Big Breaking- AAP ਦੇ 7 ਰਾਜ ਸਭਾ ਮੈਂਬਰਾਂ ਨੇ ਮਾਰਿਆ ਪੰਜਾਬ ਦੀ ਪਿੱਠ ‘ਚ ਛੁਰਾ! ਸੰਜੇ ਸਿੰਘ ਨੇ ਭਾਜਪਾ ‘ਤੇ ਕੀਤਾ ਵੱਡਾ ਹਮਲਾ
ਨਵੀਂ ਦਿੱਲੀ/ਚੰਡੀਗੜ੍ਹ 24 ਅਪ੍ਰੈਲ 2026: AAP ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇੱਕ ਹੰਗਾਮੀ ਪ੍ਰੈੱਸ ਕਾਨਫਰੰਸ ਕੀਤੀ।
ਉਨ੍ਹਾਂ ਨੇ ਭਾਜਪਾ ‘ਤੇ ਤਿੱਖੇ ਵਾਰ ਕਰਦਿਆਂ ਇਸ ਨੂੰ ਦੇਸ਼ ਦੀ ਰਾਜਨੀਤੀ ਦਾ ਸਭ ਤੋਂ ‘ਘਟੀਆ ਅਧਿਆਏ’ ਦੱਸਿਆ।
ਸੰਜੇ ਸਿੰਘ ਨੇ ਕਿਹਾ, “ਇਹ ਕੋਈ ਸਵੈ-ਇੱਛੁਕ ਰਲੇਵਾਂ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਿੱਚ ਚਲਾਇਆ ਗਿਆ ‘ਆਪਰੇਸ਼ਨ ਲੋਟਸ’ ਹੈ।
ਭਾਜਪਾ ਨੇ ਡਰਾ-ਧਮਕਾ ਕੇ ਅਤੇ ਲਾਲਚ ਦੇ ਕੇ ਸਾਡੇ ਮੈਂਬਰਾਂ ਨੂੰ ਤੋੜਿਆ ਹੈ।”
ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤਾਂ ਮੈਂਬਰਾਂ ਨੇ ਪੰਜਾਬ ਦੇ ਫਤਵੇ ਦਾ ਅਪਮਾਨ ਕੀਤਾ ਹੈ। “ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਪੰਜਾਬੀ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਇਤਿਹਾਸ ਇਨ੍ਹਾਂ ਨੂੰ ‘ਗਦਾਰ’ ਵਜੋਂ ਯਾਦ ਰੱਖੇਗਾ।”
ਸੰਜੇ ਸਿੰਘ ਅਨੁਸਾਰ, ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਤੋਂ ਭਾਜਪਾ ਬੁਖਲਾ ਗਈ ਹੈ, ਜਿਸ ਕਾਰਨ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਚੋਣਾਂ ਜਿੱਤਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਹੁਣ ਚੁਣੇ ਹੋਏ ਨੁਮਾਇੰਦਿਆਂ ਨੂੰ ਖਰੀਦ ਕੇ ਲੋਕਤੰਤਰ ਨੂੰ ਖਤਮ ਕਰ ਰਹੀ ਹੈ।






