ਪ੍ਰਸ਼ਾਸਨਿਕ ਤਾਨਾਸ਼ਾਹੀ: ਚੋਣ ਡਿਊਟੀ ‘ਤੇ ਆਏ ਅਧਿਆਪਕ ਪ੍ਰੇਸ਼ਾਨ; ਹਾਜ਼ਰ ਹੋਣ ਦੇ ਬਾਵਜੂਦ ਲਾਈ ‘ਗੈਰ-ਹਾਜ਼ਰੀ’, FIR ਦੀਆਂ ਧਮਕੀਆਂ

 

ਪ੍ਰਸ਼ਾਸਨਿਕ ਤਾਨਾਸ਼ਾਹੀ: ਚੋਣ ਡਿਊਟੀ ‘ਤੇ ਆਏ ਅਧਿਆਪਕ ਪ੍ਰੇਸ਼ਾਨ; ਹਾਜ਼ਰ ਹੋਣ ਦੇ ਬਾਵਜੂਦ ਲਾਈ ‘ਗੈਰ-ਹਾਜ਼ਰੀ’, FIR ਦੀਆਂ ਧਮਕੀਆਂ

MC ਚੋਣਾਂ ਦੌਰਾਨ ਰਿਜ਼ਰਵ ਪਾਰਟੀਆਂ ਵਿੱਚ ਆਏ ਅਧਿਆਪਕਾਂ ਨੇ ਰੋਏ ਦੁਖੜੇ; ਬੁਨਿਆਦੀ ਸਹੂਲਤਾਂ ਤੋਂ ਰੱਖਿਆ ਵਾਂਝਾ

ਸਵੇਰ ਤੋਂ ਭੁੱਖੇ-ਭਾਣੇ ਬੈਠੇ ਅਧਿਆਪਕਾਂ ਨੂੰ ਪਾਣੀ ਤੱਕ ਨਸੀਬ ਨਹੀਂ ਹੋਇਆ, ਟੇਬਲ ਤੋਂ ਚੁੱਕ ਕੇ ਪੀਣਾ ਪਿਆ ਪਾਣੀ

“ਅਸੀਂ ਕੌਮ ਦੇ ਨਿਰਮਾਤਾ ਹਾਂ, ਸਾਡੀ ਕੋਈ ਇੱਜ਼ਤ ਨਹੀਂ?” – ਮੀਡੀਆ ਸਾਹਮਣੇ ਭੜਕਿਆ ਮਹਿਲਾ ਅਧਿਆਪਕਾਵਾਂ ਦਾ ਗੁੱਸਾ

ਮੀਡੀਆ ਦੇ ਪਹੁੰਚਦਿਆਂ ਹੀ ਪ੍ਰਸ਼ਾਸਨ ਨੇ ਬਦਲੇ ਸੁਰ; ਪਹਿਲਾਂ ਗੈਰ ਹਾਜ਼ਰ ਕਰਨ ਦੀ ਧਮਕੀ ਦਿੱਤੀ, ਬਾਅਦ ‘ਚ ਬੋਲੇ- ਖਾ ਆਓ ਖਾਣਾ

ਫਿਰੋਜ਼ਪੁਰ, 26 ਮਈ 2026:

