Punjab School Holiday: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ ਭਲਕੇ ਛੁੱਟੀ ਦਾ ਐਲਾਨ!
ਚੋਣਾਂ ਦੀ ਗਿਣਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲਿਆ ਗਿਆ ਫੈਸਲਾ
ਕਾਊਂਟਿੰਗ ਸੈਂਟਰ (Counting Centers) ਬਣਾਏ ਗਏ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਰਹੇਗੀ ਛੁੱਟੀ
ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਨਤੀਜਿਆਂ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ
26 ਮਈ ਨੂੰ ਪਈਆਂ ਸਨ ਵੋਟਾਂ, 29 ਮਈ 2026 ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਰੂਪਨਗਰ/ਚੰਡੀਗੜ੍ਹ, 28 ਮਈ 2026: ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਬਾਅਦ ਹੁਣ ਨਤੀਜਿਆਂ ਦੀ ਘੜੀ ਨੇੜੇ ਆ ਗਈ ਹੈ।
ਇਸੇ ਦੇ ਮੱਦੇਨਜ਼ਰ ਸੂਬਾ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਵਾਲੇ ਦਿਨ ਯਾਨੀ ਭਲਕੇ (29 ਮਈ ਨੂੰ) ਸਬੰਧਿਤ ਕਾਊਂਟਿੰਗ ਸੈਂਟਰਾਂ ਵਾਲੀਆਂ ਥਾਵਾਂ (ਸਕੂਲਾਂ) ਵਿੱਚ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਵੱਲੋਂ ਪੰਜਾਬ ਰਾਜ ਵਿੱਚ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਬੀਤੇ ਦਿਨੀਂ 26 ਮਈ 2026 ਨੂੰ ਅਮਨ-ਅਮਾਨ ਨਾਲ ਕਰਵਾਈਆਂ ਗਈਆਂ ਸਨ। ਹੁਣ ਇਨ੍ਹਾਂ ਚੋਣਾਂ ਦੀ ਗਿਣਤੀ 29 ਮਈ 2026 ਨੂੰ ਵੱਖ-ਵੱਖ ਨਿਰਧਾਰਿਤ ਕੀਤੇ ਗਏ ਕਾਊਂਟਿੰਗ ਸੈਂਟਰਾਂ ਵਿਖੇ ਕੀਤੀ ਜਾਣੀ ਹੈ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਗਿਣਤੀ ਕੇਂਦਰਾਂ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਣ ਅਤੇ ਚੋਣ ਅਮਲੇ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਜਿਨ੍ਹਾਂ ਸਰਕਾਰੀ ਸਕੂਲਾਂ ਜਾਂ ਇਮਾਰਤਾਂ ਨੂੰ ਕਾਊਂਟਿੰਗ ਸੈਂਟਰਾਂ ਵਜੋਂ ਵਰਤਿਆ ਜਾ ਰਿਹਾ ਹੈ, ਸਿਰਫ਼ ਉਕਤ ਸੈਂਟਰਾਂ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਹੀ ਇਸ ਦਿਨ (29 ਮਈ) ਦੀ ਛੁੱਟੀ ਰਹੇਗੀ, ਤਾਂ ਜੋ ਚੋਣ ਗਿਣਤੀ ਦੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਪੈਦਾ ਨਾ ਹੋਵੇ।
ਚੋਣ ਕਮਿਸ਼ਨ ਵੱਲੋਂ ਇਨ੍ਹਾਂ ਸੈਂਟਰਾਂ ‘ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਭਲਕੇ ਸਵੇਰ ਤੋਂ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਦੇ ਫੈਸਲੇ ਸਾਹਮਣੇ ਆਉਣਗੇ।






