Education Opinion: ਅਲੋਪ-ਅਲੋਪ-ਅਲੋਪ; ਭਿੰਦੇ ਮਿਸਤਰੀ ਦਾ ਨਾਂ ਉਦਘਾਟਨੀ ਪੱਥਰਾਂ ‘ਚੋ ਅਲੋਪ
Ekam Duggal
Education Opinion: ਕੱਲ ਸਵੇਰੇ ਸਕੂਲ ਜਾਣ ਸਮੇਂ ਰਸਤੇ ‘ਚ ਭਿੰਦਾ ਮਿਸਤਰੀ ਮਿਲਿਆ।ਜਿਸ ਨੇ ਪਿਛਲੇ ਸਾਲ ਹੀ ਸਕੂਲ ਦੇ ਦੋ ਕਮਰੇ,ਤਿੰਨ ਬਾਥਰੂਮ ਤੇ ਚਾਰਦੀਵਾਰੀ ਦਾ ਕੰਮ ਨੇਪਰੇ ਚਾੜਿਆ ਸੀ। ਉਹ ਬੜਾ ਖੁਸ਼ ਸੀ ਕਿ ਅਗਲੇ ਸਾਲ ਮੈਂ ਹੀ ਇਸ ਦਾ ਉਦਘਾਟਨ ਕਰਾਂਗਾ ਤੇ ਗ੍ਰੇਨਾਇਟ ਪੱਥਰ ‘ਤੇ ਸੋਹਣਾ ਜਿਹੇ ਅੱਖਰਾਂ ਨਾਲ ਮੇਰਾ ਨਾਮ “ਭਿੰਦਾ ਮਿਸਤਰੀ ਅਟਾਰੀ ਵਾਲ਼ਾ”ਲਿਖਿਆ ਜਾਵੇਗਾ।
ਪਰ ਉਹ ਮਾਯੂਸ ਜਿਹਾ ਹੋ ਕੇ ਆਖ ਰਿਹਾ ਸੀ ਕਿ ਮਾਨ ਸਾਬ ਵੀ ਕੱਬਤਾਨ-ਟੰਨੀ ਤੇ ਦੁੱਖਬੀਰ ਵਰਗੇ ਹੀ ਨਿੱਕਲ਼ੇ।ਅਸੀਂ ਸਾਰੇ ਮਿਸਤਰੀ ਲੁੱਟੇ ਹੋਏ ਮਹਿਸੂਸ ਕਰ ਰਹੇ ਹਾਂ।ਮੈਂ ਉਸ ਤੋਂ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਲੁੱਟੇ ਗਏ। ਨਾ ਕੋਈ ਡਾਕਾ ਪਿਆ ਤੁਹਾਡੇ ਘਰ,ਨਾ ਕੋਈ ਚੋਰ ਚੱਕਾ ਆਇਆ।ਤੁਸੀਂ ਫਿਰ ਕਿਵੇਂ ਲੁੱਟੇ ਗਏ। ਉਹ ਕਹਿੰਦਾ, ਆ ਮਾਸਟਰਾ ਬੈਠ ਤੈਨੂੰ ਦੱਸਾਂ……….
