ਪੰਜਾਬ ‘ਚ ਵੱਡੀ ਵਾਰਦਾਤ! ਪਹਿਲੇ ਪਤੀ ਵੱਲੋਂ ਔਰਤ ਦਾ ਬੇਰਹਿਮੀ ਨਾਲ ਕਤਲ, ਪੜ੍ਹੋ ਪੂਰੀ ਖ਼ਬਰ
ਜ਼ੀਰਕਪੁਰ, 2 ਸਤੰਬਰ 2026- ਦਸ਼ਮੇਸ਼ ਨਗਰ ਵਿੱਚ ਮੰਗਲਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਰੀਬ 37 ਸਾਲਾ ਇੱਕ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕਾ ਦੀ ਪਛਾਣ ਪੂਨਮ ਵਜੋਂ ਹੋਈ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪੂਨਮ ਦਾ ਆਪਣੇ ਪਹਿਲੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸੇ ਦੌਰਾਨ ਔਰਤ ’ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਕਿਸੇ ਵਿਅਕਤੀ ਦੀ ਭੂਮਿਕਾ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਅਤੇ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।
ਪੁਲਿਸ ਅਨੁਸਾਰ ਔਰਤ ਦੇ ਸਰੀਰ ’ਤੇ ਮੁੱਢਲੀ ਜਾਂਚ ਦੌਰਾਨ ਚਾਕੂ ਦੇ ਤਿੰਨ ਤੋਂ ਚਾਰ ਵਾਰ ਕੀਤੇ ਜਾਣ ਦੇ ਨਿਸ਼ਾਨ ਮਿਲੇ ਹਨ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਮੌਕੇ ’ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਟੀਮ ਨੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਕਈ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੂਨਮ ਪਿਛਲੇ ਕਰੀਬ ਢਾਈ ਸਾਲ ਤੋਂ ਆਪਣੇ ਦੂਜੇ ਪਤੀ ਨਾਲ ਦਸ਼ਮੇਸ਼ ਨਗਰ ਵਿੱਚ ਰਹਿ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਹਿਲਾ ਪਤੀ ਵੀ ਉਸ ਨੂੰ ਫੋਨ ਕਰਦਾ ਸੀ ਅਤੇ ਸਮੇਂ-ਸਮੇਂ ’ਤੇ ਮਿਲਣ ਲਈ ਆਉਂਦਾ-ਜਾਂਦਾ ਰਹਿੰਦਾ ਸੀ। ਮੰਗਲਵਾਰ ਸਵੇਰੇ ਵੀ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋਣ ਦੀ ਗੱਲ ਮੁੱਢਲੀ ਜਾਂਚ ਵਿੱਚ ਸਾਹਮਣੇ ਆਈ ਹੈ। ਇਸ ਤੋਂ ਬਾਅਦ ਔਰਤ ’ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਵਾਰਦਾਤ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਅਤੇ ਜਾਂਚ ਅੱਗੇ ਵਧਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਅਤੇ ਵਾਰਦਾਤ ਨਾਲ ਜੁੜੀਆਂ ਸਾਰੀਆਂ ਪਰਿਸਥਿਤੀਆਂ ਦੀ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।
ਫਿਲਹਾਲ ਪੁਲਿਸ ਫਰਾਰ ਮੁਲਜ਼ਮ ਦੀ ਭਾਲ ਵਿੱਚ ਜੁਟੀ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਅਤੇ ਵਾਰਦਾਤ ਵਿੱਚ ਸ਼ਾਮਲ ਵਿਅਕਤੀ ਦੀ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਹੋਵੇਗੀ।
















