AISA President Neha Bora! ਥੀਏਟਰ ਤੋਂ JNU ਤੱਕ ਦਾ ਸਫ਼ਰ..! ਜਾਣੋ ਕੌਣ ਹੈ ਕਾਮਰੇਡ ਨੇਹਾ ਬੋਰਾ? ਜਿਸਨੇ ਚੋਣ ਕਮਿਸ਼ਨਰ ਵਿਰੁੱਧ ਪ੍ਰਦਰਸ਼ਨ ਕਰਕੇ ਸੈਂਟਰ ਅਤੇ ਗੋਦੀ ਮੀਡੀਆ ਨੂੰ ਵੀ ਪੜ੍ਹਨੇ ਪਾਇਆ
ਨਵੀਂ ਦਿੱਲੀ, 3 ਨਵੰਬਰ 2026- AISA President Neha Bora! ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇੱਕ ਨੌਜਵਾਨ ਮਹਿਲਾ ਆਗੂ ਦਾ ਨਾਂ ਅਚਾਨਕ ਬਹੁਤ ਚਰਚਾ ਵਿੱਚ ਆ ਗਿਆ ਹੈ। ਇਹ ਨਾਂ ਹੈ ਨੇਹਾ ਬੋਰਾ ਦਾ। ਖੱਬੇਪੱਖੀ ਵਿਦਿਆਰਥੀ ਜਥੇਬੰਦੀ ‘ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ’ (AISA) ਦੀ ਰਾਸ਼ਟਰੀ ਪ੍ਰਧਾਨ ਨੇਹਾ ਬੋਰਾ ਨੂੰ ਪਿਛਲੇ ਦਿਨੀਂ ਧਰਨੇ ਦੌਰਾਨ ਦਿੱਲੀ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ।
ਜੰਤਰ-ਮੰਤਰ ਅਤੇ ਰਾਮਲੀਲਾ ਮੈਦਾਨ ਵਿੱਚ ਹੋਏ ਚੋਣ ਕਮਿਸ਼ਨਰ ਵਿਰੁੱਧ ਹੋਏ ਪ੍ਰਦਰਸ਼ਨ ਦੌਰਾਨ ‘ਨੇਹਾ ਬੋਰਾ’ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਰਹੀ, ਜਿਸ ਕਾਰਨ ਉਹ ਲੋਕਾਂ ਦੇ ਧਿਆਨ ਦਾ ਕੇਂਦਰ ਬਣ ਗਈ। ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਯਤਾ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।
ਹੁਣ ਲੋਕ ਇੰਟਰਨੈੱਟ ਅਤੇ ਗੂਗਲ ‘ਤੇ ਉਨ੍ਹਾਂ ਬਾਰੇ ਜਾਣਨ ਲਈ ਉਨ੍ਹਾਂ ਦੀ ਉਮਰ, ਪੜ੍ਹਾਈ, ਘਰ ਅਤੇ ਪਿਛੋਕੜ ਬਾਰੇ ਵੱਡੇ ਪੱਧਰ ‘ਤੇ ਖੋਜ (ਸਰਚ) ਕਰ ਰਹੇ ਹਨ। ਛੁੱਟੀ ਵਾਲੇ ਦਿਨਾਂ ਦੌਰਾਨ ਗੂਗਲ ਸਰਚ ਵਿੱਚ ਨੇਹਾ ਬੋਰਾ ਨਾਲ ਜੁੜੇ ਸਵਾਲਾਂ ਵਿੱਚ ਅਚਾਨਕ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਸੋਮਵਾਰ ਸਵੇਰ ਤੱਕ ਉਹ ਸਭ ਤੋਂ ਵੱਧ ਖੋਜੇ ਜਾਣ ਵਾਲੇ ਵਿਸ਼ਿਆਂ ਵਿੱਚੋਂ ਇੱਕ ਬਣ ਗਈ।
ਕੌਣ ਹੈ ਨੇਹਾ ਬੋਰਾ?