ਜਦੋਂ ਪੰਜਾਬ ‘ਚ ਕੱਬਤਾਨ ਦੀ ਸਰਕਾਰ ਸੀ,ਉਦੋਂ ਮਾਨ ਸਾਹਿਬ ਕਹਿੰਦੇ ਸੀ ਕਿ “ਪੰਜਾਬ ਦੇ ਵਿਕਾਸ ਲਈ ਮੈਂ ਜੋ ਵੀ,ਕਿਤੇ ਵੀ ਕੋਈ ਕੰਮ ਕਰਾਵਾਂਗਾ, ਉਦਘਾਟਨੀ ਪੱਥਰਾਂ ‘ਤੇ ਮਿਸਤਰੀਆਂ ਤੇ ਮਜ਼ਦੂਰਾਂ ਦੇ ਨਾਮ ਹੀ ਲਿਖਾਵਾਂਗਾ, ਜਿਨ੍ਹਾਂ ਦੇ ਕਰ ਕਮਲਾਂ ਨਾਲ ਇਹ ਕੰਮ ਹੋਇਆ,ਉਹਨਾਂ ਤੋਂ ਹੀ ਉਦਘਾਟਨ ਕਰਾਂਵਾਗਾ।
ਚਾਰ-ਇਕ ਦਾ ਮਸਾਲਾ ਉਹਨਾਂ ਨੇ ਫੜਾਇਆ। ਇੱਟਾਂ ਉਹਨਾਂ ਨੇ ਫੜਾਈਆਂ। ਲੀਡਰ ਤਾਂ ਉੱਥੇ ਕੋਈ ਗਿਆ ਨੀ। ਫਲਾਣਾ ਸਿੰਘ ਦੇ ਇਹ ਕਰ ਕਮਲ ਫਿਰ ਆਪਣੇ ਕਿਵੇਂ ਹੋ ਗਏ? ਇਹ ਲੀਡਰ ਆਪਣਾ ਨਾਂ ਲਿਖਾ ਲੈਂਦੇ ਨੇ ਵੀ ਮੇਰੇ ਕਰ ਕਮਲ਼ਾ ਨਾਲ਼ ਬਣਿਆ।
ਮਸਾਲਾ ਜਿਨਾਂ ਨੇ ਫੜਾਇਆਂ,ਜਿਹਨਾਂ ਦੇ ਕਰ ਕਮਲ਼ਾਂ ਨਾਲ ਕੰਮ ਹੋਇਆ,ਉਹਨਾਂ ਦਾ ਨਾਂ ਵੀ ਨਹੀਂ ਲਿਖਿਆ।”ਭਿੰਦਾ ਮਿਸਤਰੀ ਕਹਿੰਦਾ ਸਾਡੇ ਤਾਂ ਕਰ ਕਮਲ ਹੀ ਖੋਹ ਲਏ ਗਏ ਨੇ। ਮਾਨ ਸਾਬ ਕਹਿਣੀ ਕਰਨੀ ਦੇ ਇੱਕ ਨਹੀਂ ਹੋ ਸਕੇ।ਸਾਡਾ ਨਾਂ ਲਿਖਣ ਦੀ ਜਗ੍ਹਾ ਆਪਣਾ ਨਾਂ ਲਿਖਵਾ ਕੇ ਉਹ ਉਦਘਾਟਨ ਕਰਵਾ ਰਹੇ ਹਨ।
ਅਸੀਂ ਤਾਂ ਚੌੜੇ ਹੋਏ ਫਿਰਦੇ ਸੀ ਕਿ ਅਸੀਂ ਆਪਣੇ ਬਣਾਏ ਹੋਏ ਸਕੂਲਾਂ ਦੇ ਕਮਰਿਆਂ ਦਾ, ਚਾਰਦੀਵਾਰੀ ਦਾ ਉਦਘਾਟਨ ਕਰਾਂਗੇ। ਅਸੀਂ ਤਾਂ ਕਾਂਡੀ ਨਾਲ ਮਸਾਲਾ ਭਰ ਕੇ ਪਲੱਸਤਰ ਹੀ ਕਰਦੇ ਰਹਿ ਗਏ,ਸਾਹਲ ਨਾਲ ਕੰਧਾਂ ਸਿੱਧੀਆਂ ਕਰਦੇ ਰਹਿ ਗਏ।
