Accident News: ਪੰਜਾਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਹਿਲਾ ਸਰਪੰਚ ਦੀ ਮੌਤ

 

Accident News : ਪੰਜਾਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਹਿਲਾ ਸਰਪੰਚ ਦੀ ਮੌਤ

ਜਲਾਲਪੁਰ ਪਿੰਡ ਨੇੜੇ ਵਾਪਰਿਆ ਦਰਦਨਾਕ ਹਾਦਸਾ; ਬਸਤੀ ਬੋਹਰਾਂ ਦੀ ਸਰਪੰਚ ਨਿਕਿਤਾ ਦੀ ਗਈ ਜਾਨ

ਹਾਦਸੇ ਵਿੱਚ ਜ਼ਖ਼ਮੀ ਹੋਈ ਭਤੀਜੀ ਸੋਨਾਕਸ਼ੀ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ

ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ; ਪੁਲਿਸ ਨੇ ਬੱਸ ਲਈ ਕਬਜ਼ੇ ‘ਚ

ਟਾਂਡਾ ਉੜਮੁੜ (ਹੁਸ਼ਿਆਰਪੁਰ), 28 ਮਈ 2026-

Accident News : ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਜਲਾਲਪੁਰ ਨੇੜੇ ਇੱਕ ਬੇਹੱਦ ਦੁਖਦਾਈ ਸੜਕ ਹਾਦਸਾ ਸਾਹਮਣੇ ਆਇਆ ਹੈ।

ਇੱਥੇ ਇੱਕ ਨਿੱਜੀ ਕਾਲਜ ਦੀ ਬੱਸ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਇੱਕ ਮਹਿਲਾ ਸਰਪੰਚ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਭਤੀਜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ 24 ਸਾਲਾ ਨਿਕਿਤਾ ਵਜੋਂ ਹੋਈ ਹੈ, ਜੋ ਬਸਤੀ ਬੋਹਰਾਂ ਦੇ ਵਸਨੀਕ ਸੁਖਵਿੰਦਰ ਸਿੰਘ ਦੀ ਪਤਨੀ ਸੀ। ਨਿਕਿਤਾ ਆਪਣੇ ਪਿੰਡ ਦੀ ਸਰਪੰਚ ਸੀ ਅਤੇ ਪਰਿਵਾਰ ਨੂੰ ਸਹਾਰਾ ਦੇਣ ਲਈ ਦਰਜੀ ਦਾ ਕੰਮ ਵੀ ਕਰਦੀ ਸੀ।

ਹਾਦਸੇ ਸਮੇਂ ਨਿਕਿਤਾ ਦੇ ਨਾਲ ਉਸ ਦੀ ਭਤੀਜੀ ਸੋਨਾਕਸ਼ੀ (ਪੁੱਤਰੀ ਬਲਵਿੰਦਰ ਸਿੰਘ) ਵੀ ਮੋਟਰਸਾਈਕਲ ‘ਤੇ ਸਵਾਰ ਸੀ, ਜੋ ਇਸ ਟੱਕਰ ਦੌਰਾਨ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਤੁਰੰਤ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਸਤੀ ਬੋਹਰਾਂ ਪੁਲਿਸ ਚੌਕੀ ਦੇ ਇੰਚਾਰਜ ਰਾਜਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ।

ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਪਤੀ ਸੁਖਵਿੰਦਰ ਦੇ ਬਿਆਨਾਂ ਨੂੰ ਦਰਜ ਕਰਕੇ ਉਸ ਦੇ ਆਧਾਰ ‘ਤੇ ਕਾਲਜ ਬੱਸ ਦੇ ਡਰਾਈਵਰ ਵਿਰੁੱਧ ਕਾਨੂੰਨੀ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਦੁਰਘਟਨਾਗ੍ਰਸਤ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਪੜਤਾਲ ਵਿੱਢ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸਾ ਕਿਨ੍ਹਾਂ ਹਾਲਾਤਾਂ ਵਿੱਚ ਵਾਪਰਿਆ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਸਰਪੰਚ ਦੀ ਅਚਾਨਕ ਹੋਈ ਮੌਤ ਕਾਰਨ ਪਿੰਡ ਬਸਤੀ ਬੋਹਰਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।