29 ਸਾਲਾ ਨੇਹਾ ਬੋਰਾ ਮੂਲ ਰੂਪ ਵਿੱਚ ਉੱਤਰਾਖੰਡ ਦੇ ਖਟੀਮਾ ਇਲਾਕੇ ਦੀ ਰਹਿਣ ਵਾਲੀ ਹੈ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ-ਲਿਖਾਈ ਪੱਛਮੀ ਬੰਗਾਲ ਦੇ ਸਿਲੀਗੁੜੀ ਸ਼ਹਿਰ ਦੇ ਇੱਕ ਸਕੂਲ ਤੋਂ ਹੋਈ। ਇਸ ਤੋਂ ਬਾਅਦ ਉੱਚ ਸਿੱਖਿਆ ਲਈ ਉਹ ਦਿੱਲੀ ਆ ਗਈ, ਜਿੱਥੇ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰਸਿੱਧ ਹਿੰਦੂ ਕਾਲਜ ਤੋਂ ਸਮਾਜ ਸ਼ਾਸਤਰ (ਸੋਸ਼ਲੋਜੀ) ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਨੇਹਾ ਨੇ ਦਿੱਲੀ ਦੀ ਹੀ ਡਾਕਟਰ ਬੀ. ਆਰ. ਅੰਬੇਡਕਰ ਯੂਨੀਵਰਸਿਟੀ ਤੋਂ ਆਪਣੀ ਪੋਸਟ-ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉੱਚ ਵਿੱਦਿਆ ਅਤੇ ਖੋਜ ਕਾਰਜਾਂ ਲਈ ਨੇਹਾ ਬੋਰਾ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦਾ ਰੁਖ ਕੀਤਾ, ਜਿੱਥੋਂ ਉਨ੍ਹਾਂ ਨੇ ‘ਥੀਏਟਰ ਅਤੇ ਪਰਫਾਰਮੈਂਸ ਸਟੱਡੀਜ਼’ ਵਿਸ਼ੇ ਵਿੱਚ ਆਪਣੀ ਡਾਕਟਰੇਟ (ਪੀ.ਐੱਚ.ਡੀ.) ਦੀ ਰਿਸਰਚ ਪੂਰੀ ਕੀਤੀ ਹੈ।
AISA President Neha Bora: ਥੀਏਟਰ ਤੋਂ ਲੈ ਕੇ ਵਿਦਿਆਰਥੀ ਰਾਜਨੀਤੀ ਤੱਕ ਦਾ ਸਫ਼ਰ
ਨੇਹਾ ਬੋਰਾ ਦਾ ਜੀਵਨ ਥੀਏਟਰ ਅਤੇ ਨਾਟਕਾਂ ਤੋਂ ਸ਼ੁਰੂ ਹੋਇਆ ਸੀ, ਜੋ ਬਾਅਦ ਵਿੱਚ ਸਮਾਜਿਕ ਅਤੇ ਰਾਜਨੀਤਿਕ ਸਰਗਰਮੀਆਂ ਵਿੱਚ ਬਦਲ ਗਿਆ। ਸਾਲ 2019 ਅਤੇ 2020 ਵਿੱਚ ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਹੋਏ ਵਿਦਿਆਰਥੀ ਅੰਦੋਲਨਾਂ ਵਿੱਚ ਉਨ੍ਹਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀ ਜਥੇਬੰਦੀ ਆਈਸਾ (AISA) ਨਾਲ ਜੁੜਨ ਤੋਂ ਬਾਅਦ ਉਨ੍ਹਾਂ ਦੀ ਕਾਰਜਕੁਸ਼ਲਤਾ ਨੂੰ ਦੇਖਦਿਆਂ ਉਨ੍ਹਾਂ ਨੂੰ ਜਥੇਬੰਦੀ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ।
ਸਿੱਖਿਆ ਦੇ ਅਧਿਕਾਰ, ਵਿਦਿਆਰਥੀਆਂ ਦੀਆਂ ਮੰਗਾਂ ਅਤੇ ਹੋਰ ਮਹੱਤਵਪੂਰਨ ਸਮਾਜਿਕ ਮੁੱਦਿਆਂ ‘ਤੇ ਵਿਰੋਧ ਪ੍ਰਦਰਸ਼ਨਾਂ ਅਤੇ ਬਹਿਸਾਂ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੇ ਲੋਕਾਂ ਦਾ ਧਿਆਨ ਖਿੱਚਿਆ, ਜਿਸ ਨਾਲ ਉਨ੍ਹਾਂ ਦੀ ਇੱਕ ਵੱਖਰੀ ਪਛਾਣ ਬਣੀ। ਐਕਸ (ਪਹਿਲਾਂ ਟਵਿੱਟਰ) ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨੇਹਾ ਦੀਆਂ ਪੋਸਟਾਂ ਅਤੇ ਵੀਡੀਓਜ਼ ਰਾਹੀਂ ਪ੍ਰਦਰਸ਼ਨਕਾਰੀਆਂ ਦੀ ਅਗਲੀ ਰਣਨੀਤੀ ਅਤੇ ਜ਼ਮੀਨੀ ਹਾਲਾਤ ਬਾਰੇ ਤਾਜ਼ਾ ਜਾਣਕਾਰੀ ਮਿਲਦੀ ਰਹਿੰਦੀ ਹੈ, ਜਿਸ ਕਾਰਨ ਨੌਜਵਾਨ ਵਰਗ ਵਿੱਚ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਹੈ।
