ਭਿੰਦਾ ਮਿਸਤਰੀ ਦੱਸਦਾ ਕਿ ਅੱਜ ਹੋ ਰਹੇ ਉਦਘਾਟਨਾਂ ‘ਚ ਦੇਖਿਆ ਕਿ ਅਧਿਆਪਕ ਮਜ਼ਬੂਰੀ ਵੱਸ ਬੱਚਿਆਂ ਦੀ ਪੜ੍ਹਾਈ ਛੱਡ ਕੇ,ਦਾਖਲੇ ਛੱਡ ਕੇ,ਆਪਣੇ ਸਾਰੇ ਕੰਮ ਛੱਡ ਕੇ ਉਦਘਾਟਨਾਂ ਦੀਆਂ ਤਿਆਰੀਆਂ ਕਰਦੇ,ਆਮ ਬੰਦਿਆਂ ਦੀ ਆਊ ਭਗਤ ਕਰਦੇ,ਉਹਨਾਂ ਦੇ ਗਲ਼ਾ ‘ਚ ਹਾਰ ਪਾਉਂਦੇ ਹੀ ਦਿਖੇ।
ਭਿੰਦਾ ਮਿਸਤਰੀ ਦੱਸ ਰਿਹਾ ਸੀ ਕਿ ਸਕੂਲ ‘ਚ ਕੰਮ ਕਰਦਿਆਂ ਅਧਿਆਪਕਾਂ ਨੂੰ ਗੱਲਾਂ ਕਰਦਿਆਂ ਸੁਣ ਰਿਹਾ ਸੀ ਕਿ ਫਲਾਣੇ ਇੱਕ ਸਕੂਲ ਦੇ ਵਿੱਚ ਅਧਿਆਪਕ ਨੇ ਉਦਘਾਟਨ ਲਈ ਇਕੱਲੀਆਂ ਫਲੈਕਸਾਂ ਹੀ ਬਣਾਈਆਂ ਸਨ।ਪਰ ਰਾਤ ਨੂੰ ਕਿਸੇ ਵੱਡੇ ਅਫਸਰ ਦਾ ਉਹਨੂੰ ਫੋਨ ਆਇਆ ਕਿ ਕੱਲ੍ਹ ਉਦਘਾਟਨ ਦੀ ਤਿਆਰੀ ਹੈ?
ਉਹ ਕਹਿੰਦਾ ਜੀ,ਪੂਰੀ ਤਿਆਰੀ ਹੈ,ਫਲੈਕਸਾਂ ਬਣਾ ਲਈਆਂ ਹਨ।ਪਰ ਵੱਡਾ ਅਫਸਰ ਕਹਿੰਦਾ ਕਿ ਗ੍ਰੇਨਾਇਟ ਪੱਥਰ ਵੀ ਬਣਵਾਓ।ਉਹ ਵਿਚਾਰੇ ਦਾ ਬੀ.ਪੀ.ਵੱਧ ਗਿਆ ਕਿ ਏਨੀ ਰਾਤ ਨੂੰ ਹੁਣ ਪੱਥਰ ਕੌਣ ਬਣਾਊ।
ਰਾਤ ਨੂੰ ਕਿਸੇ ਅਧਿਆਪਕ ਨਾਲ ਸੰਪਰਕ ਕਰਕੇ ਉਹ ਰਾਤੋ-ਰਾਤ ਕਿਸੇ ਦੂਰ ਦੇ ਸ਼ਹਿਰ ਵਿੱਚੋਂ ਰਾਤ ਨੂੰ ਹੀ ਪੱਥਰ ਬਣਾ ਕੇ ਲੈ ਕੇ ਆਇਆ।ਇਹ ਵੀ ਪਤਾ ਲੱਗਿਆ ਹੈ ਕਿ ਇਹ ਸਾਰਾ ਕੰਮ ਮਜਬੂਰੀ ਵੱਸ ਆਮ ਬੰਦਿਆਂ ਨੂੰ ਖੁਸ਼ ਕਰਨ ਤੇ ਉਹਨਾਂ ਦਾ ਸ਼ੋਸਲ ਮੀਡੀਆ ‘ਤੇ ਪ੍ਰਚਾਰ ਕਰਨ ਹਿੱਤ ਅਧਿਆਪਕ ਆਪਣੀਆਂ ਜੇਬਾਂ ‘ਚੋ ਹੀ ਖਰਚ ਕਰ ਰਹੇ ਹਨ।
ਕਈ ਅਧਿਆਪਕ ਤਾਂ ਮਿਲ਼ੀ ਗ੍ਰਾਂਟ ਨੂੰ ਸਿਆਪਾ ਹੀ ਦੱਸ ਰਹੇ ਸਨ।ਕਈ ਜਗ੍ਹਾ ਤਾਂ ਸਰਕਾਰੀ ਅਧਿਆਪਕ ਵੀ ਸੱਤਾਧਾਰੀ ਪਾਰਟੀ ਦੀਆਂ ਨੀਤੀਆਂ ਦੀ ਵਾਹ-ਵਾਹ ਅਤੇ ਅਕਾਲੀਆਂ-ਕਾਂਗਰਸੀਆਂ ਨੂੰ ਭੰਡਦੇ ਨਜ਼ਰ ਆਏ।
