ਭਗਵੰਤ ਮਾਨ ਸਰਕਾਰ ਨੇ ਇੱਕ ਪੈਸੇ ਦਾ ਭ੍ਰਿਸ਼ਟਾਚਾਰ ਨਹੀਂ ਕੀਤਾ: ਕੇਜਰੀਵਾਲ ਦਾ ਵੱਡਾ ਦਾਅਵਾ
ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਹਰ ਬੀਜ ਉੱਗ ਪੈਂਦਾ ਹੈ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉੱਗ ਸਕਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪਠਾਨਕੋਟ; 18 ਜੁਲਾਈ 2026- ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਮੈਂ ਦੇਖ ਸਕਦਾ ਹਾਂ ਕਿ ਤੁਹਾਡੇ (ਔਰਤਾਂ) ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਬੈਂਕ ਖਾਤਿਆਂ ਵਿੱਚ 3,000 ਰੁਪਏ ਪ੍ਰਾਪਤ ਕਰਨ ਤੋਂ ਬਾਅਦ ਹੱਥ ਖੜ੍ਹੇ ਕੀਤੇ ਹਨ। ਹੁਣ ਮੈਨੂੰ ਦੇਖਣ ਦਿਓ, ਤੁਹਾਡੇ ਵਿੱਚੋਂ ਕਿੰਨੇ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਲਈ ਹੈ ਪਰ ਅਜੇ ਤੱਕ ਪੈਸੇ ਨਹੀਂ ਮਿਲੇ? ਮੇਰੇ ਕੋਲ ਤੁਹਾਡੇ ਲਈ ਇੱਕ ਖ਼ੁਸ਼ਖਬਰੀ ਹੈ। ਮੈਂ ਹੁਣੇ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰ ਰਿਹਾ ਸੀ।
ਕੇਜਰੀਵਾਲ ਨੇ ਕਿਹਾ, ਪਹਿਲੀ ਅਗਸਤ ਨੂੰ ਭਗਵੰਤ ਮਾਨ ਪਠਾਨਕੋਟ ਆਉਣਗੇ ਅਤੇ ਇਹ ਰਾਸ਼ੀ ਸਿੱਧੀ ਤੁਹਾਡੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਹਰ ਉਹ ਵਿਅਕਤੀ ਜਿਸ ਦੀ ਰਜਿਸਟ੍ਰੇਸ਼ਨ ਮੁਕੰਮਲ ਹੋ ਚੁੱਕੀ ਹੈ ਪਰ ਭੁਗਤਾਨ ਅਜੇ ਬਾਕੀ ਹੈ, ਉਸ ਨੂੰ ਵੀ 1 ਅਗਸਤ ਨੂੰ ਆਪਣੇ ਬੈਂਕ ਖਾਤੇ ਵਿੱਚ ਪੈਸੇ ਮਿਲ ਜਾਣਗੇ।”
ਕੇਜਰੀਵਾਲ ਨੇ ਕਿਹਾ, “ਗੁਰੂ ਸਾਹਿਬ ਦੀ ਕਿਰਪਾ ਹੈ ਕਿ ਸਾਨੂੰ ਭਗਵੰਤ ਮਾਨ ਵਰਗਾ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਮੈਨੂੰ ਯਾਦ ਹੈ ਕਿ ਪਿਛਲੇ ਹਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਪਹਿਲੀ ਵਾਰ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਮਿਲਿਆ ਹੈ, ਜਿਸ ‘ਤੇ ਕੋਈ ਇੱਕ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਵੀ ਨਹੀਂ ਲਗਾ ਸਕਦਾ। ਕੋਈ ਵੀ ਉਨ੍ਹਾਂ ‘ਤੇ, ਉਨ੍ਹਾਂ ਦੇ ਪਰਿਵਾਰ ਜਾਂ ਉਨ੍ਹਾਂ ਦੇ ਕਿਸੇ ਮੰਤਰੀ ‘ਤੇ ਇੱਕ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲਗਾ ਸਕਦਾ। ਇੱਕ-ਇੱਕ ਰੁਪਿਆ ਬਚਾਅ ਕੇ ਉਨ੍ਹਾਂ ਨੇ ਤੁਹਾਡੇ ਲਈ ਬਿਜਲੀ ਮੁਫ਼ਤ ਕੀਤੀ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ, ਤੁਹਾਡੇ ਲਈ ‘ਤੀਰਥ ਯਾਤਰਾਵਾਂ’ ਦਾ ਪ੍ਰਬੰਧ ਕੀਤਾ ਅਤੇ ਹੁਣ ਹਰ ਮਹੀਨੇ ਤੁਹਾਡੇ ਖਾਤਿਆਂ ਵਿੱਚ 1,000 ਰੁਪਏ ਜਮ੍ਹਾਂ ਕਰਵਾ ਰਹੇ ਹਨ।”
