Join WhatsApp

Join Now

Canada-US ਪੜ੍ਹਨ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ‘ਤੇ ਪਿਆ 4 ਲੱਖ ਤੱਕ ਦਾ ਵਾਧੂ ਬੋਝ

On: March 29, 2026 10:17 AM

 

ਅਮਰੀਕਾ-ਕੈਨੇਡਾ (Canada-US) ਪੜ੍ਹਨ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ‘ਤੇ ਪਿਆ 4 ਲੱਖ ਤੱਕ ਦਾ ਵਾਧੂ ਬੋਝ

ਜਲੰਧਰ/ਲੁਧਿਆਣਾ, 29 ਮਾਰਚ, 2026:

ਭਾਰਤੀ ਰੁਪਏ ਦੇ ਲਗਾਤਾਰ ਕਮਜ਼ੋਰ ਹੋਣ ਅਤੇ ਡਾਲਰ ਦੇ ਮੁਕਾਬਲੇ ਇਤਿਹਾਸਕ ਹੇਠਲੇ ਪੱਧਰ (ਕਰੀਬ 93 ਰੁਪਏ ਪ੍ਰਤੀ ਡਾਲਰ) ਤੱਕ ਪਹੁੰਚਣ ਦਾ ਸਿੱਧਾ ਅਸਰ ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ, ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਪੈ ਰਿਹਾ ਹੈ।

ਪਹਿਲਾਂ ਹੀ ਮਹਿੰਗੀ ਵਿਦੇਸ਼ੀ ਸਿੱਖਿਆ ਹੁਣ ਹੋਰ ਵੀ ਬੋਝਲ ਹੋ ਗਈ ਹੈ, ਜਿਸ ਕਾਰਨ ਕਈ ਪਰਿਵਾਰ ਆਰਥਿਕ ਦਬਾਅ ਹੇਠ ਆ ਗਏ ਹਨ।

ਪੜ੍ਹਾਈ ਦਾ ਬਜਟ 25 ਫ਼ੀਸਦੀ ਤੱਕ ਵਧਿਆ

ਅਮਰ ਉਜਾਲਾ ਦੀ ਰਿਪੋਰਟ ਮੁਤਾਬਿਕ, ਵਿਦੇਸ਼ੀ ਮੁਦਰਾ ਮਾਹਿਰ ਹੇਮੰਤ ਕਹਿੰਦੇ ਨੇ ਕਿ, ਰੁਪਏ ਦੀ ਗਿਰਾਵਟ ਕਾਰਨ ਵਿਦੇਸ਼ੀ ਪੜ੍ਹਾਈ ਦਾ ਕੁੱਲ ਬਜਟ ਔਸਤਨ 20 ਤੋਂ 25 ਫ਼ੀਸਦੀ ਤੱਕ ਵਧ ਗਿਆ ਹੈ।

ਜੋ ਕੋਰਸ ਪਹਿਲਾਂ ਲਗਭਗ 1.2 ਕਰੋੜ ਰੁਪਏ ਵਿੱਚ ਪੂਰਾ ਹੁੰਦਾ ਸੀ, ਹੁਣ ਉਸ ‘ਤੇ ਕਰੀਬ 1.5 ਕਰੋੜ ਰੁਪਏ ਤੱਕ ਦਾ ਖ਼ਰਚ ਆ ਰਿਹਾ ਹੈ।

55,000 ਡਾਲਰ ਸਾਲਾਨਾ ਫੀਸ ਵਾਲੇ ਕੋਰਸ ਵਿੱਚ ਵਿਦਿਆਰਥੀਆਂ ਨੂੰ ਸਿਰਫ਼ ਐਕਸਚੇਂਜ ਰੇਟ ਕਾਰਨ ਕਰੀਬ 4.11 ਲੱਖ ਰੁਪਏ ਵਾਧੂ ਦੇਣੇ ਪੈ ਰਹੇ ਹਨ।

ਵਿਦੇਸ਼ੀ ਸਿੱਖਿਆ ਮਾਹਿਰ ਪਰਮਜੀਤ ਨੇ ਦੱਸਿਆ ਕਿ ਮੁਦਰਾ ਦੇ ਲੈਣ-ਦੇਣ ਦੌਰਾਨ ਲੱਗਣ ਵਾਲੇ ਲੁਕਵੇਂ ਖ਼ਰਚੇ ਵਿਦਿਆਰਥੀਆਂ ਲਈ ਵੱਡੀ ਸਮੱਸਿਆ ਹਨ।