ਭਿੰਦਾ ਦੱਸਦਾ ਕਿ ਉਸਨੇ ਮੋਬਾਇਲ ਤੇ ਦੇਖਿਆ ਕਿ ਇੱਕ ਜਗ੍ਹਾ ‘ਤੇ ਤਾਂ ਘੋੜੇਮਾਜਰੇ ਪਿੰਡ ਦਾ ਬੰਦਾ ਬੜਾ ਚੌੜਾ ਹੋ ਕੇ ਅਧਿਆਪਕਾਂ ਅਤੇ ਬੱਚਿਆਂ ਨੂੰ ਝਿੜਕਾਂ ਮਾਰਦਾ,ਅਧਿਆਪਕਾਂ ਨੂੰ ਅਨੁਸ਼ਾਸ਼ਨ ਦਾ ਪਾਠ ਪੜਾਉਂਦਾ,ਉਹਨਾਂ ਦੀ ਬੇਇੱਜ਼ਤੀ ਕਰਦਾ ਨਜ਼ਰ ਆਇਆ।
ਭਿੰਦਾ ਕਹਿੰਦਾ ਕਿ ਮੈਂ ਹੈਰਾਨ ਹਾਂ,ਪੰਜਾਬ ਦੀ ਪੜ੍ਹੀ ਲਿਖੀ ਕੌਮ,ਦੇਸ਼ ਦੇ ਨਿਰਮਾਤਾ ਕਹਾਉਣ ਵਾਲੇ ਅਧਿਆਪਕ,ਜੇ ਆਪਣੀ ਜਗ੍ਹਾ ਸਹੀ ਸੀ ਤਾਂ ਕਿਵੇਂ ਖੜੇ ਉਸਦੀਆਂ ਝਿੜਕਾਂ ਸੁਣ ਰਹੇ ਸੀ।
ਜੋ ਆਪਣੀ ਰੱਖਿਆ ਨੀ ਕਰ ਸਕਦੇ,ਉਹ ਬੱਚਿਆਂ ਨੂੰ ਆਪਣੀ ਰਾਖੀ ਕਰਨੀ ਕਿਵੇਂ ਸਿਖਾਉਣਗੇ।ਜੋ ਆਪ ਨਹੀਂ ਬੋਲ ਸਕਦੇ,ਉਹ ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਬੋਲਣ ਲਈ ਕਿਵੇਂ ਤਿਆਰ ਕਰਨਗੇ। ਇਤਿਹਾਸ ਗਵਾਹ ਹੈ,5% ਬੋਲਣ ਵਾਲ਼ਿਆਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ਼ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਅਪਮਾਨ ਕਰਨ ਵਾਲ਼ੇ ਮੁੱਧੇ ਮੂੰਹ ਡਿੱਗ ਕੇ ਮੁਆਫੀ ਮੰਗਣ ਲਈ ਮਜ਼ਬੂਰ ਹੁੰਦੇ ਨੇ।
ਉਹ ਇੱਕ ਹੋਰ ਵੀਡੀਓ ਦਾ ਜਿਕਰ ਵੀ ਕਰ ਰਿਹਾ ਸੀ। ਜਿਸ ‘ਚ ਵਿੱਦਿਆ ਮੰਤਰੀ ਸਾਬ ਕੋਈ 5% ਧਰਨੇ, ਵਾਲ਼ਿਆਂ ਤੇ 95% ਬੱਚਿਆਂ ਨੂੰ ਪੜ੍ਹਾਉਣ ਵਾਲ਼ਿਆਂ ਦੀ ਗੱਲ ਕਰ ਰਹੇ ਸਨ।ਉਹ ਕਹਿੰਦੇ ਕਿ ਇਹ 5%-7% ਹੀ ਅਧਿਆਪਕ ਧਰਨੇ ਤੇ ਰਹਿੰਦੇ ਨੇ।