ਫਿਰੋਜ਼ਪੁਰ ਦੇ ਮਨੋਹਰ ਲਾਲ ਸਕੂਲ ਵਿਖੇ ਐਮ.ਸੀ. (MC) ਚੋਣਾਂ ਦੌਰਾਨ ਡਿਊਟੀ ਨਿਭਾਉਣ ਆਏ ਅਧਿਆਪਕਾਂ ਨੂੰ ਪ੍ਰਸ਼ਾਸਨਿਕ ਅਣਗਹਿਲੀ ਅਤੇ ਤਾਨਾਸ਼ਾਹੀ ਕਾਰਨ ਅਨੇਕਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਚੋਣ ਡਿਊਟੀ ਲਈ ਤਾਇਨਾਤ ਅਧਿਆਪਕਾਂ ਨੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਪਾਣੀ ਦੀ ਸਹੂਲਤ ਦਿੱਤੀ ਗਈ ਅਤੇ ਨਾ ਹੀ ਖਾਣੇ ਦਾ ਕੋਈ ਪ੍ਰਬੰਧ ਕੀਤਾ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਸਕੂਲ ਵਿੱਚ ਮੌਜੂਦ ਅਤੇ ਡਿਊਟੀ ‘ਤੇ ਤਾਇਨਾਤ ਅਧਿਆਪਕਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ‘ਗੈਰ-ਹਾਜ਼ਰ’ ਦਿਖਾਇਆ ਜਾ ਰਿਹਾ ਸੀ ਅਤੇ ਵਿਰੋਧ ਕਰਨ ‘ਤੇ ਐਫ.ਆਈ.ਆਰ. (FIR) ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਇਕ ਅਧਿਆਪਕਾ ਨੇ ਦੱਸਿਆ, “ਸਾਡੀ ਪੂਰੀ ਪਾਰਟੀ ਰਿਜ਼ਰਵ ਵਿੱਚ ਸੀ। ਮੈਂ ਕੱਲ੍ਹ ਦੀ ਇੱਥੇ ਆ ਕੇ ਪ੍ਰੈਜ਼ੈਂਟ (ਹਾਜ਼ਰ) ਹੋ ਚੁੱਕੀ ਹਾਂ। ਜਦੋਂ ਮੈਂ ਅਟੈਂਡੈਂਸ ਲਗਵਾਉਣ ਗਈ ਤਾਂ ਉੱਥੇ ਕੋਈ ਅਟੈਂਡੈਂਸ ਨਹੀਂ ਲਗਾ ਰਿਹਾ ਸੀ। ਅਸੀਂ ਸਵੇਰੇ 7 ਵਜੇ ਦੇ ਆ ਕੇ ਬੈਠੇ ਹੋਏ ਹਾਂ। ਜਦੋਂ ਅਸੀਂ ਸਿਰਫ਼ 20 ਮਿੰਟਾਂ ਲਈ ਬਾਹਰੋਂ ਲੰਚ ਕਰਨ ਗਏ, ਤਾਂ ਆਉਂਦਿਆਂ ਹੀ ਸਾਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਗੈਰ ਹਾਜ਼ਰ ਹੋ ਅਤੇ ਹੁਣ ਘਰ ਜਾ ਸਕਦੇ ਹੋ।”

ਅਧਿਆਪਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵਾਰ-ਵਾਰ ਪੁਰਾਣੀਆਂ ਲਿਸਟਾਂ ਚੁੱਕ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਹੜੇ ਅਧਿਆਪਕ ਡਿਊਟੀ ਦੌਰਾਨ ਸਮਾਨ ਚੁੱਕ ਕੇ ਜਾ ਚੁੱਕੇ ਸਨ, ਉਨ੍ਹਾਂ ਨੂੰ ਵੀ ਲਿਸਟਾਂ ਵਿੱਚ ਗੈਰ ਹਾਜ਼ਰ ਦਿਖਾਇਆ ਜਾ ਰਿਹਾ ਹੈ। ਅਧਿਆਪਕਾਂ ਮੁਤਾਬਕ, “ਜੇਕਰ ਪ੍ਰਸ਼ਾਸਨ ਇੱਕੋ ਲਿਸਟ ਨੂੰ 20 ਵਾਰ ਚੈੱਕ ਕਰੇਗਾ, ਤਾਂ ਉਸ ਨੂੰ ਅਸਲੀਅਤ ਕਿਵੇਂ ਪਤਾ ਲੱਗੇਗੀ? ਜਦੋਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਹਾਜ਼ਰ ਹਾਂ, ਸਾਨੂੰ ਜਿੱਥੇ ਮਰਜ਼ੀ ਭੇਜੋ, ਤਾਂ ਸਾਨੂੰ ਗੈਰ-ਹਾਜ਼ਰ ਕਿਉਂ ਕੀਤਾ ਜਾ ਰਿਹਾ ਹੈ?”

