ਵੱਡੀ ਖ਼ਬਰ: ਇਟਲੀ ‘ਚ ਗੁਰਦੁਆਰੇ ਦੇ ਬਾਹਰ 2 ਪੰਜਾਬੀਆਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

 

ਵੱਡੀ ਖ਼ਬਰ: ਇਟਲੀ ‘ਚ ਗੁਰਦੁਆਰੇ ਦੇ ਬਾਹਰ 2 ਪੰਜਾਬੀਆਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

ਮੰਦਭਾਗੀ ਘਟਨਾ ਤੋਂ ਬਾਅਦ ਨਗਰ ਕੀਰਤਨ ਰੱਦ, ਸਿੱਖ ਭਾਈਚਾਰੇ ‘ਚ ਭਾਰੀ ਰੋਸ

ਰੋਮ/ਕੋਵੋ (ਇਟਲੀ) 20 ਅਪ੍ਰੈਲ, 2026

ਇਟਲੀ ਦੇ ਸ਼ਹਿਰ ਕੋਵੋ (Covo) ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਡਿਊਟੀ ‘ਤੇ ਤਾਇਨਾਤ ਦੋ ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਮਲਾਵਰਾਂ ਨੇ ਅੰਧਾਧੁੰਦ ਤਕਰੀਬਨ 10 ਰਾਊਂਡ ਫਾਇਰ ਕੀਤੇ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਮ੍ਰਿਤਕਾਂ ਦੀ ਪਛਾਣ ਰਾਜਿੰਦਰ ਸਿੰਘ (48) ਅਤੇ ਗੁਰਮੀਤ ਸਿੰਘ (48) ਵਜੋਂ ਹੋਈ ਹੈ। ਇਹ ਦੋਵੇਂ ਸੇਵਾਦਾਰ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਸਨ। ਗੋਲੀਆਂ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਰਾਤ ਜਦੋਂ ਦੋਵੇਂ ਪੰਜਾਬੀ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ (Main Gate) ‘ਤੇ ਮੌਜੂਦ ਸਨ, ਤਾਂ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਬਿਨਾਂ ਕਿਸੇ ਬਹਿਸ ਜਾਂ ਚਿਤਾਵਨੀ ਦੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ।

ਇਟਲੀ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸੰਕੇਤ ਮਿਲੇ ਹਨ ਕਿ ਹਮਲਾਵਰ ਭਾਰਤੀ ਮੂਲ ਦਾ ਹੋ ਸਕਦਾ ਹੈ। ਪੁਲਿਸ ਇਸ ਕਤਲਕਾਂਡ ਨੂੰ ਆਪਸੀ ਰੰਜਿਸ਼ ਨਾਲ ਜੋੜ ਕੇ ਦੇਖ ਰਹੀ ਹੈ। ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।

ਇਸ ਮੰਦਭਾਗੀ ਘਟਨਾ ਤੋਂ ਬਾਅਦ ਵਿਸਾਖੀ ਦੇ ਸਬੰਧ ਵਿੱਚ ਕੱਢਿਆ ਜਾਣ ਵਾਲਾ ਨਗਰ ਕੀਰਤਨ ਰੱਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਿੰਦਰ ਸਿੰਘ ਆਪਣੇ ਪਿੱਛੇ ਤਿੰਨ ਬੱਚੇ ਅਤੇ ਗੁਰਮੀਤ ਸਿੰਘ ਦੋ ਬੱਚੇ ਛੱਡ ਗਏ ਹਨ।

ਇਸ ਦੋਹਰੇ ਕਤਲਕਾਂਡ ਕਾਰਨ ਇਟਲੀ ਵਿੱਚ ਰਹਿੰਦੇ ਸਿੱਖ ਭਾਈਚਾਰੇ ਵਿੱਚ ਭਾਰੀ ਸੋਗ ਅਤੇ ਰੋਸ ਪਾਇਆ ਜਾ ਰਿਹਾ ਹੈ। ਇਟਲੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।