ਅੱਜ ਵੀ ਕਿਤੇ ਕਾਲ਼ੀਆਂ ਝੰਡੀਆਂ ਦਿਖਾ ਰਹੇ ਹੋਣੇ ਤੇ ਪਿੱਛੇ ਬੈਠੇ ਲੋਕੀਂ ਤਾੜੀਆਂ ਮਾਰ ਰਹੇ ਸਨ।ਪਰ ਮੈਂ ਭਿੰਦੇ ਮਿਸਤਰੀ ਨੂੰ ਦੱਸਿਆ ਕਿ ਲੜ੍ਹਨ ਵਾਲੇ ਲੋਕੀਂ 5%-7% ਹੀ ਹੁੰਦੇ ਨੇ। ਇਹਨਾਂ ਕਰਕੇ ਹੀ ਸਕੂਲ ਅਤੇ ਸਿੱਖਿਆ ਬਚੀ ਹੋਈ ਹੈ।ਨਹੀ ਤਾਂ ਹੁਣ ਤੱਕ ਕਦੋਂ ਦਾ ਸਰਕਾਰਾਂ ਨੇ ਸਰਕਾਰੀ ਸਕੂਲ ਕਾਰਪੋਰੇਟਾਂ ਨੂੰ ਵੇਚ ਕੇ ਪ੍ਰਾਈਵੇਟ ਕਰ ਦੇਣੇ ਸੀ।
ਸਰਕਾਰੀ ਸਕੂਲਾਂ ਦਾ ਭੋਗ ਪੈ ਗਿਆ ਹੋਣਾ ਸੀ।ਪਰ ਹਾਲ਼ੇ ਕੁਝ ਕੁ ਲੋਕਾਂ ਦੀਆਂ ਜਮੀਰਾਂ ਜਿਊਂਦੀਆਂ ਹਨ।ਜਿਊਂਦੀਆਂ ਜਾਗਦੀਆਂ ਜਮੀਰਾਂ ਵਾਲ਼ੇ ਲੋਕੀਂ ਲੜ੍ਹ ਰਹੇ ਹਨ।*
ਭਿੰਦਾ ਕਹਿੰਦਾ ਮੈਂ ਇਸ ਸਕੂਲ ‘ਚ ਦੇਖਿਆ ਕਿ ਕਈ ਬੰਦੇ ਤਾਂ ਚਾਪਲੂਸੀ ਦੀ ਹੱਦ ਹੀ ਟੱਪ ਗਏ।ਚਾਪਲੂਸੀ ਸ਼ਬਦ ਸੁਣਕੇ ਮੈਂ ਉਸਨੂੰ ਦੱਸਿਆ ਕਿ ਕਈ ਅਫਸਰਾਂ ਨੇ ਤਾਂ ਆਪਣੇ ਚਾਪਲੂਸਾਂ ਦੀ ਡਿਊਟੀ ਕਈ-ਕਈ ਦਿਨਾਂ ਤੋਂ ਆਪਣੇ ਨਾਲ ਲਾ ਰੱਖੀ ਹੈ।
ਹਰੇਕ ਸਮਾਗਮਾਂ ਤੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਵਾਂਗ ਮੂਹਰੇ ਸੱਜ ਕੇ ਬੈਠੇ ਜਾਂਦੇ ਨੇ, ਜਿਵੇਂ ਇਹਨਾਂ ਦਾ ਆਪਣਾ ਫੰਕਸ਼ਨ ਹੋਵੇ।
ਅਗਲੇ ਦਾ ਕੁੰਡਾ ਕਰਾ ਕੇ ਆਪ ਘਰਾਂ ਨੂੰ ਤੁਰ ਜਾਂਦੇ ਨੇ। ਬੇਸ਼ਰਮਾਂ ਦੀ ਤਰ੍ਹਾਂ ਭੀੜ ਬਣਕੇ ਖੜ੍ਹ ਜਾਂਦੇ ਹਨ। ਕਹਿ ਲਵੋ,ਬੇਗਾਨੀ ਸ਼ਾਦੀ ਮੇੰ ਅਬਦੁੱਲਾ ਦੀਵਾਨਾ।ਇਹ ਉਹ ਬੰਦੇ ਨੇ ਜਿਨਾਂ ਨੂੰ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਕੋਈ ਫਿਕਰ ਨਹੀਂ।