ਅਧਿਆਪਕਾਂ ਨੇ ਆਪਣੇ ਦੁਖੜੇ ਰੋਂਦੇ ਹੋਏ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਹ ਆਪਣੀ ਜਗ੍ਹਾ ਤੋਂ ਹਿੱਲੇ ਤਾਂ ਉਨ੍ਹਾਂ ਦੇ ਖਿਲਾਫ ਤੁਰੰਤ ਮਾਮਲਾ (FIR) ਦਰਜ ਕਰਵਾ ਦਿੱਤਾ ਜਾਵੇਗਾ। ਅਧਿਆਪਕਾਵਾਂ ਨੇ ਭਰੇ ਮਨ ਨਾਲ ਕਿਹਾ, “ਇਹ ਸਰਾਸਰ ਧੱਕੇਸ਼ਾਹੀ ਹੈ। ਅਸੀਂ ਦੇਸ਼ ਦੇ ਨਿਰਮਾਤਾ ਹਾਂ। ਸਿੱਖਿਆ ਵਿਭਾਗ ਤੋਂ ਬਿਨਾਂ ਇਨ੍ਹਾਂ ਦਾ ਕੋਈ ਕੰਮ ਨਹੀਂ ਸਰਦਾ। ਅਸੀਂ ਕਦੇ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟੇ, ਪਰ ਇੱਥੇ ਮਹਿਲਾ ਅਧਿਆਪਕਾਂ ਦੀ ਇੱਜ਼ਤ (ਰਿਸਪੈਕਟ) ਨਾਂ ਦੀ ਕੋਈ ਚੀਜ਼ ਨਹੀਂ ਹੈ। ਜਦੋਂ ਅਸੀਂ ਹਾਜ਼ਰੀ ਲਗਾਉਣ ਜਾਂਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਪਿੱਛੇ ਧੱਕੇ ਖਾ ਕੇ ਬੈਠੋ।”

ਨਹੀਂ ਮਿਲਿਆ ਰੋਟੀ-ਪਾਣੀ, ਮੀਡੀਆ ਨੂੰ ਦੇਖ ਕੇ ਬਦਲੇ ਪ੍ਰਸ਼ਾਸਨ ਦੇ ਸੁਰ

ਅਧਿਆਪਕਾਂ ਨੇ ਦੱਸਿਆ ਕਿ ਕੱਲ੍ਹ ਤੋਂ ਉਹ ਭੁੱਖੇ-ਭਾਣੇ ਬੈਠੇ ਹਨ। ਸਕੂਲ ਵਿੱਚ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਇੱਕ ਅਧਿਆਪਕਾ ਨੂੰ ਅਧਿਕਾਰੀਆਂ ਦੇ ਟੇਬਲ ਤੋਂ ਬੋਤਲ ਚੁੱਕ ਕੇ ਪਾਣੀ ਪੀਣਾ ਪਿਆ। ਅਧਿਆਪਕਾਂ ਨੇ ਇਹ ਵੀ ਆਫਰ ਦਿੱਤੀ ਸੀ ਕਿ ਉਹ ਪੈਸੇ ਇਕੱਠੇ ਕਰਕੇ ਖਾਣੇ ਦਾ ਪ੍ਰਬੰਧ ਕਰ ਲੈਂਦੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ।

ਹੈਰਾਨੀ ਦੀ ਗੱਲ ਇਹ ਰਹੀ ਕਿ ਜਿਵੇਂ ਹੀ ਮੀਡੀਆ ਦੀ ਟੀਮ ਮੌਕੇ ‘ਤੇ ਪਹੁੰਚੀ, ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਆਪਣੇ ਸੁਰ ਬਦਲ ਲਏ। ਅਧਿਆਪਕਾਂ ਮੁਤਾਬਕ, ਮੀਡੀਆ ਦੇ ਆਉਣ ਤੋਂ ਮਹਿਜ਼ 5 ਮਿੰਟ ਪਹਿਲਾਂ ਅਧਿਕਾਰੀਆਂ ਨੇ ਆ ਕੇ ਕਿਹਾ, “ਤੁਸੀਂ ਇੱਕ ਘੰਟੇ ਲਈ ਬਾਹਰ ਜਾ ਕੇ ਖਾਣਾ ਖਾ ਆਓ।” ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਸਭ ਮੀਡੀਆ ਦੇ ਡਰੋਂ ਆਪਣੀ ਲਾਪਰਵਾਹੀ ਛੁਪਾਉਣ ਲਈ ਕੀਤਾ ਗਿਆ ਹੈ। ਮੌਕੇ ‘ਤੇ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ ਅਤੇ ਅਧਿਆਪਕਾਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।