾ” ਵਿੱਚ ਆਉਣ ਦੀਆਂ ਪੇਸ਼ਕਸ਼ਾਂ ਕੀਤੀਆਂ ਸਨ। ਪਰ ਉਹ ਪਾਰਲੀਮਾਨੀ ਰਾਹ ਦੇ ਭਰਮ ਭੁਲੇਖਿਆਂ ਤੋਂ ਸਦਾ ਮੁਕਤ ਰਹੇ। ਉਹਨਾਂ ਨੇ ਇਹਨਾਂ ਪੇਸ਼ਕਸ਼ਾਂ ਨੂੰ ਰੱਦ ਕਰਦਿਆਂ ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰਨ ਦੇ ਕਾਰਜ ‘ਚ ਡਟੇ ਰਹਿਣ ਦਾ ਰਾਹ ਚੁਣਿਆ ਤੇ ਗੁਪਤਵਾਸ ਰਹਿੰਦਿਆਂ ਸਰਗਰਮੀ ਜਾਰੀ ਰੱਖੀ।

ਉਹ 15 ਅਗਸਤ 1947 ਨੂੰ ਦੇਸ਼ ਅੰਦਰ ਸਿਰਫ਼ ਸੱਤਾ ਬਦਲੀ ਦਾ ਘਟਨਾ ਕਰਮ ਸਮਝਣ ਵਾਲਿਆਂ ਵਿੱਚੋਂ ਸਨ। ਉਹਨਾਂ ਦੀ ਸਪਸ਼ਟ ਤੇ ਨਿਸ਼ਚਿਤ ਸਮਝ ਸੀ ਕਿ ਭਾਰਤ ਅੰਦਰ ਸਾਮਰਾਜੀ ਲੁੱਟ ਅਤੇ ਦਾਬੇ ਤੋਂ ਤੇ ਜਗੀਰਦਾਰੀ ਦੀ ਲੁੱਟ ਤੋਂ ਮੁਕਤੀ ਦਾ ਕਾਰਜ ਬਾਕੀ ਹੈ ਤੇ ਇਸ ਮੁਕਤੀ ਲਈ ਖਰੀ ਲੋਕ ਜਮਹੂਰੀਅਤ ਦੀ ਸਿਰਜਣਾ ਜ਼ਰੂਰੀ ਹੈ। ਉਹਨਾਂ ਨੇ ਲੋਕਾਂ ਦੇ ਸੰਘਰਸ਼ਾਂ ਨੂੰ ਇਸ ਇਨਕਲਾਬ ਦੀ ਸੇਧ ‘ਚ ਅੱਗੇ ਵਧਾਉਣ ਲਈ ਅਣਥੱਕ ਘਾਲਣਾ ਘਾਲੀ। ਇਸ ਸੇਧ ਨੂੰ ਲੋਕਾਂ ‘ਚ ਪ੍ਰਚਾਰਿਆ ਤੇ ਲੋਕਾਂ ਦੇ ਆਗੂਆਂ ਨੂੰ ਸਿੱਖਿਅਤ ਕਰਨ ਵਿੱਚ ਅਹਿਮ ਹਿੱਸਾ ਪਾਇਆ।

ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਅੰਦਰ ਉਹ ਦੋਹਾਂ ਤਰ੍ਹਾਂ ਦੀ ਦਹਿਸ਼ਤਗਰਦੀ ਖ਼ਿਲਾਫ਼ ਲੋਕ ਟਾਕਰਾ ਉਸਾਰਨ ਦੇ ਕਾਰਜ ’ਚ ਮੂਹਰਲੀਆਂ ਸਫਾਂ ’ਚ ਰਹੇ। ਉਹਨਾਂ ਨੇ ਫਿਰਕਾਪ੍ਰਸਤੀ ਖਿਲਾਫ਼ ਸੰਘਰਸ਼ ਤੇ ਧਰਮ ਖ਼ਿਲਾਫ਼ ਸੰਘਰਸ਼ ’ਚ ਵਖਰੇਵਾਂ ਕਰਨ ਦੀ ਪਹੁੰਚ ’ਤੇ ਜ਼ੋਰ ਦਿੱਤਾ।

ਫਿਰਕਾਪ੍ਰਸਤੀ ਖਿਲਾਫ਼ ਸੰਘਰਸ਼ ਨੂੰ ਜਮਾਤੀ ਜੱਦੋਜਹਿਦ ਨਾਲ ਸੁਮੇਲਣ ’ਤੇ ਜ਼ੋਰ ਦਿੱਤਾ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ’ਚ ਉਹ ਲੋਕਾਂ ਦੀ ਸਵੈ-ਰੱਖਿਆ ਦੇ ਕਾਰਜ ਨੂੰ ਗੰਭੀਰਤਾ ਨਾਲ ਸੰਬੋਧਿਤ ਹੋਏ। ਪੰਜਾਬ ਅੰਦਰ ਸਨਅਤੀ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਘੋਲਾਂ ਨੂੰ ਅਗਵਾਈ ਦੇਣ ’ਚ ਉਹਨਾਂ ਨੇ ਵਿਸ਼ੇਸ਼ ਕਰਕੇ ਹਿੱਸਾ ਪਾਇਆ। ਇਹਨਾਂ ਘੋਲਾਂ ਨੂੰ ਇਨਕਲਾਬੀ ਦਿਸ਼ਾ ’ਚ ਸੇਧਤ ਕਰਨ ਲਈ ਗੰਭੀਰ ਤੇ ਅਣਥੱਕ ਯਤਨ ਜੁਟਾਏ।