ਗੱਲ ਐ ਕਰਦੇ ਨੇ,ਜਿਵੇਂ ਇਹਨਾਂ ਤੋਂ ਬਿਨਾਂ ਸਕੂਲ ਹੀ ਨਾ ਚੱਲਦੇ ਹੋਣ। ਸਕੂਲ ‘ਚ ਵੜਦੇ ਹੀ ਨਹੀਂ ਤੇ ਬੱਚਿਆਂ ਨੂੰ ਬਿਨ੍ਹਾਂ ਪੜ੍ਹਾਏ ਚਾਪਲੂਸੀ ਸਦਕਾ ਬੈਸਟ ਟੀਚਰ ਦਾ ਅਵਾਰਡ ਵੀ ਲੈ ਜਾਂਦੇ ਨੇ।ਇਹ ਸੁਣਕੇ ਭਿੰਦੇ ਮਿਸਤਰੀ ਨੇ ਹੈਰਾਨੀ ਨਾਲ਼ ਕਿਹਾ,”ਹੈਂ ਮਾਸਟਰ ਜੀ।”
ਭਿੰਦਾ ਮਿਸਤਰੀ ਸੋਚ ਰਿਹਾ ਸੀ ਕਿ ਇਹ ਕਿਹੋ ਜਿਹੀ ਸਿੱਖਿਆ ਕ੍ਰਾਂਤੀ ਹੈ? ਸਕੂਲਾਂ ਦੀ ਸਿੱਖਿਆ ਦਿਨੋ-ਦਿਨ ਨਿਘਾਰ ਵੱਲ ਜਾ ਰਹੀ ਹੈ।ਜੇ ਇਸ ਤਰ੍ਹਾਂ ਦਾ ਹੀ ਸਿੱਖਿਆ ਸਿਸਟਮ ਚੱਲਦਾ ਰਿਹਾ ਤਾਂ ਇਹ ਬੱਚੇ ਆਉਣੇ ਸਾਡੇ ਕੋਲ ਹੀ ਹਨ।ਬਜ਼ਰੀ,ਇੱਟਾਂ ਰੋੜ੍ਹੇ ਢੋਂਦੀ ਕ੍ਰਾਂਤੀ ਜਰੂਰ ਆ ਜਾਵੇਗੀ,ਸਿੱਖਿਆ ਕ੍ਰਾਂਤੀ ਇਹਨਾਂ ਬੱਚਿਆਂ ਤੋਂ ਦੂਰ ਹੀ ਰਹੇਗੀ।
ਬਾਲੜੀਆਂ ਦੇ ਸਕੂਲ ਦੇ ਅਧਿਆਪਕ ਦੋ ਮਹੀਨੇ ਤੋਂ ਤਨਖਾਹ ਉਡੀਕ ਰਹੇ ਹਨ ਤੇ ਇੱਧਰ 20-20 ਕਰੋੜ ਰੁਪਈਆ ਉਦਘਾਟਨਾਂ ਦੇ ਪੱਥਰਾਂ ਤੇ ਹੀ ਮੜ੍ਹਿਆ ਜਾ ਰਿਹਾ ਹੈ। ਉਦਘਾਟਨ ਲਈ ਬਾਥਰੂਮ ਤੱਕ ਨਹੀ ਛੱਡੇ ਜਾ ਰਹੇ ਨੇ।ਬਾਥਰੂਮਾਂ ਅੱਗੇ ਵੀ ਪੱਥਰ ਜੜ੍ਹੇ ਜਾ ਰਹੇ ਨੇ।
ਸਕੂਲਾਂ ‘ਚ ਅਧਿਆਪਕ ਦੀ ਗਿਣਤੀ ਪੂਰੀ ਨਹੀ,ਬਹੁਤੇ ਸਕੂਲਾਂ ‘ਚ ਪ੍ਰਿੰਸੀਪਲਾਂ ਤੇ ਲੈਕਚਰਾਰ ਹੈ ਨਹੀ,ਬੀ.ਪੀ.ਈ.ਓ.ਦੀਆਂ ਪੋਸਟਾਂ ਖਾਲੀ ਪਈਏ ਨੇ, ਸਕੂਲਾਂ ‘ਚ ਅਧਿਆਪਕਾਂ ਦੀ ਘਾਟ ਹੋਣ ਕਾਰਨ ਬੱਚਿਆਂ ਦੀ ਗਿਣਤੀ ਦਿਨੋਂ-ਦਿਨ ਘੱਟਦੀ ਜਾ ਰਹੀ ਹੈ।