ਸਾਲ 2024 ਵਿੱਚ, ਪਾਰਦਰਸ਼ਤਾ ਦੀ ਘਾਟ ਕਾਰਨ ਭਾਰਤੀ ਵਿਦਿਆਰਥੀਆਂ ਨੂੰ 1,700 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਇਸ ਵਿੱਚ ਬੈਂਕ ਮਾਰਜਿਨ, ਟ੍ਰਾਂਸਫਰ ਫੀਸ ਅਤੇ ਐਕਸਚੇਂਜ ਰੇਟ ਵਿੱਚ ਅੰਤਰ ਸ਼ਾਮਲ ਹਨ।

ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਵਿੱਚ 50% ਦੀ ਗਿਰਾਵਟ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਰੁਝਾਨ ਵਿੱਚ ਵੱਡੀ ਤਬਦੀਲੀ ਆਈ ਹੈ।

ਸਾਲ 2023 ਦੌਰਾਨ ਭਾਰਤ ਤੋਂ 3.19 ਲੱਖ ਵਿਦਿਆਰਥੀ ਕੈਨੇਡਾ ਗਏ ਸਨ (ਜਿਨ੍ਹਾਂ ਵਿੱਚੋਂ 1.8 ਲੱਖ ਪੰਜਾਬ ਤੋਂ ਸਨ)। ਪਰ 2024-25 ਵਿੱਚ ਸਖ਼ਤ ਨਿਯਮਾਂ ਅਤੇ ਵਧਦੇ ਖ਼ਰਚੇ ਕਾਰਨ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿੱਚ 50 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 10 ਫ਼ੀਸਦੀ ਦਾ ਵਾਧਾ ਹੋਇਆ ਹੈ, ਪਰ 2025 ਦੀ ਪਹਿਲੀ ਛਿਮਾਹੀ ਵਿੱਚ F-1 ਵੀਜ਼ਾ ਜਾਰੀ ਕਰਨ ਵਿੱਚ 44 ਫ਼ੀਸਦੀ ਦੀ ਗਿਰਾਵਟ ਦੇਖੀ ਗਈ ਹੈ।

ਐਜੂਕੇਸ਼ਨ ਲੋਨ ‘ਤੇ ਵੀ ਮਾੜਾ ਅਸਰ

ਰੁਪਏ ਦੇ ਕਮਜ਼ੋਰ ਹੋਣ ਨਾਲ ਐਜੂਕੇਸ਼ਨ ਲੋਨ ਦੀ ਕੁੱਲ ਲਾਗਤ ਅਤੇ ਕਿਸ਼ਤਾਂ (EMI) ‘ਤੇ ਸਾਲਾਨਾ 3 ਤੋਂ 5 ਫ਼ੀਸਦੀ ਤੱਕ ਵਾਧੂ ਬੋਝ ਵਧ ਗਿਆ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰਜ਼ਾ ਚੁਕਾਉਣਾ ਹੁਣ ਵਿਦਿਆਰਥੀਆਂ ਲਈ ਵੱਡੀ ਚੁਣੌਤੀ ਹੋਵੇਗਾ।

ਐਜੂਕੇਸ਼ਨ ਐਕਸਪਰਟ ਪੂਜਾ ਸਿੰਘ ਦਾ ਕਹਿਣਾ ਹੈ ਕਿ ਰੁਪਏ ਦੀ ਗਿਰਾਵਟ ਨੇ ਵਿਦੇਸ਼ੀ ਸਿੱਖਿਆ ਨੂੰ ਮੱਧਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਹੁਣ ਵਿਦਿਆਰਥੀ ਸਸਤੇ ਮੁਲਕਾਂ ਵੱਲ ਰੁਖ ਕਰ ਰਹੇ ਹਨ ਜਾਂ ਭਾਰਤ ਵਿੱਚ ਹੀ ਬਿਹਤਰ ਮੌਕੇ ਤਲਾਸ਼ ਰਹੇ ਹਨ।

 

Leave a Comment