ਸਿੱਖਿਆ ਵਿਭਾਗ ਦਾ ਨਵਾਂ ਕਾਰਾ! ਸੋਧੀ ਹੋਈ ਉੱਤਰ ਕੁੰਜੀ ਨੂੰ ਰੱਦ ਕਰ ਤਰੁਟੀਆਂ ਭਰੀ ਉੱਤਰ ਕੁੰਜੀ ਨੂੰ ਕੀਤਾ ਲਾਗੂ
4161 ਮਾਸਟਰ ਕਾਡਰ ਦੀ ਭਰਤੀ, ਸਾਢੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ ਪਰ ਉੱਤਰ ਕੁੰਜੀਆਂ ਵਿੱਚ ਹੋਈ ਗੜਬੜ ਦਾ ਮਸਲਾ ਸੁਲਝਣ ਦਾ ਨਾਮ ਨਹੀਂ ਲੈ ਰਿਹਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
4161 ਮਾਸਟਰ ਕਾਡਰ ਦੀ ਭਰਤੀ ਨੂੰ ਭਾਵੇਂ ਕਿ ਸਾਢੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ ਪਰ ਉੱਤਰ ਕੁੰਜੀਆਂ ਵਿੱਚ ਹੋਈ ਗੜਬੜ ਦਾ ਮਸਲਾ ਸੁਲਝਣ ਦਾ ਨਾਮ ਨਹੀਂ ਲੈ ਰਿਹਾ। ਇੱਕ ਪਾਸੇ ਤਰੁਟੀਆਂ ਨਾਲ ਭਰੀ ਹੋਈ ਨਾਈਲਟ ਕੰਪਨੀ ਦੀ ਉਤਰ ਕੁੰਜੀ ਹੈ, ਜਿਸ ਨੂੰ ਕਿ ਹਾਈ ਕੋਰਟ ਦੇ ਆਦੇਸ਼ ਨਾਲ ਸਿੱਖਿਆ ਵਿਭਾਗ ਨੇ ਮਈ 2023 ਵਿੱਚ ਰੱਦ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਜਗ੍ਹਾ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਦੁਆਰਾ ਗਲਤੀਆਂ ਨੂੰ ਸੋਧ ਕੇ ਬਣਾਈ ਉੱਤਰ ਕੁੰਜੀ ਨੂੰ ਮਾਨਤਾ ਦਿੱਤੀ ਗਈ ਸੀ।
ਪਰ ਭਰਤੀ ਦੇ ਤਿੰਨ ਸਾਲਾਂ ਬਾਅਦ ਸਿੱਖਿਆ ਵਿਭਾਗ ਨੇ ਉਸ ਸੋਧੀ ਹੋਈ ਉੱਤਰ ਕੁੰਜੀ ਨੂੰ ਰੱਦ ਕਰਕੇ ਇਕ ਵਾਰ ਫਿਰ ਤਰੁਟੀਆਂ ਨਾਲ ਭਰੀ ਹੋਈ ਨਾਈਲੇਟ ਕੰਪਨੀ ਦੀ ਉੱਤਰ ਕੁੰਜੀ ਨੂੰ ਲਾਗੂ ਕਰ ਦਿੱਤਾ ਹੈ। ਉੱਤਰ ਕੁੰਜੀ ਦੇ ਬਦਲਣ ਦਾ ਖਮਿਆਜਾ 4161 ਮਾਸਟਰ ਕਾਡਰ ਵਿੱਚੋਂ 253 ਅਧਿਆਪਕਾਂ ਨੂੰ ਭੋਗਣਾ ਪੈ ਰਿਹਾ ਹੈ।
ਕਿਉਂਕਿ ਇਹਨਾਂ ਅਧਿਆਪਕਾਂ ਨੂੰ ਮਈ 2026 ਦੇ ਵਿੱਚ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਤੋਂ ਕੇਵਲ ਇੱਕ ਦਿਨ ਪਹਿਲਾਂ ਸਿੱਖਿਆ ਵਿਭਾਗ ਦੁਆਰਾ ਸੇਵਾਵਾਂ ਖਤਮ ਕਰਨ ਦਾ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ। ਇਹ ਅਧਿਆਪਕ ਪਿਛਲੇ ਸਾਢੇ ਪੰਜ ਮਹੀਨੇ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਪਰ ਸਿੱਖਿਆ ਵਿਭਾਗ ਦੁਆਰਾ ਇਹਨਾਂ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ।
ਬੁਲਾਰਿਆਂ ਦਾ ਦੱਸਣਾ ਹੈ ਕਿ ਉਹਨਾਂ ਦੇ ਨੰਬਰ ਜਿਆਦਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਉੱਤਰ ਕੁੰਜੀ ਬਦਲਣ ਕੇ ਭਰਤੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਜਗ੍ਹਾ ਉਹਨਾਂ ਤੋਂ ਘੱਟ ਨੰਬਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਭਰਤੀ ਦੇ ਵਿੱਚ ਲੈ ਲਿਆ ਗਿਆ ਹੈ।
ਭਾਵੇਂ ਕਿ ਉਹ ਮਈ 2023 ਤੋਂ ਨਿਰੰਤਰ ਆਪਣੀਆ ਸੇਵਾਵਾਂ ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਵਿੱਚ ਨਿਭਾ ਰਹੇ ਹਨ, ਪਰ ਭਰਤੀ ਦੇ ਤਿੰਨ ਸਾਲ ਬਾਅਦ ਉੱਤਰ ਕੁੰਜੀ ਵਿੱਚ ਤਬਦੀਲੀ ਕਰਨਾ, ਅਤੇ ਉਨਾਂ ਨੂੰ ਸੇਵਾਵਾਂ ਖਤਮ ਕਰਨ ਦਾ ਕਾਰਨ ਦੱਸੋ ਨੋਟਿਸ ਭੇਜਣਾ ਇਹ ਉਹਨਾਂ ਨਾਲ ਬਹੁਤ ਵੱਡੀ ਬੇਇੰਸਾਫੀ ਹੈ।
ਇਨਸਾਫ ਦੀ ਮੰਗ ਲਈ ਇਹ ਅਧਿਆਪਕ 19 ਅਕਤੂਬਰ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੇ ਉੱਤੇ ਬੈਠੇ ਹਨ। ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਉਹਨਾਂ ਦੇ ਨਾਲ ਇਨਸਾਫ ਕਰੇ ਅਤੇ ਉਨਾਂ ਨੂੰ ਸੇਵਾਵਾਂ ਖਤਮ ਕਰਨ ਦਾ ਭੇਜਿਆ ਕਾਰਨ ਦੱਸੋ ਨੋਟਿਸ ਤੁਰੰਤ ਰੱਦ ਕਰੇ ਨਹੀਂ ਤਾਂ ਇਹ ਸੰਘਰਸ਼ ਅੱਗੇ ਹੋਰ ਤਿੱਖਾ ਰੂਪ ਧਾਰ ਲਵੇਗਾ।
















