ਪੰਜਾਬ ਦੇ ਅਧਿਆਪਕਾਂ ਤੋਂ AAP ਸਰਕਾਰ ਨੇ ਖੋਹੇ ਸਕੂਲ! ਕਿਸੇ ਨੂੰ ਨਸ਼ੇੜੀਆਂ ਦੀ ਗਿਣਤੀ ਕਰਨ ਤੋਰਿਆ ਅਤੇ ਕਈ BLO ਡਿਊਟੀ ‘ਚ ਉਲਝੇ

 

ਪੰਜਾਬ ਦੇ ਅਧਿਆਪਕਾਂ ਤੋਂ AAP ਸਰਕਾਰ ਨੇ ਖੋਹੇ ਸਕੂਲ; ਕਿਸੇ ਨੂੰ ਨਸ਼ੇੜੀਆਂ ਦੀ ਗਿਣਤੀ ਕਰਨ ਤੋਰਿਆ ਅਤੇ ਕਈ BLO ਡਿਊਟੀ ‘ਚ ਉਲਝੇ!

‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦੀ ਨਿਕਲੀ ਫੂਕ; 15,000 ਅਧਿਆਪਕ ਬਣਨਗੇ ‘ਗਣਨਾਕਾਰ’, ਪੜ੍ਹਾਈ ਦਾ ਹੋਵੇਗਾ ਨੁਕਸਾਨ

“ਅਧਿਆਪਕਾਂ ਨੂੰ ਬਖ਼ਸ਼ੋ, ਨੌਜਵਾਨਾਂ ਨੂੰ ਰੁਜ਼ਗਾਰ ਦਿਓ”- ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਸਰਕਾਰ ਨੂੰ ਘੇਰਿਆ

ਚੰਡੀਗੜ੍ਹ/ਅੰਮ੍ਰਿਤਸਰ, 29 ਮਾਰਚ 2026:

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਗੈਰ-ਵਿੱਦਿਅਕ ਡਿਊਟੀਆਂ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਹੁਣ ਸਿਖਰਾਂ ’ਤੇ ਹੈ।

ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ‘ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ’ (Drug & Socio-economic Census) ਨੇ ਇਸ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ। 15,000 ਤੋਂ ਵੱਧ ਅਧਿਆਪਕਾਂ ਨੂੰ ਇਸ ਸਰਵੇਖਣ ਲਈ ਗਣਨਾਕਾਰ (enumerators) ਵਜੋਂ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।

“ਸਵੈ-ਇੱਛਤ” ਦੇ ਨਾਮ ‘ਤੇ ਜਬਰੀ ਡਿਊਟੀ?

ਭਾਲੇ ਹੀ ਸਰਕਾਰ ਇਸ ਡਿਊਟੀ ਨੂੰ “ਸਵੈ-ਇੱਛਤ” ਦੱਸ ਰਹੀ ਹੈ, ਪਰ ਅਧਿਆਪਕ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਫਿਰੋਜ਼ਪੁਰ ਦੇ ਅਧਿਆਪਕਾਂ ਨੇ ਪਹਿਲਾਂ ਹੀ ਯੂਨੀਅਨ ਦੇ ਬੈਨਰ ਹੇਠ ਇਸ ਸਰਵੇਖਣ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ।

ਅੰਮ੍ਰਿਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਗਤਾਂਵਾਲਾ ਦੇ ਸਰਕਾਰੀ ਸਕੂਲ ਅਧਿਆਪਕ ਅਸ਼ਵਨੀ ਅਵਸਥੀ ਨੇ ਕਿਹਾ, “ਇਹ ਕੋਈ ਇੱਕ ਵਾਰ ਦਾ ਮੁੱਦਾ ਨਹੀਂ ਹੈ, ਸਗੋਂ ਇੱਕ ਪੈਟਰਨ ਦਾ ਹਿੱਸਾ ਹੈ।

ਪਹਿਲਾਂ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਚੋਣ ਡਿਊਟੀਆਂ (BLO ਕੰਮ), ਫਿਰ ਪ੍ਰੀਖਿਆ ਡਿਊਟੀਆਂ, ਸਰਕਾਰੀ ਸਕੀਮਾਂ ਦਾ ਕੰਮ ਅਤੇ ਪ੍ਰਸ਼ਾਸਨਿਕ ਕੰਮ ਸੌਂਪੇ ਗਏ ਸਨ।

