ਵੱਡੀ ਖ਼ਬਰ: CM ਭਗਵੰਤ ਮਾਨ ਦੀਆਂ ਵਧੀਆਂ ਮੁਸ਼ਕਲਾਂ! ਭੇਜਿਆ Defamation Notice… ਮੰਗੋ ਮਾਫ਼ੀ ਜਾਂ ਦਿਓ ਅਸਤੀਫ਼ਾ

 

 

ਵੱਡੀ ਖ਼ਬਰ: CM ਭਗਵੰਤ ਮਾਨ ਦੀਆਂ ਵਧੀਆਂ ਮੁਸ਼ਕਲਾਂ, ਭੇਜਿਆ ਮਾਣਹਾਨੀ ਨੋਟਿਸ (Defamation Notice)… ਦਿਓ ਅਸਤੀਫ਼ਾ

ਤਰੁਣ ਚੁੱਘ ਨੇ ਦਿੱਤਾ ਮਾਣਹਾਨੀ ਦਾ ਨੋਟਿਸ; 7 ਦਿਨਾਂ ‘ਚ ਮੁਆਫ਼ੀ ਨਾ ਮੰਗਣ ‘ਤੇ ਅਦਾਲਤੀ ਕਾਰਵਾਈ ਦੀ ਚੇਤਾਵਨੀ

“ਆਪਣੇ DGP ਦੇ ਬਿਆਨ ਨਾਲ ਮੇਲ ਨਹੀਂ ਖਾਂਦਾ CM ਦਾ ਦਾਅਵਾ”- ਪੰਜਾਬ ਧਮਾਕਿਆਂ ‘ਤੇ ਭਾਜਪਾ ਨੂੰ ਘੇਰਨ ‘ਤੇ ਤਰੁਣ ਚੁੱਘ ਦਾ ਤਿੱਖਾ ਪਲਟਵਾਰ

ਚੰਡੀਗੜ੍ਹ, 7 ਮਈ 2026:

ਪੰਜਾਬ ਵਿੱਚ ਹੋਏ ਹਾਲੀਆ ਬੰਬ ਧਮਾਕਿਆਂ ਨੂੰ ਲੈ ਕੇ ਸੂਬੇ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ‘ਤੇ ਲਗਾਏ ਗਏ ਵਿਵਾਦਤ ਇਲਜ਼ਾਮਾਂ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਕਾਨੂੰਨੀ ਮਾਣਹਾਨੀ ਦਾ ਨੋਟਿਸ (Defamation Notice) ਭੇਜ ਦਿੱਤਾ ਹੈ।

ਚੁੱਘ ਨੇ ਮੁੱਖ ਮੰਤਰੀ ਨੂੰ 7 ਦਿਨਾਂ ਦੇ ਅੰਦਰ ਆਪਣਾ ਬਿਆਨ ਵਾਪਸ ਲੈਣ ਅਤੇ ਜਨਤਕ ਤੌਰ ‘ਤੇ ਮੁਆਫੀ ਮੰਗਣ ਲਈ ਕਿਹਾ ਹੈ।

ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਨੇ ਬਿਨਾਂ ਕਿਸੇ ਸਬੂਤ ਦੇ ਭਾਜਪਾ ਵਰਗੀ ਲੋਕਤੰਤਰੀ ਪਾਰਟੀ ‘ਤੇ ਅੱਤਵਾਦੀ ਘਟਨਾਵਾਂ ਦੇ ਇਲਜ਼ਾਮ ਲਗਾ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਯਾਦਾ ਨੂੰ ਢਾਹ ਲਾਈ ਹੈ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਿਆਸੀ ਝੂਠ ਨਹੀਂ, ਸਗੋਂ ਕਰੋੜਾਂ ਦੇਸ਼ ਵਾਸੀਆਂ ਦੇ ਫਤਵੇ ਦੀ ਬੇਅਦਬੀ ਹੈ।

ਚੁੱਘ ਨੇ ਸਵਾਲ ਕੀਤਾ ਕਿ ਜਦੋਂ ਪੰਜਾਬ ਦੇ DGP ਖ਼ੁਦ ਇਹਨਾਂ ਧਮਾਕਿਆਂ ਪਿੱਛੇ ISI ਅਤੇ ਵਿਦੇਸ਼ੀ ਨੈੱਟਵਰਕ ਦੀ ਗੱਲ ਕਰ ਰਹੇ ਹਨ, ਤਾਂ ਮੁੱਖ ਮੰਤਰੀ ਕਿਸ ਆਧਾਰ ‘ਤੇ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ?

ਭਾਜਪਾ ਆਗੂ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਦੋਂ ਪੂਰਾ ਦੇਸ਼ ‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ‘ਤੇ ਆਪਣੀ ਬਹਾਦਰ ਫੌਜ ਦੇ ਸਾਹਸ ਦਾ ਜਸ਼ਨ ਮਨਾ ਰਿਹਾ ਹੈ, ਮੁੱਖ ਮੰਤਰੀ ਵੱਲੋਂ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਦੇਸ਼ ਵਿਰੋਧੀ ਤਾਕਤਾਂ ਨੂੰ ਸਿਆਸੀ ਕਵਰ ਦੇਣ ਵਾਂਗ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਿਆਸੀ ਲਾਭ ਲਈ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ 7 ਦਿਨਾਂ ਦੇ ਅੰਦਰ ਭਗਵੰਤ ਮਾਨ ਨੇ ਮੁਆਫੀ ਨਾ ਮੰਗੀ, ਤਾਂ ਉਨ੍ਹਾਂ ਖਿਲਾਫ ਅਪਰਾਧਿਕ ਮਾਣਹਾਨੀ (Criminal Defamation), ਝੂਠੀ ਜਾਣਕਾਰੀ ਫੈਲਾਉਣ ਅਤੇ ਜਨਤਕ ਅਸ਼ਾਂਤੀ ਭੜਕਾਉਣ ਦੀਆਂ ਧਾਰਾਵਾਂ ਤਹਿਤ ਸਿਵਲ ਅਤੇ ਅਪਰਾਧਿਕ, ਦੋਵੇਂ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਤਰੁਣ ਚੁੱਘ ਨੇ ਅਖੀਰ ਵਿੱਚ ਕਿਹਾ ਕਿ ਪੰਜਾਬ ਅੱਜ ਨਸ਼ਿਆਂ, ਗੈਂਗਸਟਰ ਨੈੱਟਵਰਕ ਅਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਆਪਣੀਆਂ ਇਹਨਾਂ ਨਾਕਾਮੀਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਭਗਵੰਤ ਮਾਨ ਡਰਾਮੇਬਾਜ਼ੀ ਕਰ ਰਹੇ ਹਨ।

ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਕੋਲ ਭਾਜਪਾ ਖਿਲਾਫ ਕੋਈ ਸਬੂਤ ਹਨ ਤਾਂ ਉਹ ਜਨਤਕ ਕਰਨ।