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਇੱਥੇ ਬੀਜਿਆ ਹਰ ਬੀਜ ਉੱਗਦਾ ਹੈ ਪਰ ਇੱਕ ਬੀਜ ਅਜਿਹਾ ਹੈ ਜੋ ਪੰਜਾਬ ਵਿੱਚ ਕਦੇ ਨਹੀਂ ਉੱਗ ਸਕਦਾ ਅਤੇ ਉਹ ਹੈ ਨਫ਼ਰਤ ਦਾ ਬੀਜ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ ਅਤੇ ਸਾਡਾ ਸਮਾਜਿਕ ਰਿਸ਼ਤਾ ਵੀ ਓਨਾ ਹੀ ਪੀਡਾ ਹੈ। ਪੰਜਾਬ ਦੇ ਤਿਉਹਾਰ ਅਤੇ ਪਰੰਪਰਾਵਾਂ ਸਭ ਦੀਆਂ ਸਾਂਝੀਆਂ ਹਨ। ਸਾਡੀ ਰਾਮ ਨੌਮੀ ਸਾਰਿਆਂ ਦੀ ਸਾਂਝੀ ਹੈ, ਸਾਡੇ ਗੁਰਪੁਰਬ ਸਾਰਿਆਂ ਦੇ ਸਾਂਝੇ ਹਨ, ਸਾਡੀ ਹਨੂਮਾਨ ਜੈਅੰਤੀ ਸਾਰਿਆਂ ਦੀ ਸਾਂਝੀ ਹੈ, ਸਾਡੀ ਈਦ ਸਾਰਿਆਂ ਦੀ ਸਾਂਝੀ ਹੈ, ਸਾਡੇ ਸ਼ਹੀਦੀ ਦਿਹਾੜੇ ਸਾਰਿਆਂ ਦੇ ਸਾਂਝੇ ਹਨ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗ਼ਦਰ ਬਾਬੇ ਅਤੇ ਲਾਲਾ ਲਾਜਪਤ ਰਾਏ ਸਾਡੇ ਸਾਰਿਆਂ ਦੇ ਹਨ। ਅਸੀਂ ਸਾਰੇ ਮਿਲਜੁਲ ਕੇ ਰਹਿੰਦੇ ਹਾਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਠਾਨਕੋਟ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਲੋਕਾਂ ਦੀ ਸੇਵਾ ਵਿੱਚ ਕਦੇ ਵੀ ਕੋਈ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਰ-ਵਾਰ ਦਾਅਵਾ ਕਰਦੀਆਂ ਸਨ ਕਿ ਖ਼ਜ਼ਾਨਾ ਖਾਲੀ ਹੈ, ਪਰ ਉਨ੍ਹਾਂ ਨੇ ਆਪਣੀ ਸਵਾ ਚਾਰ ਸਾਲਾਂ ਦੀ ਸਰਕਾਰ ਦੌਰਾਨ ਕਦੇ ਵੀ ਅਜਿਹਾ ਬਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ, “ਖ਼ਜ਼ਾਨਾ ਹਮੇਸ਼ਾ ਲੋਕਾਂ ਲਈ ਖੁੱਲ੍ਹਾ ਹੈ ਕਿਉਂਕਿ ਖ਼ਜ਼ਾਨਾ ਲੋਕਾਂ ਦਾ ਹੈ। ਚੋਰ-ਮੋਰੀਆਂ ਅਤੇ ਫ਼ਜ਼ੂਲਖ਼ਰਚੀ ਨੂੰ ਰੋਕਣਾ ਮੇਰਾ ਫਰਜ਼ ਹੈ। ਪਹਿਲਾਂ ਇਹ ਪੈਸਾ ਆਗੂਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ। ਅਸੀਂ ਉਨ੍ਹਾਂ ਲੀਕੇਜ ਨੂੰ ਬੰਦ ਕਰ ਦਿੱਤਾ ਹੈ।”
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਹਨ, ਕਰੀਬ 68,000 ਨੌਜਵਾਨ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਆਮ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਮਿਲ ਰਿਹਾ ਹੈ ਅਤੇ ‘ਮਾਵਾਂ ਧੀਆਂ ਸਤਕਾਰ ਯੋਜਨਾ’ ਤਹਿਤ ਔਰਤਾਂ ਨੂੰ ਸਨਮਾਨ ਰਾਸ਼ੀ ਵਜੋਂ 1,000 ਰੁਪਏ ਅਤੇ 1,500 ਰੁਪਏ ਮਿਲ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਪਤੀਆਂ ਇਸ ਲਈ ਅਹਿਮ ਹਨ ਕਿਉਂਕਿ ਖ਼ਜ਼ਾਨਾ, ਬਿਜਲੀ ਦੇ ਖੰਭੇ ਅਤੇ ਪਾਵਰ ਗਰਿੱਡ ਪਹਿਲਾਂ ਵੀ ਉਹੀ ਸਨ। ਉਨ੍ਹਾਂ ਕਿਹਾ, “ਅੱਜ, 90% ਘਰਾਂ ਨੂੰ ਜ਼ੀਰੋ ਬਿਜਲੀ ਦੇ ਬਿੱਲ ਆ ਰਹੇ ਹਨ।”
