ਜੇ ਸਿੱਖਿਆ ਕ੍ਰਾਂਤੀ ਇਹਨੂੰ ਕਹਿੰਦੇ ਨੇ ਤਾਂ ਅਸੀਂ ਨਹੀਂ ਕਰਨੇ ਇਹੋ ਜਿਹੇ ਉਦਘਾਟਨ।ਅਸੀ ਨਹੀਂ ਲਿਖਵਾਉਣਾ ਅਜਿਹੀ ਸਿੱਖਿਆ ਕ੍ਰਾਂਤੀ ਵਾਲ਼ੇ ਪੱਥਰਾਂ ਤੇ ਆਪਣਾ ਨਾਂ।
ਭਿੰਦਾ ਮਿਸਤਰੀ ਚੱਲ ਰਹੀ ਸਿੱਖਿਆ ਕ੍ਰਾਂਤੀ ਨੂੰ ਦੇਖ ਕੇ ਬੇਚੈਨ ਸੀ। ਭਿੰਦਾ ਮਿਸਤਰੀ ਕਹਿੰਦਾ,ਛੱਡੋ ਪਰੇ,ਆਪਾਂ ਤਾਂ ਅੱਜ ਦਾ ਦਿਨ ਟਪਾਉਣਾ ਸੀ,ਟਪਾ ਲਿਆ।ਭਿੰਦਾ ਮਿਸਤਰੀ ਨਾਲ ਦੇ ਨੂੰ ਕਹਿਣ ਲੱਗਾ,ਚੱਕ ਕੰਜਰਾ,ਤੂੰ ਕੀ ਦੇਖਦਾ।ਮਸਾਲਾ,ਤੂੰ ਕਿਹੜੇ ਉਦਘਾਟਨ ਦੀ ਉਡੀਕ ਕਰਦਾ।
ਓਧਰੋਂ ਸਕੂਲ ਦਾ ਹਿਸਾਬ ਆਲ਼ਾ ਮਾਸਟਰ ਵੀ ਮੇਰੇ ਤੇ ਭਿੰਦੇ ਵੱਲ ਕੌੜਾ-ਕੋੜਾ ਝਾਕਦਾ ਸਾਡੇ ਵੱਲ ਆ ਰਿਹਾ ਸੀ। ਮੈਂ ਵੀ ਸਕੂਟਰੀ ਦੀ ਸੈਲਫ ਮਾਰੀ ਤੇ ਸਕੂਲ ਵੱਲ ਨੂੰ ਚੱਲ ਪਿਆ।ਭਿੰਦਾ ਮਿਸਤਰੀ ਚੱਲ ਰਹੀ ਸਿੱਖਿਆ ਕ੍ਰਾਂਤੀ ਨੂੰ ਦੇਖ ਕੇ ਬੇਚੈਨ ਸੀ। ਉਦਾਸੀ ਦੇ ਆਲਮ ‘ਚ ਖੋਇਆ ਭਿੰਦਾ ਮਿਸਤਰੀ ਵੀ ਸਕੂਲ ‘ਚ ਚੱਲ ਰਹੇ ਵਿਕਾਸ ਕਾਰਜ ਅਧੀਨ ਕੰਧ ‘ਚ ਇੱਟਾਂ ਚਿਣਨ ਲੱਗ ਪਿਆ।
ਭਿੰਦੇ ਮਿਸਤਰੀ ਦਾ ਕੌਮ ਦੇ ਨਿਰਮਾਤਾ ਨੂੰ ਸੁਨੇਹਾ,”ਕਿਸੇ ਕੌਮ ਨੂੰ ਤਬਾਹ ਕਰਨ ਲਈ ਐਟਮ ਬੰਬ ਜਾਂ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜਾਇਲਾਂ ਦੀ ਲੋੜ ਨਹੀਂ ਹੁੰਦੀ।ਇਸ ਵਾਸਤੇ ਇਨਾ ਹੀ ਕਾਫੀ ਹੈ ਕਿ ਸਿੱਖਿਆ ਦਾ ਮਿਆਰ ਥੱਲੇ ਡੇਗ ਦਿੱਤਾ ਜਾਵੇ।”