ਹੁਣ ਇਹ ਸਮਾਜਿਕ ਨਸ਼ਾ ਸਰਵੇਖਣ, ਜਿਸ ਲਈ ਹਰੇਕ ਬਲਾਕ ਵਿੱਚੋਂ ਦੋ ETT, ਦੋ ਸੀਨੀਅਰ ਸੈਕੰਡਰੀ ਅਤੇ ਦੋ ਮਿਡਲ ਸਕੂਲ ਅਧਿਆਪਕਾਂ ਨੂੰ ਸਵੈ-ਇੱਛਾ ਨਾਲ ਰਜਿਸਟਰ ਕਰਨ ਦੀ ਲੋੜ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਰੋਜ਼ਾਨਾ ਅਧਿਆਪਕਾਂ ਨੂੰ ਮੈਸੇਜ ਭੇਜ ਰਹੇ ਹਨ, ਉਨ੍ਹਾਂ ਨੂੰ ਰਜਿਸਟਰ ਕਰਨ ਲਈ ਮਜ਼ਬੂਰ ਕਰ ਰਹੇ ਹਨ। ਅਧਿਆਪਕ ਦਬਾਅ ਹੇਠ ਹਨ।”

ਸਿੱਖਿਆ ਢਾਂਚੇ ‘ਤੇ ਮਾੜਾ ਪ੍ਰਭਾਵ

ਸੂਬੇ ਦੇ 19,000 ਸਕੂਲਾਂ ਵਿੱਚ ਪੜ੍ਹਦੇ 25.53 ਲੱਖ ਵਿਦਿਆਰਥੀਆਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। 1.25 ਲੱਖ ਕੁੱਲ ਅਧਿਆਪਕਾਂ ਵਿੱਚੋਂ ਵੱਡੀ ਗਿਣਤੀ ਪਹਿਲਾਂ ਹੀ ਪ੍ਰਸ਼ਾਸਨਿਕ ਕੰਮਾਂ ਵਿੱਚ ਉਲਝੀ ਹੋਈ ਹੈ।

ਆਉਣ ਵਾਲੇ ਮਹੀਨਿਆਂ ਵਿੱਚ 18,000 ਅਧਿਆਪਕਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ (SIR) ਲਈ BLO ਵਜੋਂ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ।

ਸਭ ਤੋਂ ਮਾੜੀ ਹਾਲਤ ਉਨ੍ਹਾਂ ਸਕੂਲਾਂ ਦੀ ਹੈ ਜਿੱਥੇ ਸਿਰਫ਼ ਇੱਕ ਅਧਿਆਪਕ ਹੈ; ਅਜਿਹੇ ਵਿੱਚ ਡਿਊਟੀ ਲੱਗਣ ‘ਤੇ ਸਕੂਲ ਰੱਬ ਆਸਰੇ ਰਹਿ ਜਾਂਦੇ ਹਨ।

ਸਿੱਖਿਆ ਮੰਤਰੀ ਦੇ ਵਾਅਦਿਆਂ ‘ਤੇ ਸਵਾਲ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ‘ਸਿੱਖਿਆ ਕ੍ਰਾਂਤੀ’ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਸੀ ਕਿ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਦਾ ਕੰਮ ਦਿੱਤਾ ਜਾਵੇਗਾ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਸਰਵੇਖਣ ਲਈ ਦਿੱਤੇ ਜਾਣ ਵਾਲੇ 12,000 ਰੁਪਏ ਦੇ ਪ੍ਰੋਤਸਾਹਨ (incentive) ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਅਸਥਾਈ ਨੌਕਰੀਆਂ ਦੇ ਸਕਦੀ ਹੈ, ਤਾਂ ਜੋ ਅਧਿਆਪਕਾਂ ਦਾ ਧਿਆਨ ਸਿਰਫ਼ ਵਿਦਿਆਰਥੀਆਂ ‘ਤੇ ਰਹੇ। PT