ਏਸ ਸੇਧ ਬਾਰੇ ਤੇ ਇਸਦੀ ਮਹੱਤਤਾ ਬਾਰੇ ਲਹਿਰ ਦੇ ਕਾਰਕੁੰਨਾਂ ਨੂੰ ਸਿੱਖਿਅਤ ਕਰਨ ’ਚ ਭਰਵਾਂ ਯੋਗਦਾਨ ਪਾਇਆ। ਮਜ਼ਦੂਰ ਲਹਿਰ ਦੀਆਂ ਸਮੱਸਿਆਵਾਂ ਹੱਲ ਕਰਨਾ ਉਹਨਾਂ ਦਾ ਨੇੜਲਾ ਸਰੋਕਾਰ ਬਣਿਆ ਰਿਹਾ। ਮਜ਼ਦੂਰ ਮੁਲਾਜ਼ਮ ਲਹਿਰ ਦੇ ਵਿਕਾਸ ਲਈ ਉਹਨਾਂ ਨੇ ਰਸਮੀ ਟਰੇਡ ਯੂਨੀਅਨ ਸਰਗਰਮੀਆਂ ਤੱਕ ਸੀਮਤ ਰਹਿਣ ਦੀ ਥਾਂ ਸਿਆਸੀ ਸੰਘਰਸ਼ ਕੇਂਦਰਾਂ ਦੀ ਉਸਾਰੀ ਦੀ ਲੋੜ ’ਤੇ ਜ਼ੋਰ ਦਿੱਤਾ।

ਪੰਜਾਬ ਅੰਦਰ ਇਨਕਲਾਬੀ ਲੋਕ ਲਹਿਰ ਦੀ ਉਸਾਰੀ ’ਚ ਉਹਨਾਂ ਦਾ ਅਹਿਮ ਆਗੂ ਰੋਲ ਸ਼ਾਮਿਲ ਹੈ। ਇਨਕਲਾਬੀ ਜਨਤਕ ਲੀਹ ’ਤੇ ਉਸਰ ਰਹੇ ਲੋਕ ਸੰਘਰਸ਼ਾਂ ’ਚ ਉਹਨਾਂ ਵੱਲੋਂ ਇਸ ਲੀਹ ਦੇ ਕੀਤੇ ਸੰਚਾਰ ਦੇ ਕਾਰਜਾਂ ਦੀ ਵੀ ਭੂਮਿਕਾ ਸ਼ਾਮਿਲ ਹੈ। ਇਸ ਕਾਰਜ ਲਈ ਉਹਨਾਂ ਨੇ ਵੱਖ ਵੱਖ ਇਨਕਲਾਬੀ ਪਰਚਿਆਂ ਵਿੱਚ ਲਿਖਤਾਂ ਲਿਖੀਆਂ।

ਉਹਨਾਂ ਦੀ ਘਾਲਣਾ ਭਰੀ ਜ਼ਿੰਦਗੀ ਸਮਰਪਿਤ ਕਮਿਊਨਿਸਟ ਇਨਕਲਾਬੀ ਵਜੋਂ ਮਿਸਾਲੀ ਜ਼ਿੰਦਗੀ ਸੀ। ਉਹਨਾਂ ਲਈ ਇਨਕਲਾਬੀ ਮਿਸ਼ਨ ਸਦਾ ਸਿਰਮੌਰ ਰਿਹਾ ਹੈ ਤੇ ਉਹ ਇਸਨੂੰ ਹਰ ਪਲ ਜਿਉਣ ਵਾਲਿਆਂ ’ਚੋਂ ਸਨ। ਉਹ ਇਨਕਲਾਬੀ ਕਾਰਜਾਂ ਨਾਲ ਗੂੜ੍ਹੀ ਤਰ੍ਹਾਂ ਇੱਕਮਿੱਕ ਸਨ। ਅੰਡਰਗਰਾਊਂਡ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਾ ਸਦਾ ਖਿੜੇ ਮੱਥੇ ਉੱਚੇ ਮਨੋਬਲ ਨਾਲ ਸਾਹਮਣਾ ਕੀਤਾ।

ਇਨਕਲਾਬ ਦੇ ਰਾਹ ਦੇ ਬਿਖੜੇ ਪੈਂਡਿਆਂ ’ਤੇ ਇੱਕ ਅਣਥੱਕ ਪਾਂਧੀ ਵਜੋਂ ਉਹਨਾਂ ਦੀਆਂ ਪੈੜਾਂ ਅਮਿੱਟ ਹਨ। ਆਪਣੀ ਸਿਆਸੀ ਵਿਚਾਰਧਾਰਕ ਪ੍ਰਤੀਬੱਧਤਾ, ਸਪੱਸ਼ਟਤਾ ਅਤੇ ਡੂੰਘੀ ਸਮਰਪਣ ਭਾਵਨਾ ਸਦਕਾ ਉਹ ਇਨਕਲਾਬੀਆਂ ਦੀ ਮੌਜੂਦਾ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਨਾ ਬਣੇ ਰਹਿਣਗੇ।

ਅੱਜ ਉਹਨਾਂ ਦੀ ਜਨਮ ਭੂਮੀ ਸਮਰਾਲਾ ਵਿਖੇ ਇਨਕਲਾਬੀ ਕਾਫ਼ਲੇ ਦੇ ਲੋਕ ਉਹਨਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਜੁੜਨਗੇ ਤੇ ਉਹਨਾਂ ਦੇ ਫਖ਼ਰਯੋਗ ਵਿਰਸੇ ਨੂੰ ਬੁਲੰਦ ਕਰਨਗੇ।